ਪਟਿਆਲਾ ਵਿੱਚ 6 ਅਤੇ 7 ਜੂਨ ਨੂੰ ਸਜੇਗੀ ਸੰਗੀਤ ਅਤੇ ਨ੍ਰਿਤ ਦੀ ਸੁਰਮਈ ਸ਼ਾਮ ‘ਰਿਦਮੀਆ’
ਪਟਿਆਲਾ 30 ਮਈ ( ਪੀ ਡੀ ਐਲ ) : ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲੇ ਅਧੀਨ ਕਾਰਜਰਤ ਨਾਰਥ ਜ਼ੋਨ ਕਲਚਰਲ ਸੈਂਟਰ ਵੱਲੋਂ 6 ਅਤੇ 7 ਜੂਨ 2026 ਨੂੰ ਸ਼ਾਮ 6:30 ਵਜੇ ਕਾਲਿਦਾਸ ਆਡੀਟੋਰੀਅਮ ਵਿੱਚ ਦੋ ਰੋਜ਼ਾ ਸੱਭਿਆਚਾਰਕ ਉਤਸਵ ‘ਰਿਦਮੀਆ – ਸੰਗੀਤ ਅਤੇ ਨ੍ਰਿਤ ਦੀ ਲੈ’ ਦਾ ਆਯੋਜਨ ਕੀਤਾ ਜਾਵੇਗਾ। ਇਸ ਵਿਸ਼ੇਸ਼ ਸਮਾਗਮ ਵਿੱਚ ਦੇਸ਼ ਦੇ ਨਾਮਵਰ ਸੰਗੀਤਕਾਰ ਅਤੇ ਨ੍ਰਿਤ ਕਲਾਕਾਰ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰਨਗੇ। 6 ਜੂਨ ਨੂੰ ਪ੍ਰਸਿੱਧ ਸੁਰਬਹਾਰ ਵਾਦਕ ਡਾ. ਅਸ਼ਵਿਨ ਐੱਮ. ਦਲਵੀ ਸ਼ਾਸਤਰੀ ਸੰਗੀਤ ਦੀ ਪੇਸ਼ਕਾਰੀ ਕਰਨਗੇ, ਜਦਕਿ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਕੋਰੀਓਗ੍ਰਾਫਰ ਸੰਤੋਸ਼ ਨਾਇਰ ਆਪਣੀ ਚਰਚਿਤ ਨ੍ਰਿਤ-ਨਾਟਿਕਾ ‘ਪਾਸਿਆਂ ਦੀ ਖੇਡ’ ਪੇਸ਼ ਕਰਨਗੇ।
7 ਜੂਨ ਨੂੰ ਉੱਘੇ ਸ਼ਾਸਤਰੀ ਸੰਗੀਤਕਾਰ ਪੰਡਿਤ ਸੁਭਾਸ਼ ਘੋਸ਼ ਆਪਣੀ ਸੰਗੀਤਕ ਪੇਸ਼ਕਾਰੀ ਦੇਣਗੇ ਅਤੇ ਪ੍ਰਸਿੱਧ ਕਥਕ ਨ੍ਰਿਤਿਆਂਗਨਾ ਡਾ. ਸਮੀਰਾ ਕੋਸਰ ਕਥਕ ਨ੍ਰਿਤ ਦੀ ਮਨਮੋਹਕ ਪੇਸ਼ਕਾਰੀ ਨਾਲ ਸਮਾਗਮ ਨੂੰ ਯਾਦਗਾਰ ਬਣਾਉਣਗੇ। ਨਾਰਥ ਜ਼ੋਨ ਕਲਚਰਲ ਸੈਂਟਰ ਦੇ ਨਿਰਦੇਸ਼ਕ ਫੁਰਕਾਨ ਖ਼ਾਨ ਅਨੁਸਾਰ, ‘ਰਿਦਮੀਆ’ ਦਾ ਉਦੇਸ਼ ਭਾਰਤੀ ਸ਼ਾਸਤਰੀ ਸੰਗੀਤ ਅਤੇ ਨ੍ਰਿਤ ਦੀ ਸਮ੍ਰਿੱਧ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਅਤੇ ਕਲਾ ਪ੍ਰੇਮੀਆਂ ਨੂੰ ਉੱਚ ਪੱਧਰੀ ਸੱਭਿਆਚਾਰਕ ਅਨੁਭਵ ਪ੍ਰਦਾਨ ਕਰਨਾ ਹੈ। ਸਮਾਗਮ ਵਿੱਚ ਦਾਖਲਾ ਮੁਫ਼ਤ ਰਹੇਗਾ ਅਤੇ ਸੰਗੀਤ ਤੇ ਨ੍ਰਿਤ ਪ੍ਰੇਮੀਆਂ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ।

Comments
Post a Comment