ਐਨਐਮਐਚਐਸ-2 ਤਹਿਤ ਜੀਐਮਸੀਐਚ-32 ਵਿੱਚ ਮੈਂਟਲ ਹੈਲਥ ਸਿਸਟਮ ਐੱਸਐਸਮੈਂਟ ਸਹਿਮਤੀ ਮੀਟਿੰਗ ਦਾ ਆਯੋਜਨ
ਚੰਡੀਗੜ੍ਹ 10 ਜੂਨ ( ਰਣਜੀਤ ਧਾਲੀਵਾਲ ) : ਗਵਰਨਮੈਂਟ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ), ਸੈਕਟਰ-32, ਚੰਡੀਗੜ੍ਹ ਦੇ ਕਮਿਊਨਿਟੀ ਮੈਡੀਸਨ ਵਿਭਾਗ ਅਤੇ ਮਨੋਚਿਕਿਤਸਾ ਵਿਭਾਗ ਵੱਲੋਂ ਰਾਸ਼ਟਰੀ ਮਾਨਸਿਕ ਸਿਹਤ ਸਰਵੇਖਣ-2 (ਐਨਐਮਐਚਐਸ-2) ਤਹਿਤ ਮੈਂਟਲ ਹੈਲਥ ਸਿਸਟਮ ਐੱਸਐਸਮੈਂਟ (ਐਮਐਚਐਸਏ) ਸਹਿਮਤੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਅਤੇ ਦੀਪ ਪ੍ਰਜਵਲਨ ਨਾਲ ਹੋਈ। ਕਮਿਊਨਿਟੀ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਡਾ. ਦਿਨੇਸ਼ ਕੁਮਾਰ ਵਾਲੀਆ ਨੇ ਸਾਰੇ ਮਾਣਯੋਗ ਮਹਿਮਾਨਾਂ ਅਤੇ ਹਿੱਸੇਦਾਰਾਂ ਦਾ ਸਵਾਗਤ ਕੀਤਾ। ਜੀਐਮਸੀਐਚ-32 ਦੀ ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਰਵਨੀਤ ਕੌਰ ਨੇ ਮਾਨਸਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਲਈ ਸਬੂਤ-ਅਧਾਰਿਤ ਯੋਜਨਾਬੰਦੀ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਅਤੇ ਐਨਐਮਐਚਐਸ-2 ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਪ੍ਰੋਗਰਾਮ ਵਿੱਚ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ, ਚੰਡੀਗੜ੍ਹ ਦੇ ਮੁੱਖ ਨਿਆਂਇਕ ਮੈਜਿਸਟ੍ਰੇਟ-ਕਮ-ਸਕੱਤਰ ਸੁਨੀਲ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਮਾਨਸਿਕ ਸਿਹਤ ਨੂੰ ਸਮੁੱਚੀ ਸਿਹਤ ਦਾ ਅਟੁੱਟ ਹਿੱਸਾ ਦੱਸਦਿਆਂ ਮਾਨਸਿਕ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਕਮਿਊਨਿਟੀ ਮੈਡੀਸਨ ਵਿਭਾਗ ਦੀ ਮੁਖੀ ਡਾ. ਸੋਨੀਆ ਪੁਰੀ ਅਤੇ ਮਨੋਚਿਕਿਤਸਾ ਵਿਭਾਗ ਦੀ ਪ੍ਰੋ. ਪ੍ਰੀਤੀ ਅਰੁਣ ਨੇ ਐਨਐਮਐਚਐਸ-2 ਅਤੇ ਮਾਨਸਿਕ ਸਿਹਤ ਪ੍ਰਣਾਲੀ ਮੁਲਾਂਕਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਐਨਐਮਐਚਐਸ-2 ਭਾਰਤ ਦੇ ਸਾਰੇ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕਰੇਗਾ ਅਤੇ ਆਈਸੀਡੀ-11 ਦੇ ਆਧਾਰ ’ਤੇ ਮਾਨਸਿਕ ਰੋਗਾਂ ਦੀ ਵਿਆਪਕਤਾ, ਇਲਾਜ ਵਿੱਚ ਮੌਜੂਦ ਅੰਤਰ, ਇਲਾਜ ਤੱਕ ਪਹੁੰਚ ਦੇ ਮਾਰਗਾਂ, ਮਾਨਸਿਕ ਸਿਹਤ ਸੇਵਾਵਾਂ ਦੀ ਉਪਲਬਧਤਾ ਅਤੇ ਰਾਜ ਪੱਧਰੀ ਕਾਰਜ ਯੋਜਨਾਵਾਂ ਦਾ ਮੁਲਾਂਕਣ ਕਰੇਗਾ।ਮੀਟਿੰਗ ਦੌਰਾਨ ਰਾਸ਼ਟਰੀ ਮਾਨਸਿਕ ਸਿਹਤ ਸਰਵੇਖਣ-1 (2015-16) ਦੀਆਂ ਪ੍ਰਾਪਤੀਆਂ ਬਾਰੇ ਵੀ ਚਰਚਾ ਕੀਤੀ ਗਈ, ਜਿਸ ਤਹਿਤ ਮਾਨਸਿਕ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਸੰਬੰਧਿਤ ਬਿਮਾਰੀਆਂ ਦੀ ਵਿਆਪਕਤਾ, ਇਲਾਜ ਵਿੱਚ ਅੰਤਰ, ਸਿਹਤ ਸੇਵਾਵਾਂ ਦੀ ਵਰਤੋਂ ਅਤੇ ਮਾਨਸਿਕ ਸਿਹਤ ਸੇਵਾਵਾਂ ਦੀ ਸਥਿਤੀ ਦਾ ਮੁਲਾਂਕਣ ਕੀਤਾ ਗਿਆ ਸੀ। ਦੱਸਿਆ ਗਿਆ ਕਿ ਐਨਐਮਐਚਐਸ-2 ਇਸ ਕੰਮ ਨੂੰ ਹੋਰ ਵਿਆਪਕ ਪੱਧਰ ’ਤੇ ਅੱਗੇ ਵਧਾਏਗਾ।
ਭਾਗੀਦਾਰਾਂ ਨੂੰ ਵਿਸ਼ਵ ਪੱਧਰੀ ਮਾਨਸਿਕ ਸਿਹਤ ਸਥਿਤੀ ਬਾਰੇ ਵੀ ਜਾਣੂ ਕਰਵਾਇਆ ਗਿਆ।
ਮੀਟਿੰਗ ਵਿੱਚ ਚੰਡੀਗੜ੍ਹ ਵਿੱਚ ਉਪਲਬਧ ਮਾਨਸਿਕ ਸਿਹਤ ਸਹੂਲਤਾਂ, ਮਾਹਿਰ ਕਰਮਚਾਰੀਆਂ ਦੀ ਉਪਲਬਧਤਾ, ਸਿਖਲਾਈ ਪ੍ਰੋਗਰਾਮਾਂ, ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ, ਨਿਗਰਾਨੀ ਪ੍ਰਣਾਲੀ ਅਤੇ ਪ੍ਰਾਇਮਰੀ ਸਿਹਤ ਸੇਵਾਵਾਂ ਵਿੱਚ ਮਾਨਸਿਕ ਸਿਹਤ ਨੂੰ ਸ਼ਾਮਲ ਕਰਨ, ਮੋਬਾਈਲ ਮਾਨਸਿਕ ਸਿਹਤ ਸੇਵਾਵਾਂ, ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮਾਂ ਅਤੇ ਮਾਨਸਿਕ ਸਿਹਤ ਕਾਨੂੰਨਾਂ ਦੇ ਲਾਗੂਕਰਨ ਵਰਗੇ ਯਤਨਾਂ ਦੀ ਸਮੀਖਿਆ ਕੀਤੀ ਗਈ। ਨਿਮਹਾਂਸ (NIMHANS) ਤੋਂ ਡਾ. ਗਿਰੀਸ਼ ਰਾਓ ਨੇ ਵਰਚੁਅਲ ਮਾਧਿਅਮ ਰਾਹੀਂ ਮੀਟਿੰਗ ਵਿੱਚ ਭਾਗ ਲਿਆ ਅਤੇ ਚੰਡੀਗੜ੍ਹ ਟੀਮ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।

Comments
Post a Comment