ਨੈਤਿਕਤਾ ਦੇ ਗੁਣ ਹਰ ਮਨੁੱਖ ਅਤੇ ਖਾਸ ਕਰਕੇ ਹਰ ਪੰਜਾਬੀ ਵਿਚ ਹੋਣੇ ਚਾਹੀਦੇ ਹਨ : ਅਜੈਬ ਸਿੰਘ ਚੱਠਾ
ਕੈਨੇਡਾ 27 ਮਈ ( ਪੀ ਡੀ ਐਲ ) : ਅਜੈਬ ਸਿੰਘ ਚੱਠਾ, ਚੇਅਰਮੈਨ, ਜਗਤ ਪੰਜਾਬੀ ਸਭਾ (ਵਰਲਡ ਪੰਜਾਬੀ ਕਾਨਫਰੰਸ) ਨੇ ਨੈਤਿਕਤਾ” ਬਾਰੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਨੈਤਿਕਤਾ ਦੇ ਗੁਣ ਹਰ ਮਨੁੱਖ ਅਤੇ ਖਾਸ ਕਰਕੇ ਹਰ ਪੰਜਾਬੀ ਵਿਚ ਹੋਣੇ ਚਾਹੀਦੇ ਹਨ। ਬੀਤੇ ਸਮੇਂ ਨੈਤਿਕਤਾ ਨੂੰ ਵੱਖਰੇ ਵਿਸ਼ੇ ਵਜੋਂ ਸਕੂਲਾਂ ਵਿੱਚ ਨਹੀਂ ਪੜ੍ਹਾਇਆ ਜਾਂਦਾ ਸੀ। ਨਾ ਕੋਈ ਕਿਤਾਬ ਸੀ ਅਤੇ ਨਾ ਹੀ ਕੋਈ ਵੱਖਰਾ ਸਿਲੇਬਸ। ਪਰ ਫਿਰ ਵੀ ਲੋਕ ਨੈਤਿਕ ਸਨ ਕਿਉਂਕਿ ਨੈਤਿਕਤਾ ਦੀ ਸਿੱਖਿਆ ਸਾਂਝੇ ਪਰਿਵਾਰਾਂ, ਅਧਿਆਪਕਾਂ ਅਤੇ ਸਮਾਜ ਦੇ ਸਿਆਣੇ ਲੋਕਾਂ ਤੋਂ ਮਿਲਦੀ ਸੀ। ਦਾਦੇ-ਦਾਦੀਆਂ ਅਤੇ ਨਾਨੇ-ਨਾਨੀਆਂ ਕਹਾਣੀਆਂ ਸੁਣਾ ਕੇ ਬੱਚਿਆਂ ਨੂੰ ਸੱਚ ਬੋਲਣਾ, ਵੱਡਿਆਂ ਦਾ ਆਦਰ ਕਰਨਾ, ਮਿਹਨਤ ਕਰਨੀ ਅਤੇ ਹੋਰਨਾਂ ਦੀ ਮਦਦ ਕਰਨੀ ਸਿਖਾਉਂਦੇ ਸਨ। ਅਧਿਆਪਕ ਸਿਰਫ਼ ਪੜ੍ਹਾਈ ਹੀ ਨਹੀਂ ਸਗੋਂ ਜੀਵਨ ਜਿਉਣ ਦੇ ਅਸੂਲ ਵੀ ਸਿਖਾਉਂਦੇ ਸਨ।
ਪਰ ਅੱਜ ਸਮਾਂ ਬੜੀ ਤੇਜ਼ੀ ਨਾਲ ਬਦਲ ਗਿਆ ਹੈ। ਸਾਂਝੇ ਪਰਿਵਾਰ ਖਿੰਡਰ ਪੁੰਡਰ ਕੇ ਲਗਭਗ ਖਤਮ ਹੋ ਗਏ ਹਨ। ਅਧਿਆਪਕਾਂ ਕੋਲ ਸਿਰਫ਼ ਤੇ ਸਿਰਫ ਆਪਣੇ ਸਿਲੇਬਸ ਪੂਰੇ ਕਰਨ ਲਈ ਹੀ ਸਮਾਂ ਬਚਿਆ ਹੈ। ਸਮਾਜਿਕ ਤੌਰ ‘ਤੇ ਵੀ ਲੋਕ ਇਕ ਦੂਜੇ ਦੀ ਜ਼ਿੰਦਗੀ ਵਿੱਚ ਦਖਲ ਨਹੀਂ ਦੇ ਸਕਦੇ। ਇਸ ਕਰਕੇ ਅੱਜ ਦੇ ਸਮੇਂ ਵਿੱਚ ਨੈਤਿਕ ਸਿੱਖਿਆ ਦੀ ਲੋੜ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਈ ਹੈ। ਸਾਡੀ ਸੰਸਥਾ, ਜਗਤ ਪੰਜਾਬੀ ਸਭਾ, ਨੇ ਇਸ ਵਿਸ਼ੇ ‘ਤੇ ਕਈ ਸੈਮੀਨਾਰ ਅਤੇ ਕਾਨਫਰੰਸਾਂ ਕਰਵਾਈਆਂ। ਅਸੀਂ ਨੈਤਿਕਤਾ ਬਾਰੇ ਇਕ ਪੜ੍ਹਾਉਣ ਯੋਗ ਕਿਤਾਬ ਵੀ ਤਿਆਰ ਕੀਤੀ, ਜੋ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਸ਼ਾਹਮੁਖੀ ਵਿੱਚ ਛਾਪੀ ਗਈ। ਇਸ ਕਿਤਾਬ ਵਿੱਚ ਨੈਤਿਕਤਾ ਦੀ ਪਰਿਭਾਸ਼ਾ, ਵੱਖ-ਵੱਖ ਸ਼੍ਰੇਣੀਆਂ, ਲੇਖ ਅਤੇ ਕਹਾਣੀਆਂ ਸ਼ਾਮਲ ਹਨ, ਤਾਂ ਜੋ ਬੱਚਿਆਂ ਅਤੇ ਨੌਜਵਾਨਾਂ ਨੂੰ ਨੈਤਿਕਤਾ ਦੀ ਸਿਧਾਂਤਕ ਅਤੇ ਪ੍ਰਯੋਗਿਕ ਜਾਣਕਾਰੀ ਮਿਲ ਸਕੇ।
ਸਮਾਜ ਵਿੱਚ ਰਹਿਣ ਲਈ ਦੋ ਅਸੂਲ ਬਹੁਤ ਜ਼ਰੂਰੀ ਹਨ —
ਪਹਿਲਾ, ਅਨੁਸ਼ਾਸਨ ਵਿੱਚ ਰਹਿਣਾ
ਅਤੇ ਦੂਸਰਾ, ਹੋਰਨਾਂ ਦੀ ਮਦਦ ਕਰਨੀ।
ਅਨੁਸ਼ਾਸਨ ਲਈ ਸਰਕਾਰਾਂ ਕਾਨੂੰਨ ਬਣਾਉਂਦੀਆਂ ਹਨ, ਪਰ ਹੋਰਨਾਂ ਦੀ ਮਦਦ ਕਰਨਾ ਅਤੇ ਆਪਣੇ ਆਪ ਨੂੰ ਸੁਧਾਰਨਾ ਹਰ ਮਨੁੱਖ ਦੀ ਸਵੈ-ਇੱਛਾ ਹੁੰਦੀ ਹੈ। ਇਸ ਲਈ ਅਸੀਂ ਕਹਿੰਦੇ ਹਾਂ: “ ਚੰਗੀ ਨੀਤ ਤੇ ਸਵੈ-ਇੱਛਾ ਜਾਂ ਆਪਣੀ ਮਰਜ਼ੀ ਨਾਲ ਕੀਤੇ ਚੰਗੇ ਅਤੇ ਸਹੀ ਕੰਮਾਂ ਨੂੰ ਨੈਤਿਕਤਾ ਕਿਹਾ ਜਾਂਦਾ ਹੈ।” ਇਨ੍ਹਾਂ ਚੰਗੇ ਕੰਮਾਂ ਵਿੱਚ ਸੱਚ ਬੋਲਣਾ, ਪਿਆਰ ਕਰਨਾ, ਨਿਮਰਤਾ, ਸਿੱਖਿਆ ਪ੍ਰਾਪਤ ਕਰਨੀ, ਚੰਗੀ ਸਿਹਤ ਰੱਖਣੀ, ਹੌਸਲਾ ਅਤੇ ਹੋਰਨਾਂ ਦੀ ਮਦਦ ਕਰਨੀ ਆਦਿ ਸ਼ਾਮਲ ਹਨ। ਨੈਤਿਕ ਗੁਣਾਂ ਨਾਲ ਹੀ ਮਨੁੱਖ ਸੰਪੂਰਨ ਅਤੇ ਵਧੀਆ ਇਨਸਾਨ ਬਣਦਾ ਹੈ। ਚੰਗੇ ਇਨਸਾਨਾਂ ਨਾਲ ਹੀ ਰਹਿਣ-ਯੋਗ ਸਮਾਜ ਦੀ ਸਿਰਜਣਾ ਹੁੰਦੀ ਹੈ। ਸਕੂਲਾਂ, ਕਾਲਜਾਂ ਅਤੇ ਘਰਾਂ ਵਿੱਚ ਵੀ ਚੰਗਾ ਮਾਹੌਲ ਨੈਤਿਕਤਾ ਨਾਲ ਹੀ ਬਣਦਾ ਹੈ।
