ਆਈਸੀਆਈ ਨੋਇਡਾ ਬਣਿਆ 14ਵੀਂ ਨਾਰਥ ਇੰਡੀਆ ਪੈਟਿਸਰੀ ਮੁਕਾਬਲਾ 2026 ਦਾ ਓਵਰਆਲ ਚੈਂਪੀਅਨ
ਵਿਵੇਕ ਅਤਰੇ ਨੇ ਜੇਤੂ ਟੀਮਾਂ ਨੂੰ ਕੀਤਾ ਸਨਮਾਨਿਤ
ਚੰਡੀਗੜ੍ਹ 12 ਫਰਵਰੀ ( ਰਣਜੀਤ ਧਾਲੀਵਾਲ ) : ਸੈਕਟਰ-42 ਸਥਿਤ ਚੰਡੀਗੜ੍ਹ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ (ਸੀ ਆਈ ਐਚ ਐਮ) ਵਿੱਚ ਕਰਵਾਏ ਗਏ ਤਿੰਨ ਦਿਨਾਂ 14ਵੇਂ ਨਾਰਥ ਇੰਡੀਆ ਪੈਟਿਸਰੀ ਮੁਕਾਬਲੇ 2026 ਦਾ ਸ਼ਾਨਦਾਰ ਸਮਾਪਨ ਹੋਇਆ। ਇਸ ਮੁਕਾਬਲੇ ਵਿੱਚ ਇੰਡਿਅਨ ਕਲਿਨਰੀ ਇੰਸਟੀਚਿਊਟ (ਆਈਸੀਆਈ) ਨੋਇਡਾ ਨੂੰ ਓਵਰਆਲ ਚੈਂਪੀਅਨ ਘੋਸ਼ਿਤ ਕੀਤਾ ਗਿਆ। ਸੀ ਆਈ ਐਚ ਐਮ ਵੱਲੋਂ ਯੂਐਸ ਹਾਈਬੁਸ਼ ਬਲੂਬੈਰੀ ਕੌਂਸਲ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮੁਕਾਬਲੇ ਵਿੱਚ ਉੱਤਰੀ ਭਾਰਤ ਦੇ ਸੱਤ ਰਾਜਾਂ ਦੇ ਹੋਟਲ ਮੈਨੇਜਮੈਂਟ ਸੰਸਥਾਨਾਂ ਦੀਆਂ 17 ਟੀਮਾਂ ਨੇ ਹਿੱਸਾ ਲਿਆ। ਇਸ ਮੁਕਾਬਲੇ ਦੀ ਖ਼ਾਸ ਵਿਸ਼ੇਸ਼ਤਾ ਇਹ ਰਹੀ ਕਿ ਹਰ ਸ਼੍ਰੇਣੀ ਵਿੱਚ ਯੂਐਸਏ ਬਲੂਬੈਰੀ ਦੀ ਲਾਜ਼ਮੀ ਵਰਤੋਂ ਕੀਤੀ ਗਈ।
ਸਮਾਪਨ ਅਤੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੂਰਵ ਆਈਏਐਸ ਅਧਿਕਾਰੀ ਅਤੇ ਪ੍ਰਸਿੱਧ ਮੋਟੀਵੇਸ਼ਨਲ ਸਪੀਕਰ ਵਿਵੇਕ ਅਤਰੇ ਸ਼ਾਮਲ ਹੋਏ। ਉਨ੍ਹਾਂ ਨੇ ਸੀ ਆਈ ਐਚ ਐਮ ਦੇ ਪ੍ਰਿੰਸੀਪਲ ਵਿਸ਼ਾਲ ਕਾਲੀਆ ਦੀ ਹਾਜ਼ਰੀ ਵਿੱਚ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਨੌਜਵਾਨ ਸ਼ੈਫ਼ਾਂ ਦੇ ਜਜ਼ਬੇ, ਅਨੁਸ਼ਾਸਨ ਅਤੇ ਉੱਤਮਤਾ ਪ੍ਰਤੀ ਸਮਰਪਣ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਉੱਚ ਪੇਸ਼ੇਵਰ ਮਾਪਦੰਡ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ।ਓਵਰਆਲ ਚੈਂਪੀਅਨਸ਼ਿਪ ਵਿੱਚ ਆਈਸੀਆਈ ਨੋਇਡਾ ਨੇ ਟਰਾਫੀ ਆਪਣੇ ਨਾਮ ਕੀਤੀ, ਜਦਕਿ ਆਈਐਚਐਮ ਪੂਸਾ ਦੂਜੇ ਅਤੇ ਆਈਐਚਐਮ ਸ਼ਿਮਲਾ ਤੀਜੇ ਸਥਾਨ ‘ਤੇ ਰਹੇ। ਮੁਕਾਬਲੇ ਦੇ ਜੱਜ ਪੈਨਲ ਵਿੱਚ ਸ਼ੈਫ਼ ਆਸ਼ੀਅਨ ਟੋਪਨੋ (ਰੀਜਨਲ ਹੈੱਡ – ਪਿਲਸਬਰੀ ਇੰਡੀਆ), ਸ਼ੈਫ਼ ਗੁਰੂ ਪ੍ਰਕਾਸ਼ ਸਿੰਘ (ਲੀਡ ਸ਼ੈਫ਼ ਅਤੇ ਬੇਕਰੀ ਐਪਲੀਕੇਸ਼ਨ ਸਪੈਸ਼ਲਿਸਟ), ਸ਼ੈਫ਼ ਸਤਿਆ ਪ੍ਰਕਾਸ਼ (ਏਗਜ਼ਿਕਿਊਟਿਵ ਸ਼ੈਫ਼, ਹੋਲੀਡੇ ਇਨ ਚੰਡੀਗੜ੍ਹ – ਆਈਐਚਜੀ) ਅਤੇ ਸ਼ੈਫ਼ ਸੰਦੀਪ ਕਨੌਜੀਆ (ਪੇਸਟਰੀ ਸ਼ੈਫ਼, ਹਯਾਤ ਰੀਜੈਂਸੀ ਚੰਡੀਗੜ੍ਹ) ਸ਼ਾਮਲ ਸਨ।

Comments
Post a Comment