ਆਮ ਆਦਮੀ ਪਾਰਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਖਿਲਾਫ ਬਿਰਤਾਂਤ ਸਿਰਜਣ ਤੇ ਅਕਾਲੀ ਦਲ ਦੇ ਖਿਲਾਫ ਧਰਨੇ ਦੇਣ ਦੀ ਮੁਹਿੰਮ ਮੂਧੇ ਮੂੰਹ ਡਿੱਗੀ : ਅਕਾਲੀ ਦਲ
ਚੰਡੀਗੜ੍ਹ 20 ਜੂਨ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਦੇ ਮਾਮਲੇ ਵਿਚ ਤਖ਼ਤ ਸਾਹਿਬ ਦੇ ਖਿਲਾਫ ਬਿਰਤਾਂਤ ਸਿਰਜਣ ਅਤੇ ਅਕਾਲੀ ਦਲ ਦੇ ਖਿਲਾਫ ਧਰਨੇ ਦੇਣ ਦਾ ਯਤਨ ਕਰਨ ਦੀ ਮੁਹਿੰਮ ਮੂਧੇ ਮੂੰਹ ਡਿੱਗੀ ਹੈ। ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਆਪ ਨੇ ਅਕਾਲੀ ਦਲ ਦੇ ਜ਼ਿਲ੍ਹਾ ਹੈਡਕੁਆਰਟਰਾਂ ਦਾ ਘਿਰਾਓ ਕਰ ਕੇ ਧਰਨਾ ਦੇਣ ਦਾ ਯਤਨ ਕੀਤਾ ਪਰ ਇਸਦੇ ਯਤਨ ਮੂਧੇ ਮੂੰਹ ਡਿੱਗੇ ਕਿਉਂਕਿ ਪੁਲਿਸ ਦੀ ਮਦਦ ਲੈਣ ਦੇ ਬਾਵਜੂਦ ਪਾਰਟੀ ਲੋੜੀਂਦੀ ਗਿਣਤੀ ਵਿਚ ਮੈਂਬਰ ਨਹੀਂ ਜੁਟਾ ਸਕੀ। ਉਹਨਾਂ ਕਿਹਾ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਹਮਣੇ ਆਈਆਂ ਵੀਡੀਓ ਵਿਚ ਸਪਸ਼ਟ ਹੋ ਗਿਆ ਹੈ ਕਿ ਪਾਰਟੀ ਦੇ ਕਹਿਣ ’ਤੇ ਸਿਰਫ ਨਾਂ ਮਾਤਰ ਗਿਣਤੀ ਵਿਚ ਵਰਕਰ ਇਕੱਠੇ ਹੋਏ ਤੇ ਸਾਰੀ ਮੁਹਿੰਮ ਮੂਧੇ ਮੂੰਹ ਡਿੱਗੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਸੇ ਤਰੀਕੇ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁੱਖ ਮੰਤਰੀ ਦੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਦੀ ਵੀਡੀਓ ਜਨਤਕ ਕੀਤੀ ਤਾਂ ਉਸ ਵਿਚ ਨਜ਼ਰ ਆਇਆ ਕਿ ਮੁੱਖ ਮੰਤਰੀ ਖੁਦ ਪ੍ਰਵਾਨ ਕਰ ਰਹੇ ਹਨ ਕਿ ਵਿਵਾਦ ਵੀਡੀਓ ਦੀ ਦੋ ਫੋਰੈਂਸਿਕ ਲੈਬਾਂ ਤੋਂ ਜਾਂਚ ਕਰਵਾਈ ਜਾਵੇ। ਉਹਨਾਂ ਕਿਹਾ ਕਿ ਹੁਣ ਵੀ ਮੀਡੀਆ ਇੰਚਾਰਜ ਬਲਤੇਜ ਪੰਨੂ ਸਮੇਤ ਸਿਰਫ ਆਪ ਦੇ ਕੁਝ ਹੀ ਆਗੂ ਹੀ ਮੁੱਖ ਮੰਤਰੀ ਦੇ ਬਚਾਅ ਵਿਚ ਸਾਹਮਣੇ ਆਏ ਹਨ ਜਦੋਂ ਕਿ ਬਹੁ ਗਿਣਤੀ ਆਪ ਆਗੂਆਂ ਨੇ ਚੁੱਪ ਰਹਿਣ ਨੂੰ ਤਰਜੀਹ ਦਿੱਤੀ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਮਗਰੋਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹਨਾਂ ਨੂੰ ਇਹਨਾਂ ਵੀਡੀਓ ਦੀ ਫੋਰੈਂਸਿਕ ਲੈਬ ਤੋਂ ਜਾਂਚ ਕਰਵਾਉਣ ਵਿਚ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਇਹ ਵੀਡੀਓ ਜਾਅਲੀ ਹਨ ਤੇ ਏ ਆਈ ਨਾਲ ਬਣਾਈਆਂ ਹਨ।
ਉਹਨਾਂ ਕਿਹਾ ਕਿ ਜਦੋਂ ਫੋਰੈਂਸਿਕ ਲੈਬਾਂ ਤੋਂ ਜਾਂਚ ਮਗਰੋਂ ਅਕਾਲ ਤਖ਼ਤ ਸਾਹਿਬ ਨੇ ਐਲਾਨ ਕੀਤਾ ਕਿ ਇਹ ਵੀਡੀਓ ਅਸਲੀ ਹਨ ਤੇ ਮੁੱਖ ਮੰਤਰੀ ਨੂੰ ਗੁਰੂ ਦੋਖੀ ਤੇ ਪੰਥ ਵਿਰੋਧੀ ਐਲਾਨਿਆ ਗਿਆ ਤਾਂ ਆਪ ਸਰਕਾਰ ਨੇ ਨਵੀਂ ਰਿਪੋਰਟ ਲਿਆਂਦੀ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਵੀਡੀਓ ਵਿਚ ਸਾਹਮਣੇ ਆਇਆ ਵਿਅਕਤੀ ਭਗਵੰਤ ਮਾਨ ਨਹੀਂ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਣ ਦੀ ਥਾਂ ’ਤੇ ਮੁੱਖ ਮੰਤਰੀ ਤੇ ਆਪ ਦੀ ਸਾਰੀ ਮਸ਼ੀਨਰੀ ਜੋ ਕਿ ਸਿੱਖ ਮਾਮਲਿਆਂ ਵਿਚ ਵਿਰੋਧੀ ਸਟੈਂਡ ਲਈ ਜਾਣੀ ਜਾਂਦੀ ਹੈ, ਨੇ ਤਖ਼ਤ ਸਾਹਿਬ ਦੇ ਖਿਲਾਫ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਕਿ ਅਸਲੀਅਤ ਹਿ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁੱਖ ਮੰਤਰੀ ਨੂੰ ਦੋਸ਼ੀ ਠਹਿਰਾਇਆ ਹੈ ਤੇ ਉਹਨਾਂ ਨੂੰ ਨਿਮਾਣੇ ਹੋ ਕੇ ਫੈਸਲਾ ਪ੍ਰਵਾਨ ਕਰਨਾ ਚਾਹੀਦਾ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਾ ਚਾਹੀਦਾ ਹੈ ਨਾ ਕਿ ਟਕਰਾਅ ਦੀ ਨੀਤੀ ਅਪਣਾਉਣੀ ਚਾਹੀਦੀ ਹੈ।
Comments
Post a Comment