ਸੂਬਾ ਕਮੇਟੀ ਦੇ ਫੈਸਲੇ ਤਹਿਤ ਡੀ. ਸੀ. ਦਫ਼ਤਰ ਅੱਗੇ ਲੱਗੇਗਾ 2 ਜੂਨ ਨੂੰ ਧਰਨਾ
ਪਟਿਆਲਾ 26 ਮਈ ( ਪੀ ਡੀ ਐਲ ) : ਅੱਜ ਸੰਯੁਕਤ ਕਿਸਾਨ ਮੋਰਚਾ ਪਟਿਅਲਾ ਦੀ ਮੀਟਿੰਗ ਰਮੇਸ਼ ਅਜ਼ਾਦ ਦੀ ਪ੍ਰਧਾਨਗੀ ਹੇਠ ਕੀਤੀ ਗਈ । ਮੀਟਿੰਗ ਵਿੱਚ ਸੂਬਾ ਕਮੇਟੀ ਦੇ ਫੈਸਲੇ ਤਹਿਤ 2 ਜੂਨ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਅੱਗੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਫੌਰੀ ਤੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਕਰਾਉਣ ਲਈ ਧਰਨਾ ਦੇਣ ਦਾ ਪ੍ਰੋਗਰਾਮ ਤਹਿ ਕੀਤਾ ਗਿਆ । ਇੰਨਾਂ ਮੰਗਾਂ ਵਿਚ ਡੀਜ਼ਲ ਤੇਲ ਦੇ ਅੰਨੇਵਾਹ ਕੀਤੇ ਜਾ ਰਹੇ ਵਾਧੇ ਨੂੰ ਵਾਪਸ ਕਰਾਉਣਾ, ਭਾਖੜਾ ਬਿਆਸ ਮਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਮੈਂਬਰਸ਼ਿਪ ਬਹਾਲ ਕਰਾਉਣਾ, ਬੈਂਕਾਂ ਵਿੱਚ ਨਗਦੀ ਦੀ ਨਿਕਾਸੀ ਰੈਗੂਲਰ ਕਰਉਣਾ, ਯੂਰੀਆ ਤੇ ਬਾਕੀ ਖਾਦਾਂ ਦੀ ਸਪਲਾਈ ਯਕੀਨੀ ਬਣਾਉਣਾ, ਐਮ.ਐਸ਼. ਪੀ. ਦੀ ਕਾਨੁੰਨਨ ਗਾਰੰਟੀ , ਨਵੇਂ ਹੱਦ ਕਰਜ਼ੇ ਯਕੀਨੀ ਬਣਾਉਣਾ , ਕਿਸਾਨਾਂ ਤੇ ਮਜ਼ਦੂਰਾਂ ਲਈ ਪੈਨਸ਼ਨ ਦਾ ਬੁਢਾਪੇ ਵਿੱਚ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਲਾਗੂ ਕਰਾਉਣਾ ਆਦਿ ਹਨ ।
ਦੂਜੇ ਪਾਸੇ ਪਟਿਆਲ਼ਾ ਜਿਲੇ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰ ਕੇ ਹੱਲ ਕਰਾਉਣ ਲਈ ਵੱਖਰਾ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ । ਕਿਉਂ ਕਿ ਵਾਰ ਵਾਰ ਡੀ. ਸੀ. ਦਫ਼ਤਰ ਤੋਂ ਹੜ ਰੋਕੂ ਪ੍ਰਬੰਧ, ਘੱਗਰ ਤੇ ਵੱਡੀ -ਛੋਟੀ ਨਦੀ ਦੇ ਬੰਨਾਂ, ਪੁਲਾਂ ਦੀ ਮੁਰੰਮਤ ਤੇ ਸਫ਼ਾਈ ,ਚੋਰੀਆਂ, ਲੁੱਟਾਂ -ਖੋਹਾਂ ਦੇ ਮਸਲੇ, ਖਾਦਾਂ ਦੀ ਸਪਲਾਈ ਯਕੀਨੀ ਕਰਨ ਅਤੇ ਅਮਨ ਕਾਨੂੰਨ ਤੇ ਜਾਨ ਮਾਲ ਦੀ ਸੁਰੱਖਿਆ ਬਾਰੇ ਉੱਕਾ ਹੀ ਧਿਆਨ ਨਾ ਦੇ ਕੇ ਮੀਟਿੰਗ ਲਈ ਸਮਾਂ ਵੀ ਨਹੀਂ ਦਿੱਤਾ ਜਾ ਰਿਹਾ । ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪਵਨ ਸ਼ੋਗਲਪੁਰ, ਧਰਮਪਾਲ ਸੀਲ, ਦਵਿੰਦਰ ਸਿੰਘ ਪੂਨੀਆ, ਹਰਭਜਨ ਸਿੰਘ ਧੂਹੜ, ਨਰਿੰਦਰ ਸਿੰਘ ਲੇਹਲਾਂ, ਅਵਤਾਰ ਸਿੰਘ ਕੌਰਜੀਵਾਲਾ, ਦਰਸ਼ਨ ਬੇਲੂ ਮਾਜਰਾ,ਗੁਰਬਚਨ ਸਿੰਘ, ਜਗਪਾਲ ਸਿੰਘ ਊਧਾ, ਜਸਬੀਰ ਸਿੰਘ ਖੇੜੀ, ਗੁਰਚਰਨ ਸਿੰਘ ਪ੍ਰੌੜ੍ਹ, ਕਰਮ ਸਿੰਘ, ਸੁਖਵਿੰਦਰ ਸਿੰਘ ਲਾਲੀ, ਜਗਮੇਲ ਸਿੰਘ ਸੁਧੇਵਾਲ ਹਾਜ਼ਰ ਸਨ।

Comments
Post a Comment