ਅਪਰੇਸ਼ਨ ‘ਸ਼ੇਰ ਦੀ ਦਹਾੜ’ ਨਾਂ ਤੋਂ ਹੰਕਾਰੀ ਪ੍ਰਵਿਰਤੀ ਜੱਗ ਜਾਹਰ ਹੁੰਦੀ ਹੈ : ਕਾ: ਸੇਖੋਂ
ਈਰਾਨ ਤੇ ਕੀਤੇ ਅਮਰੀਕਾ ਇਜਰਾਈਲ ਹਮਲੇ ਬਾਰੇ ਭਾਰਤ ਸਥਿਤੀ ਸਪਸ਼ਟ ਕਰੇ
ਬਠਿੰਡਾ/ਚੰਡੀਗੜ੍ਹ 1 ਮਾਰਚ ( ਰਣਜੀਤ ਧਾਲੀਵਾਲ ) : ਅਮਰੀਕਾ ਅਤੇ ਇਜਰਾਈਲ ਵੱਲੋਂ ਈਰਾਨ ਤੇ ਕੀਤਾ ਹਮਲਾ ਦੁਨੀਆਂ ਦੇ ਵਿਨਾਸ ਵੱਲ ਵਧਾਇਆ ਕਦਮ ਹੈ। ਅਮਰੀਕਾ ਤੇ ਈਰਾਨ ਦੌਰਾਨ ਪ੍ਰਮਾਣੂ ਸਮਝੌਤੇ ਦੀ ਗੱਲਬਾਤ ਦੇ ਚਲਦਿਆਂ ਅਜਿਹਾ ਹਮਲਾ ਕਰਨ ਵਿੱਚੋਂ ਹੰਕਾਰ ਦੀ ਬੋਅ ਆਉਂਦੀ ਹੈ ਅਤੇ ਇਸ ਅਪਰੇਸ਼ਨ ਦੇ ਨਾਂ ‘ਅਪਰੇਸ਼ਨ ਲਾਇਨਜ ਰੋਰ’ ਭਾਵ ਸ਼ੇਰ ਦੀ ਦਹਾੜ ਨੇ ਹੀ ਹੰਕਾਰੀ ਪ੍ਰਵਿਰਤੀ ਜੱਗ ਜਾਹਰ ਕੀਤੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਤੁਰੰਤ ਜੰਗਬੰਦੀ ਕਰਕੇ ਕੌਮਾਂਤਰੀ ਝਗੜਿਆਂ ਦਾ ਗੱਲਬਾਤ ਰਾਹੀਂ ਹੱਲ ਕੱਢਣਾ ਚਾਹੀਦਾ ਹੈ।
ਕਾ: ਸੇਖੋਂ ਨੇ ਕਿਹਾ ਕਿ ਜੰਗ ਕਿਤੇ ਵੀ ਲੜੀ ਜਾਵੇ, ਉਸਦਾ ਦੁੱਖ ਸਮੁੱਚੀ ਮਨੁੱਖਤਾ ਨੂੰ ਹੰਢਾਉਣਾ ਪੈਂਦਾ ਹੈ। ਅਮਰੀਕਾ ਇਜਰਾਈਲ ਦੀ ਇਸ ਧੱੰਕੇਸ਼ਾਹੀ ਵਾਲੀ ਕਾਰਵਾਈ ਨਾਲ ਸੰਸਾਰ ਦੀ ਅਰਥ ਵਿਵਸਥਾ ਤੇ ਬੁਰਾ ਪ੍ਰਭਾਵ ਪਵੇਗਾ। ਉਹਨਾਂ ਕਿਹਾ ਕਿ ਅਮਰੀਕਾ ਨੇ ਕੁੱਝ ਮਹੀਨੇ ਪਹਿਲਾਂ ਭਾਰਤ ਪਾਕਿਸਤਾਨ ਦਰਮਿਆਨ ਹੋਏ ਮਿਜ਼ਾਇਲੀ ਹਮਲਿਆਂ ਦੌਰਾਨ ਵੀ ਬੇਲੋੜੀ ਦਖ਼ਲ ਅੰਦਾਜ਼ੀ ਕੀਤੀ, ਵੈਨਜ਼ੁਏਲਾ ਵਿੱਚ ਵੀ ਸਰੇਆਮ ਧੱਕਾ ਕੀਤਾ ਗਿਆ, ਕਿਊਬਾ ਨੂੰ ਧਮਕੀਆਂ ਦਿੱਤੀਆਂ ਗਈਆਂ, ਹੁਣ ਇਜਰਾਈਲ ਨਾਲ ਰਲ ਕੇ ਈਰਾਨ ਤੇ ਹਮਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਕਾਰਵਾਈਆਂ ਅੰਤਰ ਰਾਸ਼ਟਰੀ ਕਾਨੂੰਨ ਦੀ ਉਲੰਘਣਾ ਹਨ ਅਤੇ ਸੰਯੁਕਤ ਰਾਸ਼ਟਰ ਦੇ ਸਿਧਾਤਾਂ ਦੇ ਵਿਰੁੱਧ ਹਨ।
