DPIIT ਨੇ 12 ਸਾਲਾਂ ਦੇ ਪਰਿਵਰਤਨਕਾਰੀ ਸੁਧਾਰਾਂ ਨੂੰ ਪ੍ਰਦਰਸ਼ਿਤ ਕੀਤਾ; ਸਟਾਰਟਅੱਪ ਈਕੋਸਿਸਟਮ ਭਾਰਤ ਦੀ ਵਿਕਾਸ ਗਾਥਾ ਦਾ ਪ੍ਰਮੁੱਖ ਚਾਲਕ ਬਣ ਕੇ ਉੱਭਰਿਆ
DPIIT ਨੇ 12 ਸਾਲਾਂ ਦੇ ਪਰਿਵਰਤਨਕਾਰੀ ਸੁਧਾਰਾਂ ਨੂੰ ਪ੍ਰਦਰਸ਼ਿਤ ਕੀਤਾ; ਸਟਾਰਟਅੱਪ ਈਕੋਸਿਸਟਮ ਭਾਰਤ ਦੀ ਵਿਕਾਸ ਗਾਥਾ ਦਾ ਪ੍ਰਮੁੱਖ ਚਾਲਕ ਬਣ ਕੇ ਉੱਭਰਿਆ
‘ਸਟਾਰਟਅੱਪ-ਅਗਵਾਈ ਵਿੱਚ ਵਾਧਾ 12 ਸਾਲਾਂ ਦੀ ਸ਼ਾਸਨ ਵਿਵਸਥਾ ਦੀ ਸਫ਼ਲਤਾ ਨੂੰ ਦਰਸਾਉਂਦਾ ਹੈ’ : ਸੁਮੀਤ ਕੁਮਾਰ ਜਾਰੰਗਲ
ਚੰਡੀਗੜ੍ਹ 10 ਜੂਨ ( ਰਣਜੀਤ ਧਾਲੀਵਾਲ ) : ਕੇਂਦਰ ਸਰਕਾਰ ਦੀ ਦੇਸ਼ ਵਿਆਪੀ ਮੁਹਿੰਮ ਦੇ ਤਹਿਤ 12 ਸਾਲ ਦੇ ਸ਼ਾਸਨ ਦੀ ਵਰ੍ਹੇਗੰਢ ਮਨਾਉਣ ਦੇ ਹਿੱਸੇ ਵਜੋਂ, ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰੋਤਸਾਹਨ ਵਿਭਾਗ (DPIIT), ਵਣਜ ਅਤੇ ਉਦਯੋਗ ਮੰਤਰਾਲੇ ਨੇ ਚੰਡੀਗੜ੍ਹ ਵਿੱਚ ਇੱਕ ਖੇਤਰੀ ਪ੍ਰੈਸ ਬ੍ਰੀਫਿੰਗ ਆਯੋਜਿਤ ਕੀਤੀ, ਜਿਸ ਵਿੱਚ ਵਿਭਾਗ ਦੀਆਂ ਪ੍ਰਮੁੱਖ ਪਹਿਲਕਦਮੀਆਂ, ਢਾਂਚਾਗਤ ਸੁਧਾਰਾਂ ਅਤੇ ਪਿਛਲੇ ਦਹਾਕੇ ਵਿੱਚ ਹੋਈਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ DPIIT ਦੇ ਸੰਯੁਕਤ ਸਕੱਤਰ ਸੁਮੀਤ ਕੁਮਾਰ ਜਾਰੰਗਲ ਨੇ ਭਾਰਤ ਦੇ ਉਦਯੋਗਿਕ ਅਤੇ ਸਟਾਰਟਅੱਪ ਈਕੋਸਿਸਟਮ ਦੀ ਪਰਿਵਰਤਨਕਾਰੀ ਯਾਤਰਾ ਦਾ ਖਾਕਾ ਪੇਸ਼ ਕਰਦਿਆਂ ਕਿਹਾ ਕਿ ਨੀਤੀਗਤ ਸੁਧਾਰ, ਨਵੀਨਤਾ (ਨਵਾਚਾਰ) ਅਤੇ ਉੱਦਮਤਾ ਦੇਸ਼ ਦੀ ਆਰਥਿਕ ਮਜ਼ਬੂਤੀ ਅਤੇ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਦੇ ਪ੍ਰਮੁੱਖ ਅੰਸ਼ ਵਜੋਂ ਉੱਭਰ ਕੇ ਸਾਹਮਣੇ ਆਏ ਹਨ।
12 ਸਾਲਾਂ ਦਾ ਪਰਿਵਰਤਨਕਾਰੀ ਸ਼ਾਸਨ
ਪ੍ਰਾਪਤੀਆਂ 'ਤੇ ਚਾਨਣਾ ਪਾਉਂਦਿਆਂ ਜਾਰੰਗਲ ਨੇ ਕਿਹਾ ਕਿ ਭਾਰਤ ਨੇ ਕਈ ਵਿਸ਼ਵਵਿਆਪੀ ਰੁਕਾਵਟਾਂ ਦਾ ਸਫ਼ਲਤਾਪੂਰਵਕ ਸਾਹਮਣਾ ਕਰਦਿਆਂ ਡੂੰਘੇ ਢਾਂਚਾਗਤ ਸੁਧਾਰ ਲਾਗੂ ਕੀਤੇ, ਜਿਨ੍ਹਾਂ ਨਾਲ ਨਿਵੇਸ਼ਕਾਂ ਦਾ ਭਰੋਸਾ ਵਧਿਆ ਅਤੇ ਉਦਯੋਗਿਕ ਵਾਧੇ ਨੂੰ ਗਤੀ ਮਿਲੀ। ਪਿਛਲੇ ਦਹਾਕੇ ਵਿੱਚ, ਭਾਰਤ ਨੇ ਵਿੱਤੀ ਸਾਲ 2014-15 ਤੋਂ ਵਿੱਤੀ ਸਾਲ 2025-26 ਦੇ ਵਿਚਕਾਰ ਕੁੱਲ ਵਿਦੇਸ਼ੀ ਸਿੱਧਾ ਨਿਵੇਸ਼ (FDI) ਪ੍ਰਵਾਹ USD 843 ਬਿਲੀਅਨ ਆਕਰਸ਼ਿਤ ਕੀਤਾ, ਜੋ ਪਿਛਲੇ ਬਾਰ੍ਹ੍ਹਾਂ ਸਾਲਾਂ ਦੀ ਮਿਆਦ ਦੀ ਤੁਲਨਾ ਵਿੱਚ 169 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ। ਵਿਸ਼ਵਵਿਆਪੀ ਆਰਥਿਕ ਅਨਿਸ਼ਚਿਤਤਾਵਾਂ ਦੇ ਬਾਵਜੂਦ, ਦੇਸ਼ ਨੇ ਵਿੱਤੀ ਸਾਲ 2025-26 ਵਿੱਚ ਇਤਿਹਾਸਕ USD 94.53 ਬਿਲੀਅਨ ਦਰਜ ਕੀਤੇ, ਜਿਨ੍ਹਾਂ ਵਿੱਚੋਂ 90 ਪ੍ਰਤੀਸ਼ਤ ਤੋਂ ਵੱਧ ਇਕੁਇਟੀ ਪ੍ਰਵਾਹ ਆਟੋਮੈਟਿਕ ਰੂਟ ਰਾਹੀਂ ਆਏ।
ਸੰਯੁਕਤ ਸਕੱਤਰ ਨੇ ਇਹ ਵੀ ਕਿਹਾ ਕਿ ਮੇਕ ਇਨ ਇੰਡੀਆ ਅਤੇ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (PLI) ਵਰਗੀਆਂ ਪ੍ਰਮੁੱਖ ਪਹਿਲਕਦਮੀਆਂ ਨੇ ਨਿਵੇਸ਼ਾਂ ਨੂੰ ਨਿਰਮਾਣ ਸ਼ਕਤੀ ਵਿੱਚ ਬਦਲਿਆ ਹੈ। 14 ਰਣਨੀਤਕ ਖੇਤਰਾਂ ਵਿੱਚ PLI ਯੋਜਨਾਵਾਂ ਨੇ ਰੁਪਏ 2.40 ਲੱਖ ਕਰੋੜ ਦਾ ਨਿਵੇਸ਼ ਆਕਰਸ਼ਿਤ ਕੀਤਾ, 22.66 ਲੱਖ ਕਰੋੜ ਰੁਪਏ ਦੇ ਉਤਪਾਦਨ ਦਾ ਸਿਰਜਣ ਕੀਤਾ, 15.20 ਲੱਖ ਕਰੋੜ ਰੁਪਏ ਤੋਂ ਵੱਧ ਦੇ ਸਪਲਾਈ ਨੂੰ ਹੁਲਾਰਾ ਦਿੱਤਾ ਅਤੇ 14 ਲੱਖ ਤੋਂ ਵੱਧ ਨੌਕਰੀਆਂ ਪੈਦਾ ਕੀਤੀਆਂ। ਉਨ੍ਹਾਂ ਕਿਹਾ ਕਿ ਭਾਰਤ ਅੱਜ ਘਰੇਲੂ ਪੱਧਰ 'ਤੇ ਵਰਤੇ ਜਾਣ ਵਾਲੇ ਮੋਬਾਈਲ ਫੋਨਾਂ ਦਾ 99.2 ਪ੍ਰਤੀਸ਼ਤ ਨਿਰਮਾਣ ਕਰਦਾ ਹੈ, ਜਦੋਂ ਕਿ ਫਾਰਮਾ ਸੈਕਟਰ ਨੇ 191 ਬਲਕ ਡਰੱਗਜ਼ ਦੇ ਘਰੇਲੂ ਉਤਪਾਦਨ ਰਾਹੀਂ ਆਯਾਤ ਨਿਰਭਰਤਾ ਵਿੱਚ ਜ਼ਿਕਰਯੋਗ ਕਮੀ ਕੀਤੀ ਹੈ, ਅਤੇ PLI ਦੁਆਰਾ ਸਮਰਥਿਤ ਉਤਪਾਦਨ ਦਾ ਨਿਰਯਾਤ ਵਿੱਚ ਵੀ ਮਹੱਤਵਪੂਰਨ ਯੋਗਦਾਨ ਹੈ।
ਭਰੋਸਾ-ਅਧਾਰਿਤ ਸ਼ਾਸਨ ਅਤੇ ਵਪਾਰ ਕਰਨ ਦੀ ਸੁਗਮਤਾ
ਬ੍ਰੀਫਿੰਗ ਵਿੱਚ ਸਰਕਾਰ ਦੇ ਨਿਯਮਾਂ ਨੂੰ ਸਰਲ ਬਣਾਉਣ ਅਤੇ ਵਪਾਰ ਕਰਨ ਵਿੱਚ ਆਸਾਨੀ ਲਿਆਉਣ ਦੇ ਨਿਰੰਤਰ ਯਤਨਾਂ ਨੂੰ ਵੀ ਰੇਖਾਂਕਿਤ ਕੀਤਾ ਗਿਆ। ਜਨ-ਵਿਸ਼ਵਾਸ ਐਕਟ, 2026 ਦੇ ਮਾਧਿਅਮ ਰਾਹੀਂ 47,000 ਤੋਂ ਵੱਧ ਪਾਲਣਾਵਾਂ ਨੂੰ ਖ਼ਤਮ ਕੀਤਾ ਗਿਆ ਹੈ ਅਤੇ ਕਈ ਕਾਨੂੰਨੀ ਉਪਬੰਧਾਂ ਦਾ ਤਰਕਸੰਗਤਕਰਨ ਕੀਤਾ ਗਿਆ, ਜੋ ਲਾਗੂਕਰਨ-ਅਧਾਰਿਤ ਨਿਯਮਨ ਤੋਂ ਭਰੋਸਾ-ਅਧਾਰਿਤ ਸ਼ਾਸਨ ਦੀ ਦਿਸ਼ਾ ਵੱਲ ਬਦਲਾਅ ਨੂੰ ਦਰਸਾਉਂਦਾ ਹੈ। ਨੈਸ਼ਨਲ ਸਿੰਗਲ ਵਿੰਡੋ ਸਿਸਟਮ, ਜੋ 32 