ਅਸੀਂ ਸਰਕਾਰਾਂ ਨੂੰ ਮਤੇ ਪਾਸ ਕਰਕੇ ਭੇਜੇ ਅਤੇ ਬੇਨਤੀ ਕੀਤੀ ਕਿ ਨੈਤਿਕਤਾ ਨੂੰ ਸਕੂਲਾਂ ਵਿੱਚ ਪੜ੍ਹਾਇਆ ਜਾਵੇ। ਸਾਡੀ ਬੇਨਤੀ ਨੂੰ ਮੰਨਦੇ ਹੋਏ ਪੰਜਾਬ ਸਰਕਾਰ ਨੇ ਮਈ 2018 ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਪੱਤਰ ਵੀ ਜਾਰੀ ਕੀਤਾ ਕਿ ਨੈਤਿਕਤਾ ਨੂੰ ਪੜ੍ਹਾਇਆ ਜਾਵੇ। ਪਰ ਦੁੱਖ ਦੀ ਗੱਲ ਹੈ ਕਿ ਨਾ ਤਾਂ ਬੋਰਡ ਨੇ ਨੈਤਿਕਤਾ ਦੀ ਕਿਤਾਬ ਛਾਪੀ ਅਤੇ ਨਾ ਹੀ ਇਸ ਵਿਸ਼ੇ ਨੂੰ ਲਾਗੂ ਕੀਤਾ। ਅਸੀਂ ਹਾਰ ਨਹੀਂ ਮੰਨੀ। ਹੋਰ ਸੰਸਥਾਵਾਂ ਅਤੇ ਮਹਾਨ ਸ਼ਖਸੀਅਤਾਂ ਤੋਂ ਵੀ ਪੱਤਰ ਲਿਖਵਾ ਕੇ ਬੇਨਤੀ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਚੀਫ਼ ਖਾਲਸਾ ਦੀਵਾਨ, ਖਾਲਸਾ ਯੂਨੀਵਰਸਿਟੀ ਅਤੇ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਵੀ ਸਹਿਯੋਗ ਮਿਲਿਆ। ਅਜੇ ਤਕ ਸਾਡੀ ਮੰਗ ਪੂਰੀ ਨਹੀਂ ਹੋਈ। ਹਾਂ, ਅਸੀਂ ਥੱਕੇ ਜ਼ਰੂਰ ਹਾਂ, ਪਰ ਹਾਰੇ ਨਹੀਂ ਹਾਂ। ਨੈਤਿਕ ਸਿੱਖਿਆ ਤੋਂ ਬਿਨਾਂ ਹਰੇਕ ਕਿਸਮ ਦੀ ਪੜਾਈ ਅਧੂਰੀ ਹੁੰਦੀ ਤੇ ਨੈਤਿਕ ਗੁਣਾਂ ਤੋਂ ਬਿਨਾ ਇਨਸਾਨ ਅਧੂਰਾ। ਸਾਨੂੰ ਵਿਸ਼ਵਾਸ ਹੈ ਕਿ ਇਕ ਦਿਨ ਜ਼ਰੂਰ ਕੋਈ ਪੰਜਾਬੀ ਸੂਰਮਾ, ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਵਿਅਕਤੀ, ਸਾਡੀ ਇਸ ਜਾਇਜ ਮੰਗ ਨੂੰ ਜਰੂਰ ਪੂਰਾ ਕਰੇਗਾ। ਆਸ ਹੈ ਕਿ ਉਹ ਦਿਨ ਜ਼ਰੂਰ ਆਵੇਗਾ ਜਦੋਂ ਨੈਤਿਕਤਾ ਵੀ ਸਕੂਲਾਂ ਵਿੱਚ ਇਕ ਜ਼ਰੂਰੀ ਵਿਸ਼ਾ ਹੋਵੇਗੀ।

Comments
Post a Comment