ਮਕਬੂਲ ਪੰਜਾਬੀਆਂ ਦਾ ਵਿਸ਼ਵ ਪੱਧਰ 'ਤੇ ਸਨਮਾਨ ਹੋਏਗਾ
ਨਾਮਵਰ 51 ਪੰਜਾਬੀਆਂ ਲਈ ਨਿਸ਼ਾਨਦੇਹੀ ਕਾਰਜ ਸ਼ੁਰੂ : ਅਜੈਬ ਸਿੰਘ ਚੱਠਾ
ਚੰਡੀਗੜ੍ਹ 28 ਅਪ੍ਰੈਲ ( ਰਣਜੀਤ ਧਾਲੀਵਾਲ ) : ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ, ਕੈਨੇਡਾ (PUBPA) ਦੁਨੀਆ ਦੇ 51 ਮਾਣਮੱਤੇ, ਮਕਬੂਲ ਤੇ ਪ੍ਰਮੁੱਖ ਪੰਜਾਬੀਆਂ ਦੀ ਚੋਣ ਕਰਨ ਉਪਰੰਤ ਅੰਤਰਰਾਸ਼ਟਰੀ ਪੱਧਰ 'ਤੇ ਉਨਾਂ ਦਾ ਸਨਮਾਨ ਕਰੇਗੀ । ਗਿਣੇ ਚੁਣੇ ਇਹਨਾਂ ਪ੍ਰਮੁੱਖ ਪੰਜਾਬੀਆਂ ਦੀ ਸੂਚੀ ਸਮੇਤ ਇਨਾਂ ਦੀਆਂ ਪ੍ਰਾਪਤੀਆਂ ਨੂੰ ਬਿਆਨ ਕਰਦੀ ਸਚਿੱਤਰ ਕਾਫੀ ਕੇਬਲ ਬੁੱਕ ਵੀ ਪ੍ਰਕਾਸ਼ਿਤ ਕੀਤੀ ਜਾਏਗੀ। ਅਜੈਬ ਸਿੰਘ ਚੱਠਾ, ਚੇਅਰਮੈਨ, ਜਗਤ ਪੰਜਾਬੀ ਸਭਾ (ਬਰੈਂਪਟਨ) ਕੈਨੇਡਾ ਨੇ ਖੁਲਾਸਾ ਕੀਤਾ ਕਿ ਫਿਲਮੀ ਅਦਾਕਾਰ ਅਤੇ ਵਿਸ਼ਵ ਪ੍ਰਸਿੱਧ ਕਾਮੇਡੀਅਨ ਬਾਲ ਮੁਕੰਦ ਸ਼ਰਮਾ ਇਨਾਂ ਪ੍ਰਮੁੱਖ ਪੰਜਾਬੀਆਂ ਦਾ ਆਡੀਓ, ਵੀਡੀਓ ਲੇਖਾ-ਜੋਖਾ ਰਿਕਾਰਡ ਕਰਨਗੇ ਜਿਸ ਨੂੰ ਵਿਸ਼ਵ ਭਰ ਦੇ ਚੈਨਲਾਂ ਅਤੇ ਨਿੱਜੀ ਵੈੱਬਸਾਈਟਾਂ ਰਾਹੀਂ ਪਰਦਰਸ਼ਤ ਕੀਤਾ ਜਾਏਗਾ।
ਉਨਾਂ ਦੱਸਿਆ ਕਿ ਨਿਵੇਕਲੀ ਕਾਫੀ ਟੇਬਲ ਬੁੱਕ ਵਿੱਚ ਚੁਣੇ ਗਏ ਹਰੇਕ ਪੰਜਾਬੀ ਹੀਰੋਜ ਦੀਆਂ ਯਾਦਗਾਰੀ ਤਸਵੀਰਾਂ ਦੇ ਨਾਲ ਸੰਖੇਪ ਜਾਣ-ਪਛਾਣ ਵੀ ਪ੍ਰਕਾਸ਼ਿਤ ਕੀਤੀ ਜਾਏਗੀ।ਚੋਣਵੀਆਂ ਹਸਤੀਆਂ ਦੇ ਸਨਮਾਨ ਹਿਤ ਫਰਵਰੀ ਜਾਂ ਮਾਰਚ 2027 ਦੌਰਾਨ ਇਥੇ ਭਾਰਤੀ ਪੰਜਾਬ ਵਿੱਚ ਅੰਤਰਰਾਸ਼ਟਰੀ ਸਨਮਾਨ ਸਮਾਗਮ ਰਚਾਇਆ ਜਾਏਗਾ।ਅਜੈਬ ਸਿੰਘ ਚੱਠਾ ਨੇ ਉਪਰੋਕਤ ਯੋਜਨਾ ਦੀ ਰੌਸ਼ਨੀ ਵਿੱਚ ਸਮੂਹ ਪੰਜਾਬੀਆਂ ਨੂੰ ਨਿਮਰਤਾ ਸਾਹਿਤ ਬੇਨਤੀ ਕੀਤੀ ਹੈ ਕਿ ਇਸ ਨਿਵੇਕਲੇ ਅਤੇ ਯਾਦਗਾਰੀ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਆਪਣਾ ਜਾਂ ਹੋਰ ਕਿਸੇ ਯੋਗ ਸਖਸ਼ੀਅਤ ਦਾ ਨਾਂ- ਪਤਾ, ਬਾਇਓਡਾਟਾ, ਫੋਟੋਜ ਤੇ ਪ੍ਰਾਪਤੀਆਂ ਦਾ ਵੇਰਵਾ pubpacanada@gmail.com 'ਤੇ ਈਮੇਲ ਰਾਹੀਂ ਮੰਗਿਆ ਜਾ ਰਿਹਾ ਹੈ।

Comments
Post a Comment