ਕੇਂਦਰੀ ਮੰਤਰਾਲਿਆਂ ਅਤੇ 34 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਜੁੜਿਆ ਹੋਇਆ ਹੈ, ਨੇ 13.7 ਲੱਖ ਤੋਂ ਵੱਧ ਅਰਜ਼ੀਆਂ ਦੀ ਪ੍ਰਕਿਰਿਆ ਕੀਤੀ ਅਤੇ 8.5 ਲੱਖ ਤੋਂ ਵੱਧ ਪ੍ਰਵਾਨਗੀਆਂ ਨੂੰ ਸੁਗਮ ਬਣਾਇਆ, ਜਿਸ ਨਾਲ ਨਿਵੇਸ਼ ਲਈ ਇੱਕ ਸਹਿਜ ਈਕੋਸਿਸਟਮ ਬਣਿਆ ਹੈ। ਸੁਧਾਰਾਂ ਨੂੰ ਹੋਰ ਮਜ਼ਬੂਤ ਕਰਨ ਲਈ ਬਿਜ਼ਨਸ ਰਿਫਾਰਮਜ਼ ਐਕਸ਼ਨ ਪਲਾਨ (BRAP), ਉਦਯੋਗ ਸਮਾਗਮ ਅਤੇ ਜ਼ਿਲ੍ਹਾ-ਪੱਧਰੀ BRAP ਵਰਗੀਆਂ ਪਹਿਲਕਦਮੀਆਂ ਨੂੰ ਵੀ ਅੱਗੇ ਵਧਾਇਆ ਜਾ ਰਿਹਾ ਹੈ।
ਸਟਾਰਟਅੱਪ ਇੰਡੀਆ ਸਮਾਵੇਸ਼ੀ ਵਿਕਾਸ ਚਲਾ ਰਿਹਾ ਹੈ
ਸਟਾਰਟਅੱਪ ਕ੍ਰਾਂਤੀ 'ਤੇ ਧਿਆਨ ਕੇਂਦ੍ਰਿਤ ਕਰਦਿਆਂ ਸ਼੍ਰੀ ਜਾਰੰਗਲ ਨੇ ਕਿਹਾ ਕਿ 16 ਜਨਵਰੀ 2016 ਨੂੰ ਸ਼ੁਰੂ ਕੀਤੀ ਗਈ ਸਟਾਰਟਅੱਪ ਇੰਡੀਆ ਪਹਿਲਕਦਮੀ ਉੱਦਮਤਾ ਦਾ ਸਮਰਥਨ ਕਰਨ ਵਾਲਾ ਇੱਕ ਵਿਆਪਕ ਮੰਚ ਬਣ ਚੁੱਕੀ ਹੈ, ਜੋ ਸਟਾਰਟਅੱਪ ਮਾਨਤਾ, ਸੀਡ ਫੰਡਿੰਗ, ਵੈਂਚਰ ਕੈਪੀਟਲ ਸਮਰਥਨ, ਕ੍ਰੈਡਿਟ ਗਾਰੰਟੀ, ਟੈਕਸ-ਪ੍ਰੋਤਸਾਹਨ, ਖਰੀਦ ਨੀਤੀਆਂ ਵਿੱਚ ਸੁਧਾਰ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚ ਵਰਗੀਆਂ ਸਹੂਲਤਾਂ ਪ੍ਰਦਾਨ ਕਰਦੀ ਹੈ। ਅੱਜ ਭਾਰਤ ਵਿੱਚ 2.35 ਲੱਖ ਤੋਂ ਵੱਧ DPIIT-ਮਾਨਤਾ ਪ੍ਰਾਪਤ ਸਟਾਰਟਅੱਪ ਹਨ, ਜੋ ਲਗਭਗ 24 ਲੱਖ ਪ੍ਰਤੱਖ ਨੌਕਰੀਆਂ ਦੇ ਰਹੇ ਹਨ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਨੌਕਰੀਆਂ ਟਾਇਰ-II ਅਤੇ ਟਾਇਰ-III ਸ਼ਹਿਰਾਂ ਵਿੱਚ ਪੈਦਾ ਹੋਈਆਂ। ਇਨ੍ਹਾਂ ਸਟਾਰਟਅੱਪਸ ਵਿੱਚੋਂ ਲਗਭਗ ਅੱਧਿਆਂ ਵਿੱਚ ਘੱਟੋ-ਘੱਟ ਇੱਕ ਮਹਿਲਾ ਨਿਰਦੇਸ਼ਕ ਜਾਂ ਭਾਗੀਦਾਰ ਹੈ, ਜੋ ਇਸ ਈਕੋਸਿਸਟਮ ਦੇ ਸਮਾਵੇਸ਼ੀ ਸੁਭਾਅ ਨੂੰ ਦਰਸਾਉਂਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਸਟਾਰਟਅੱਪ ਇੰਡੀਆ ਸੀਡ ਫੰਡ ਸਕੀਮ (SISFS), ਸਟਾਰਟਅੱਪਸ ਲਈ ਕ੍ਰੈਡਿਟ ਗਾਰੰਟੀ ਸਕੀਮ (CGSS), ਸਟਾਰਟਅੱਪਸ ਲਈ ਫੰਡ ਆਫ਼ ਫੰਡਸ (FFS 1.0) ਅਤੇ ਹਾਲ ਹੀ ਵਿੱਚ ਲਾਂਚ ਕੀਤਾ ਗਿਆ ਸਟਾਰਟਅੱਪ ਇੰਡੀਆ ਫੰਡ ਆਫ਼ ਫੰਡਸ 2.0 ਵਰਗੀਆਂ ਪ੍ਰਮੁੱਖ ਪਹਿਲਕਦਮੀਆਂ ਨਾਲ ਸਟਾਰਟਅੱਪ ਜੀਵਨ-ਚੱਕਰ ਦੇ ਵੱਖ-ਵੱਖ ਪੜਾਵਾਂ ਵਿੱਚ ਪੂੰਜੀ ਤੱਕ ਪਹੁੰਚ ਮਜ਼ਬੂਤ ਹੋ ਰਹੀ ਹੈ। FFS 1.0 ਦੇ ਤਹਿਤ ਲਗਭਗ ਰੁਪਏ 27,600 ਕਰੋੜ ਦੇ ਨਿਵੇਸ਼ 1,450+ ਸਟਾਰਟਅੱਪਸ ਵਿੱਚ ਸੁਗਮ ਕੀਤੇ ਗਏ, ਜਦੋਂ ਕਿ SISFS ਦੇ ਤਹਿਤ 215+ ਇਨਕਿਊਬੇਟਰਾਂ ਦੇ ਮਾਧਿਅਮ ਰਾਹੀਂ ਰੁਪਏ 945 ਕਰੋੜ ਤੋਂ ਵੱਧ ਮਨਜ਼ੂਰ ਕੀਤੇ ਗਏ। CGSS ਨੇ ਸਟਾਰਟਅੱਪ ਉਧਾਰ ਲੈਣ ਵਾਲਿਆਂ ਨੂੰ ਰੁਪਏ 1,350 ਕਰੋੜ ਤੋਂ ਵੱਧ ਦੀ ਗਾਰੰਟੀ ਪ੍ਰਦਾਨ ਕਰਕੇ ਸਮਰਥਨ ਦਿੱਤਾ ਹੈ।
ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਨਵੀਨਤਾ ਹੱਬ ਵਜੋਂ ਉੱਭਰ ਰਹੇ ਹਨ
