ਲਾਰੈਂਸ ਨਾਂ ਦੀ ਵੈੱਬ ਸੀਰੀਜ਼ ਨੌਜਵਾਨੀ ਗਲਤ ਰਾਹ ਤੋਰਨ ਵਾਲਾ ਕਦਮ : ਕਾ: ਸੇਖੋਂ
ਪੰਜਾਬ ’ਚ ਸ਼ਾਂਤੀ ਲਈ ਸਰਕਾਰ ਤੇ ਸੈਂਸਰ ਬੋਰਡ ਜੁਮੇਵਾਰੀ ਨਹੀਂ ਨਿਭਾ ਰਿਹਾ
ਬਠਿੰਡਾ 22 ਅਪ੍ਰੈਲ ( ਪੀ ਡੀ ਐਲ ) : ਲਾਰੈਂਸ ਆਫ ਪੰਜਾਬ ਨਾਂ ਦੀ ਵੈੱਬ ਸੀਰੀਜ਼ ਪੰਜਾਬ ਦੀ ਨੌਜਵਾਨੀ ਨੂੰ ਗੁੰਮਰਾਹ ਕਰਕੇ ਗੈਂਗਸਟਰ ਦੇ ਰਾਹ ਤੋਰਨ ਵੱਲ ਵਧਾਇਆ ਇੱਕ ਕਦਮ ਹੈ। ਇਹ ਦੋਸ਼ ਲਾਉਂਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਦੋਸ਼ ਲਾਇਆ ਕਿ ਪੰਜਾਬ ਦੇ ਮਾਹੌਲ ਨੂੰ ਸਾਂਤ ਰੱਖਣ ਲਈ ਸਰਕਾਰ ਅਤੇ ਸੈਂਸਰ ਬੋਰਡ ਬਣਦੀ ਜੁਮੇਵਾਰੀ ਨਹੀਂ ਨਿਭਾ ਰਹੇ।
ਕਾ: ਸੇਖੋਂ ਨੇ ਕਿਹਾ ਕਿ ਕਤਲਾਂ, ਲੁੱਟਮਾਰਾਂ ਤੇ ਹੋਰ ਗੈਂਗਸਟਰੀ ਕਾਰਵਾਈਆਂ ਵਿੱਚ ਸ਼ਾਮਲ ਜੇਲ੍ਹ ’ਚ ਬੈਠੇ ਲਾਰੈਂਸ ਬਿਸ਼ਨੋਈ ਨੂੰ ਇਸ ਸੀਰੀਜ਼ ਰਾਹੀਂ ਮਾਰਗ ਦਰਸ਼ਕ ਬਣਾਉਣ ਦਾ ਇੱਕ ਯਤਨ ਕੀਤਾ ਗਿਆ ਹੈ। ਅਜਿਹੀ ਸੀਰੀਜ਼ ਵੇਖ ਕੇ ਨੌਜਵਾਨ ਗੈਂਗਸਟਰ ਬਣਨ ਦੇ ਸੁਫ਼ਨੇ ਸਿਰਜਣਗੇ। ਪਹਿਲਾਂ ਪੰਜਾਬ ਨੇ ਕਾਲਾ ਦੌਰ ਹੰਢਾਇਆ ਹੈ, ਜਿਸ ਨੂੰ ਖਤਮ ਕਰਨ ਲਈ ਸੈਂਕੜੇ ਆਗੂਆਂ ਤੇ ਬੁੱਧੀਜੀਵੀਆਂ ਨੂੰ ਸ਼ਹਾਦਤਾਂ ਵੀ ਦੇਣੀਆਂ ਪਈਆਂ ਹਨ। ਉਸ ਸਮੇਂ ਵੀ ‘ਮੋਟਰ ਸਾਈਕਲ ਵਾਲਿਆਂ ਨੇ ਜਾਗੋ ਪਿੱਛੇ ਬਿਠਾਈ ਆ’ ਵਰਗੇ ਗੀਤਾਂ ਰਾਹੀਂ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਅੱਤਵਾਦ ਦੇ ਰਾਹ ਤੋਰਿਆ ਸੀ। ਉਹਨਾਂ ਕਿਹਾ ਕਿ ਹੁਣ ਵੈੱਬ ਸੀਰੀਜ਼ ਦਾ ਜ਼ਮਾਨਾ ਹੈ ਤਾਂ ਲਾਰੈਂਸ ਆਫ ਪੰਜਾਬ ਨਾਂ ਦੀ ਵੈੱਬ ਸੀਰੀਜ਼ ਬਣਾ ਕੇ ਨੌਜਵਾਨੀ ਨੂੰ ਗਲਤ ਰਸਤੇ ਤੋਰਨ ਵੱਲ ਵਧਾਇਆ ਇਹ ਇੱਕ ਯਤਨ ਹੈ।
ਕਾ: ਸੇਖੋਂ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ, ਇਸ ਲਈ ਸਾਂਤੀ ਜਰੂਰੀ ਹੈ। ਕੁੱਝ ਲੋਕ ਜਾਣਬੁੱਝ ਕੇ ਪੰਜਾਬ ਦੀ ਸਾਂਤੀ ਭੰਗ ਕਰਨ ਲਈ ਕਾਰਵਾਈਆਂ ਕਰਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਗਲਤ ਸੁਨੇਹਾ ਦੇਣ ਵਾਲੀ ਇਸ ਸੀਰੀਜ਼ ਨੂੰ ਪ੍ਰਵਾਨਗੀ ਕਿਵੇਂ ਮਿਲ ਗਈ, ਇਹ ਵੀ ਵੱਡਾ ਸੁਆਲ ਹੈ। ਸਰਕਾਰ ਅਤੇ ਸੈਂਸਰ ਬੋਰਡ ਆਪਣੀ ਬਣਦੀ ਜੁਮੇਵਾਰੀ ਨਹੀਂ ਨਿਭਾ ਰਹੇ। ਕਾ: ਸੇਖੋਂ ਨੇ ਕਿਹਾ ਕਿ ਇਸ ਸੀਰੀਜ਼ ਤੇ ਤੁਰੰਤ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

Comments
Post a Comment