ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਖੋਜ, ਨਵੀਨਤਾ ਅਤੇ ਖੇਤਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਉਦਯੋਗ-ਅਕਾਦਮਿਕ ਸੰਵਾਦ ਸੈਸ਼ਨ ਆਯੋਜਿਤ
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਖੋਜ, ਨਵੀਨਤਾ ਅਤੇ ਖੇਤਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਉਦਯੋਗ-ਅਕਾਦਮਿਕ ਸੰਵਾਦ ਸੈਸ਼ਨ ਆਯੋਜਿਤ
ਐਨਏਬੀਐਲ ਮਾਨਤਾ ਪ੍ਰਾਪਤ ਫੂਡ ਟੈਸਟਿੰਗ ਲੈਬ ਦੀ ਸਥਾਪਨਾ ਲਈ ਉਦਯੋਗਿਕ ਸੰਸਥਾਵਾਂ ਵੱਲੋਂ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦਾ ਸਨਮਾਨ; ਉਦਯੋਗ ਅਤੇ ਸਮਾਜ ਲਈ ਨਵੀਨਤਾ-ਆਧਾਰਿਤ ਹੱਲਾਂ ਬਾਰੇ ਹੋਈ ਚਰਚਾ
ਬਠਿੰਡਾ 30 ਮਈ ( ਪੀ ਡੀ ਐਲ ) : ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ), ਬਠਿੰਡਾ ਵਿਖੇ ਸ਼ੁਕਰਵਾਰ ਨੂੰ ਲਘੂ ਉਦਯੋਗ ਭਾਰਤੀ, ਬਠਿੰਡਾ ਅਤੇ ਰਾਈਸ ਮਿਲਰਜ਼ ਐਸੋਸੀਏਸ਼ਨ, ਬਠਿੰਡਾ ਦੇ ਨੁਮਾਇੰਦਿਆਂ ਨਾਲ ਇੱਕ ਮਹੱਤਵਪੂਰਨ ਸੰਵਾਦ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਮੀਟਿੰਗ ਦਾ ਉਦੇਸ਼ ਖੋਜ, ਨਵੀਨਤਾ ਅਤੇ ਤਕਨਾਲੋਜੀ-ਆਧਾਰਿਤ ਹੱਲਾਂ ਰਾਹੀਂ ਉਦਯੋਗਿਕ ਚੁਣੌਤੀਆਂ ਦਾ ਹੱਲ ਲੱਭਣ ਲਈ ਸਾਂਝੀਆਂ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨਾ ਸੀ। ਮੀਟਿੰਗ ਦੌਰਾਨ ਉਦਯੋਗਿਕ ਨੁਮਾਇੰਦਿਆਂ ਨੇ ਯੂਨੀਵਰਸਿਟੀ ਵਿੱਚ ਐਨਏਬੀਐਲ ਮਾਨਤਾ ਪ੍ਰਾਪਤ ਫੂਡ ਟੈਸਟਿੰਗ ਲੈਬ ਦੀ ਸਥਾਪਨਾ ਲਈ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦਾ ਸਨਮਾਨ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਅਤਿ-ਆਧੁਨਿਕ ਟੈਸਟਿੰਗ ਸਹੂਲਤ ਸਥਾਨਕ ਉਦਯੋਗਾਂ, ਖ਼ਾਸ ਕਰਕੇ ਖਾਦ ਪ੍ਰੋਸੈਸਿੰਗ ਉਦਯੋਗ ਨੂੰ ਉੱਚ ਗੁਣਵੱਤਾ ਅਤੇ ਪ੍ਰਮਾਣਿਤ ਟੈਸਟਿੰਗ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਉਦਯੋਗਿਕ ਨੁਮਾਇੰਦਿਆਂ ਨੇ ਯੂਨੀਵਰਸਿਟੀ ਨੂੰ ਝੋਨੇ ਦੀ ਭੂਸੀ (ਰਾਈਸ ਹਸਕ) ਦੀ ਵਰਤੋਂ ਰਾਹੀਂ ਟਿਕਾਊ ਅਤੇ ਮੁੱਲ-ਵਰਧਿਤ ਉਤਪਾਦ ਵਿਕਸਿਤ ਕਰਨ ਲਈ ਖੋਜ-ਆਧਾਰਿਤ ਹੱਲ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਕੂਲ ਆਫ ਬੇਸਿਕ ਐਂਡ ਐਪਲਾਈਡ ਸਾਇੰਸਜ਼ ਦੇ ਅਧਿਆਪਕਾਂ ਨੂੰ ਉਦਯੋਗਿਕ ਲੋੜਾਂ ਅਨੁਸਾਰ ਘੱਟ ਲਾਗਤ ਵਾਲੇ ਕੰਪੈਕਟ ਟ੍ਰਾਂਸਮੀਟਰ ਦੇ ਡਿਜ਼ਾਇਨ ਅਤੇ ਟੈਕਨਾਲੋਜੀ ਵਿਕਾਸ ਲਈ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ। ਉਦਯੋਗਿਕ ਨੁਮਾਇੰਦਿਆਂ ਦੀ ਟੀਮ ਨੇ ਬਠਿੰਡਾ ਸਥਿਤ ਕੂੜਾ ਨਿਪਟਾਰਾ ਸਥਾਨ ਦੇ ਆਲੇ-ਦੁਆਲੇ ਹਵਾ ਪ੍ਰਦੂਸ਼ਣ ਦੇ ਪੱਧਰਾਂ ਸਬੰਧੀ ਵਿਗਿਆਨਕ ਅੰਕੜੇ ਸਾਂਝੇ ਕਰਨ ਦੀ ਵੀ ਬੇਨਤੀ ਕੀਤੀ, ਤਾਂ ਜੋ ਵਾਤਾਵਰਣ ਪ੍ਰਬੰਧਨ ਅਤੇ ਸਬੂਤ-ਆਧਾਰਿਤ ਫ਼ੈਸਲੇ ਲੈਣ ਵਿੱਚ ਮਦਦ ਮਿਲ ਸਕੇ।
ਇਨ੍ਹਾਂ ਸੁਝਾਵਾਂ ਦਾ ਸਕਾਰਾਤਮਕ ਜਵਾਬ ਦਿੰਦਿਆਂ ਪ੍ਰੋ. ਤਿਵਾਰੀ ਨੇ ਸਬੰਧਤ ਅਧਿਆਪਕਾਂ ਨੂੰ ਸਥਾਨਕ ਉਦਯੋਗਿਕ ਅਤੇ ਵਾਤਾਵਰਣਕ ਚੁਣੌਤੀਆਂ 'ਤੇ ਕੇਂਦਰਿਤ "ਲੈਂਡ-ਟੂ-ਲੈਬ" ਮਾਡਲ ਅਧਾਰਿਤ ਖੋਜ ਨੂੰ ਉਤਸ਼ਾਹਿਤ ਕਰਨ ਦੀ ਜ਼ਿੰਮੇਵਾਰੀ ਸੌਂਪੀ। ਉਨ੍ਹਾਂ ਖੋਜਕਰਤਾਵਾਂ ਨੂੰ ਅਜਿਹੇ ਨਵੀਨਤਾਕਾਰੀ, ਕਿਫ਼ਾਇਤੀ ਅਤੇ ਵਿਹਾਰਕ ਹੱਲ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ, ਜੋ ਸਿੱਧੇ ਤੌਰ 'ਤੇ ਉਦਯੋਗ ਅਤੇ ਸਮਾਜ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਹਿੱਤਾਂ ਦੀ ਪੂਰਤੀ ਵੀ ਕਰ ਸਕਣ। ਇਸ ਮੌਕੇ ਪ੍ਰੋ. ਆਰ. ਕੇ. ਵੁਸਿਰਿਕਾ, ਡਾਇਰੈਕਟਰ ਫੂਡ ਟੈਸਟਿੰਗ ਲੈਬ ਅਤੇ ਡੀਨ ਇੰਚਾਰਜ ਅਕਾਦਮਿਕ; ਪ੍ਰੋ. ਅੰਜਨਾ ਮੁੰਸ਼ੀ, ਡਾਇਰੈਕਟਰ, ਖੋਜ ਅਤੇ ਵਿਕਾਸ; ਪ੍ਰੋ. ਮੋਨੀਸ਼ਾ ਧੀਮਾਨ, ਡਾਇਰੈਕਟਰ, ਆਈਕਿਊਏਸੀ; ਪ੍ਰੋ. ਵਿਨੋਦ ਪਠਾਨੀਆ, ਟ੍ਰੇਨਿੰਗ ਅਤੇ ਪਲੇਸਮੈਂਟ ਅਫ਼ਸਰ; ਪ੍ਰੋ. ਰਾਜ ਕੁਮਾਰ, ਇੰਚਾਰਜ, ਸੀਆਈਐਲ, ਸਮੇਤ ਯੂਨੀਵਰਸਿਟੀ ਦੇ ਹੋਰ ਅਧਿਆਪਕ ਅਤੇ ਅਧਿਕਾਰੀ ਵੀ ਹਾਜ਼ਰ ਸਨ।ਇਹ ਸੰਵਾਦ ਸੈਸ਼ਨ ਟਿਕਾਊ ਵਿਕਾਸ, ਤਕਨੀਕੀ ਨਵੀਨਤਾ ਅਤੇ ਖੇਤਰੀ ਤਰੱਕੀ ਲਈ ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਦਰਮਿਆਨ ਮਜ਼ਬੂਤ ਭਾਈਵਾਲੀ ਸਥਾਪਿਤ ਕਰਨ ਦੀ ਸਾਂਝੀ ਵਚਨਬੱਧਤਾ ਨਾਲ ਸੰਪੰਨ ਹੋਇਆ।
Comments
Post a Comment