ਸੂਬਾ ਸਕੱਤਰ ਨੇ ਕਿਹਾ ਕਿ ਇਸ ਅਪਰੇਸ਼ਨ ਦਾ ਨਾਂ ਸ਼ੇਰ ਦੀ ਦਹਾੜ ਰੱਖ ਕੇ ਸਮੁੱਚੀ ਦੁਨੀਆਂ ਨੂੰ ਡਰਾਉਣ ਦਾ ਯਤਨ ਕੀਤਾ ਹੈ, ਜਿਸ ਚੋਂ ਹੰਕਾਰ ਝਲਕਦਾ ਹੈ। ਉਹਨਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਕੁੱਝ ਸਮਾਂ ਪਹਿਲਾਂ ਅਮਰੀਕਾ ਨਾਲ ਲੋਕ ਵਿਰੋਧੀ ਸਮਝੌਤਾ ਕਰਕੇ ਉਸ ਨਾਲ ਨੇੜਤਾ ਪ੍ਰਗਟ ਕੀਤੀ ਸੀ ਅਤੇ ਉਸਤੋਂ ਬਾਅਦ ਈਜਰਾਈਲ ਦਾ ਦੌਰਾ ਕਰਕੇ ਹੋਰ ਦੇਸ਼ਾਂ ਨਾਲ ਸਾਂਝ ਪੈਦਾ ਕਰਨ ਦਾ ਵਿਖਾਵਾ ਕੀਤਾ ਸੀ। ਕਾ: ਸੇਖੋਂ ਨੇ ਕਿਹਾ ਕਿ ਹੁਣ ਜਦ ਅਮਰੀਕਾ ਤੇ ਇਜਰਾਈਲ ਨੇ ਈਰਾਨ ਤੇ ਹਮਲਾ ਕਰ ਦਿੱਤਾ ਹੈ ਤਾਂ ਪ੍ਰਧਾਨ ਮੰਤਰੀ ਇਸ ਯੁੱਧ ਬਾਰੇ ਵੀ ਦੇਸ਼ ਦੀ ਸਥਿਤੀ ਸਪਸ਼ਟ ਕਰਨ।
ਕਾ: ਸੇਖੋਂ ਨੇ ਕਿਹਾ ਕਿ ਇਸ ਹਮਲੇ ਵਿੱਚ ਸਕੂਲ ਤੇ ਡਿੱਗੀ ਇੱਕ ਮਿਜਾਈਲ ਨਾਲ 57 ਵਿਦਿਆਰਥਣਾਂ ਦਾ ਮਾਰੇ ਜਾਣਾ ਅਤੀ ਦੁਖਦਾਈ ਹੈ। ਉਹਨਾਂ ਕਿਹਾ ਕਿ ਅਮਰੀਕੀ ਇਜਰਾਈਲੀ ਹਮਲੇ ਦੇ ਜਵਾਬ ਵਿੱਚ ਈਰਾਨ ਵੱਲੋਂ ਕਈ ਦੇਸ਼ਾਂ ਵਿਚਲੇ ਅਮਰੀਕੀ ਟਿਕਾਣਿਆਂ ਨੂੰ ਮਿਜਾਇਲਾਂ ਨਾਲ ਨਿਸ਼ਾਨਾ ਬਣਾਏ ਜਾਣ ਨਾਲ ਲੜਾਈ ਦਾ ਖੇਤਰ ਵਧ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ, ਇਸ ਲਈ ਸੰਯੁਕਤ ਰਾਸ਼ਟਰ ਨੂੰ ਤੁਰੰਤ ਦਖ਼ਲ ਦੇ ਕੇ ਜੰਗਬੰਦੀ ਦਾ ਯਤਨ ਕਰਨਾ ਚਾਹੀਦਾ ਹੈ।

Comments
Post a Comment