14 ਦਿਨਾਂ ਤੋਂ ਤਪਦੀ ਧੁੱਪ ਵਿੱਚ ਨਗਰ ਨਿਗਮ ਮੋਹਾਲੀ ਦੇ ਸਫਾਈ ਕਰਮਚਾਰੀਆਂ ਦਾ ਚੱਲ ਰਿਹਾ ਧਰਨਾ ਨਿਰੰਤਰ ਜਾਰੀ
ਅਸਲੀ ਝਾੜੂ ਵਾਲੇ ਤੱਪਦੀ ਧੁੱਪ ਵਿੱਚ ਕਰ ਰਹੇ ਆਪਣੇ ਹੱਕਾਂ ਲਈ ਪ੍ਰਦਰਸ਼ਨ, ਨਕਲੀ ਝਾੜੂ ਵਾਲੇ ਘਰ ਘਰ ਜਾ ਕੇ ਐਮਸੀ ਵੋਟਾਂ ਦਾ ਕਰ ਰਹੇ ਪ੍ਰਚਾਰ : ਪ੍ਰਧਾਨ ਕੁੰਭੜਾ
ਯੂਨੀਅਨ ਮੈਂਬਰ ਹਰ ਇੱਕ ਵਾਰਡ ਵਿੱਚ ਜਾਕੇ ਆਪ ਸਰਕਾਰ ਦਾ ਕਰਨਗੇ ਪਿੱਟ ਸਿਆਪਾ ਤੇ ਦੱਸਣਗੇ ਲੋਕਾਂ ਨੂੰ ਆਪ ਸਰਕਾਰ ਦੀ ਅਸਲੀਅਤ : ਪ੍ਰਧਾਨ ਅਜੀਤ ਸਿੰਘ
ਐਸ.ਏ.ਐਸ.ਨਗਰ 19 ਮਈ ( ਰਣਜੀਤ ਧਾਲੀਵਾਲ ) : ਨਗਰ ਨਿਗਮ ਮੋਹਾਲੀ ਦੇ ਸਫਾਈ ਕਰਮਚਾਰੀਆਂ ਵੱਲੋ ਦਿੱਤੇ ਜਾ ਰਹੇ ਧਰਨੇ ਦੇ ਅੱਜ 14 ਦਿਨ ਬੀਤ ਚੁੱਕੇ ਹਨ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਪਹੁੰਚੇ ਤੇ ਉਹਨਾਂ ਨੇ ਧਰਨਾਕਾਰੀਆਂ ਤੋਂ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਨੂੰ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੰਦੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਇਹ ਨਗਰ ਨਿਗਮ ਦੀ ਨਲਾਇਕੀ ਹੈ, ਪ੍ਰਸ਼ਾਸਨ ਦੀ ਨਲਾਇਕੀ ਹੈ ਕਿ ਇਨੀ ਧੁੱਪ ਦੇ ਵਿੱਚ ਬੈਠੇ ਇਹਨਾਂ ਲੋਕਾਂ ਦੀ ਫਰਿਆਦ ਵੀ ਨਹੀਂ ਸੁਣੀ ਜਾ ਰਹੀ। ਜਦਕਿ ਇਹਨਾਂ ਦੀ ਹਰ ਇੱਕ ਮੰਗ ਜਾਇਜ ਹੈ ਤੇ ਇਹ ਆਪਣਾ ਹੱਕ ਮੰਗ ਰਹੇ ਹਨ।
ਪ੍ਰਧਾਨ ਕੁੰਭੜਾ ਨੇ ਕਿਹਾ ਕਿ ਝਾੜੂ ਵਾਲਿਆਂ ਦੀ ਸਰਕਾਰ ਵਿੱਚ ਝਾੜੂ ਵਾਲਿਆਂ ਦਾ ਬੁਰਾ ਹਾਲ ਹੈ, ਆਮ ਲੋਕਾਂ ਦਾ ਕੀ ਕਹਿਣਾ। ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ। ਜਿਸ ਨੂੰ ਇਨੀ ਵਰਦੀ ਅੱਗ ਵਿੱਚ ਵੀ ਪ੍ਰਦਰਸ਼ਨਕਾਰੀਆਂ ਦਾ ਦੁੱਖ ਨਜ਼ਰ ਨਹੀਂ ਆ ਰਿਹਾ ਤੇ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਇਹਨਾਂ ਗਰੀਬ ਲੋਕਾਂ ਦੇ ਹੱਕਾਂ ਨੂੰ ਅਣਗੌਲਿਆ ਕਰ ਰਹੇ ਹਨ। ਇੱਕ ਪਾਸੇ ਆਪ ਦੇ ਉਮੀਦਵਾਰ ਝਾੜੂ ਦੇ ਨਾਂ ਤੇ ਵੋਟਾਂ ਮੰਗ ਰਹੇ ਹਨ ਤੇ ਦੂਸਰੇ ਪਾਸੇ ਝਾੜੂ ਵਾਲਿਆਂ ਸਫਾਈ ਕਰਮਚਾਰੀਆਂ ਦੀ ਤਰਸਯੋਗ ਹਾਲਤ ਤੇ ਇਹਨਾਂ ਨੂੰ ਕੋਈ ਤਰਸ ਨਹੀਂ ਆ ਰਿਹਾ। ਇਹ ਸਾਰੇ ਕਰੀਬ ਪਿਛਲੇ ਕਰੀਬ 20-25 ਸਾਲਾਂ ਤੋਂ ਕੱਚੇ ਮੁਲਾਜ਼ਮ 10 ਹਜ਼ਾਰ ਦੀ ਨੌਕਰੀ ਤੇ ਕੰਮ ਕਰ ਰਹੇ ਹਨ। ਜਿਸ ਨਾਲ ਉਹਨਾਂ ਦਾ ਪਰਿਵਾਰਕ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੋ ਰਿਹਾ ਹੈ। ਤੇ ਇਹ ਉੱਚ ਅਧਿਕਾਰੀ ਏਸੀ ਦਫਤਰਾਂ ਵਿੱਚ ਬੈਠੇ ਕਿਸੇ ਵੀ ਸਮੱਸਿਆ ਦਾ ਹੱਲ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮਯਾਬ ਰਹੇ ਹਨ। ਕੇਂਦਰ ਸਰਕਾਰ ਵੱਲੋਂ ਆਏ ਦਿਨ ਮਹਿੰਗਾਈ ਕਰਨ ਤੇ ਪ੍ਰਧਾਨ ਕੁੰਭੜਾ ਨੇ ਕਿਹਾ ਕਿ ਇਹ 10 ਹਜਾਰ ਤਨਖਾਹ ਲੈਣ ਵਾਲਿਆਂ ਦਾ ਪਰਿਵਾਰਕ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੋਵੇਗਾ।
ਇਸ ਮੌਕੇ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਜੀਤ ਸਿੰਘ ਨੇ ਕਿਹਾ ਕਿ ਅਸੀਂ ਸਾਥੀਆਂ ਸਮੇਤ ਨਗਰ ਨਿਗਮ ਦੇ ਕੱਲੇ ਕੱਲੇ ਵਾਰਡ ਵਿੱਚ ਜਾਕੇ ਆਪ ਸਰਕਾਰ ਦਾ ਭਾਂਡਾ ਭੰਨਾਂਗੇ ਤੇ ਦੱਸਾਂਗੇ ਕਿ ਇਹ ਝਾੜੂ ਵਾਲਿਆਂ ਦੀ ਸਰਕਾਰ ਗਰੀਬਾਂ ਦੇ ਹਿੱਤ ਵਿੱਚ ਨਹੀਂ ਹੈ। ਉਹਨਾਂ ਕਿਹਾ ਕਿ ਬਹੁਤ ਜਲਦ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਇਹਨਾਂ ਚੋਣਾਂ ਦੇ ਦਰਮਿਆਨ ਵਿਢਿਆ ਜਾਵੇਗਾ ਜਿਸ ਦਾ ਖਮਿਆਜਾ ਮੌਜੂਦਾ ਸਰਕਾਰ ਭੁਗਤਣ ਲਈ ਤਿਆਰ ਰਹੇ। ਇਸ ਮੌਕੇ ਪਰਵਿੰਦਰ ਸਿੰਘ ਜਨਰਲ ਸੈਕਟਰੀ, ਖ਼ਜ਼ਾਨਚੀ ਦਰਸ਼ਨ ਸਿੰਘ, ਚੇਅਰਮੈਨ ਰਾਜਪਾਲ, ਸਲਾਹਕਾਰ ਬੂਟਾ ਸਿੰਘ, ਅੰਸਲ, ਲਖਵਿੰਦਰ ਸਿੰਘ, ਭੁਪਿੰਦਰ ਸਿੰਘ, ਮੈਂਰੀਮੁਤੂ, ਰਾਹੁਲ, ਨਿਤਿਨ, ਤੁਸ਼ਾਰ, ਤੇਜਪਾਲ, ਜਤਿੰਦਰ ਸਿੰਘ, ਗੁਰਪਿੰਦਰ ਸਿੰਘ, ਜਗਦੀਪ ਸਿੰਘ ਆਦਿ ਹਾਜ਼ਰ ਹੋਏ।

Comments
Post a Comment