ਸੰਯੁਕਤ ਸਕੱਤਰ ਨੇ ਕਿਹਾ ਕਿ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਮਿਲ ਕੇ ਲਗਭਗ 15,500 DPIIT-ਮਾਨਤਾ ਪ੍ਰਾਪਤ ਸਟਾਰਟਅੱਪ ਦਾ ਹਿੱਸਾ ਹਨ, ਜੋ 1.7 ਲੱਖ ਤੋਂ ਵੱਧ ਪ੍ਰਤੱਖ ਨੌਕਰੀਆਂ ਪੈਦਾ ਕਰ ਰਹੇ ਹਨ। ਖੇਤਰ ਵਿੱਚ ਵਿਕਲਪਿਕ ਨਿਵੇਸ਼ ਫੰਡ (AIF) ਦੇ ਮਾਧਿਅਮ ਰਾਹੀਂ FFS ਦੇ ਅੰਤਰਗਤ 115+ ਸਟਾਰਟਅੱਪਸ ਵਿੱਚ ਰੁਪਏ 2,270 ਕਰੋੜ ਤੋਂ ਵੱਧ ਦਾ ਨਿਵੇਸ਼ ਹੋਇਆ ਹੈ, ਜਦੋਂ ਕਿ ਲਗਭਗ 260 ਸਟਾਰਟਅੱਪਸ ਨੇ ਸਟਾਰਟਅੱਪ ਇੰਡੀਆ ਸੀਡ ਫੰਡ ਸਕੀਮ ਦਾ ਲਾਭ ਉਠਾਇਆ ਹੈ। CGSS ਦੇ ਜ਼ਰੀਏ ਕ੍ਰੈਡਿਟ ਸਹਾਇਤਾ ਨੇ ਲਗਭਗ ਰੁਪਏ 180 ਕਰੋੜ ਦੇ ਗਾਰੰਟੀਸ਼ੁਦਾ ਕਰਜ਼ੇ ਸਮਰੱਥ ਕੀਤੇ ਹਨ, ਅਤੇ ਤਿੰਨਾਂ ਖੇਤਰਾਂ ਵਿੱਚ 320+ ਸਟਾਰਟਅੱਪਸ ਨੂੰ ਇਨਕਮ ਟੈਕਸ ਛੋਟ ਲਈ ਸਰਟੀਫਿਕੇਟ ਆਫ਼ ਐਲੀਜੀਬਿਲਿਟੀ ਪ੍ਰਦਾਨ ਕੀਤੇ ਗਏ ਹਨ। ਇਨ੍ਹਾਂ ਸਫ਼ਲਤਾਵਾਂ ਨੇ ਦਿਖਾਇਆ ਕਿ ਖੇਤਰ ਦਾ ਨਵੀਨਤਾ (ਨਵਾਚਾਰ) ਈਕੋਸਿਸਟਮ ਮਜ਼ਬੂਤ ਹੋ ਰਿਹਾ ਹੈ ਅਤੇ ਇਹ ਰੁਜ਼ਗਾਰ ਸਿਰਜਣ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾ ਰਿਹਾ ਹੈ।
ਲੌਜਿਸਟਿਕਸ ਅਤੇ ਨਵੀਨਤਾ ਨੇ ਮੁਕਾਬਲੇਬਾਜ਼ੀ ਨੂੰ ਮਜ਼ਬੂਤੀ ਦਿੱਤੀ
ਜਾਰੰਗਲ ਨੇ ਲੌਜਿਸਟਿਕਸ ਅਤੇ ਨਵੀਨਤਾ ਵਿੱਚ ਹੋਈ ਤਰੱਕੀ 'ਤੇ ਵੀ ਚਾਨਣਾ ਪਾਇਆ। ਪੀਐਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ ਅਤੇ ਨੈਸ਼ਨਲ ਲੌਜਿਸਟਿਕਸ ਪਾਲਿਸੀ ਵਰਗੀਆਂ ਪਹਿਲਕਦਮੀਆਂ ਦੇ ਸਮਰਥਨ ਨਾਲ ਭਾਰਤ ਦੀ ਲੌਜਿਸਟਿਕਸ ਲਾਗਤ GDP ਦੇ ਲਗਭਗ 7.9 ਪ੍ਰਤੀਸ਼ਤ ਤੱਕ ਘਟ ਗਈ ਹੈ, ਜਿਸ ਨਾਲ ਸਪਲਾਈ ਚੇਨ ਦੀ ਕੁਸ਼ਲਤਾ ਅਤੇ ਲਚਕੀਲਾਪਨ ਵਧਿਆ ਹੈ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ 2014 ਤੋਂ ਗਲੋਬਲ ਇਨੋਵੇਸ਼ਨ ਇੰਡੈਕਸ (Global Innovation Index) ਵਿੱਚ ਭਾਰਤ ਦਾ 38 ਪਾਏਦਾਨ ਉੱਪਰ ਆਉਣਾ ਅਤੇ ਪੇਟੈਂਟ ਫਾਈਲਿੰਗ ਵਿੱਚ 236 ਪ੍ਰਤੀਸ਼ਤ ਦਾ ਵਾਧਾ ਦੇਸ਼ ਨੂੰ ਇੱਕ ਵਿਸ਼ਵਵਿਆਪੀ ਨਵੀਨਤਾ ਅਤੇ ਤਕਨਾਲੋਜੀ ਹੱਬ ਵਜੋਂ ਉੱਭਰਨ ਦਾ ਸੰਕੇਤ ਦਿੰਦਾ ਹੈ।
ਅੱਗੇ ਦਾ ਰਸਤਾ
ਭਵਿੱਖ ਦੇ ਰੋਡਮੈਪ ਦਾ ਜ਼ਿਕਰ ਕਰਦਿਆਂ ਸੰਯੁਕਤ ਸਕੱਤਰ ਨੇ ਕਿਹਾ ਕਿ ਸਟਾਰਟਅੱਪ ਇੰਡੀਆ ਮਾਨਤਾ ਦਾ ਵਿਸਤਾਰ, ਵਿੱਤੀ ਵਿਵਸਥਾ ਨੂੰ ਮਜ਼ਬੂਤ ਕਰਨਾ, ਡੀਪ-ਟੈਕ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਅਤੇ ਉੱਭਰ ਰਹੇ ਉੱਦਮੀ ਖੇਤਰਾਂ ਵਿੱਚ ਪਹੁੰਚ ਵਧਾਉਣ 'ਤੇ ਅੱਗੇ ਵੀ ਧਿਆਨ ਕੇਂਦਰਿਤ ਕਰੇਗਾ। ਸਟਾਰਟਅੱਪ ਇੰਡੀਆ ਫੰਡ ਆਫ਼ ਫੰਡਸ 2.0, FFS 1.0, SISFS, CGSS ਅਤੇ TEJAS ਵਰਗੀਆਂ ਪਹਿਲਕਦਮੀਆਂ ਨਾਲ ਜ਼ਿਲ੍ਹਾ-ਪੱਧਰ 'ਤੇ ਪੂੰਜੀ ਅਤੇ ਨਵੀਨਤਾ ਸਮਰਥਨ ਹੋਰ ਡੂੰਘਾ ਹੋਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਇਨ੍ਹਾਂ ਪਰਿਵਰਤਨਕਾਰੀ ਨੀਤੀਆਂ ਅਤੇ ਉੱਦਮੀ ਮੌਕਿਆਂ ਨੂੰ ਜ਼ਮੀਨੀ ਪੱਧਰ ਤੱਕ ਲੈ ਕੇ ਜਾਣਾ ਹੈ, ਤਾਂ ਜੋ ਨਵੀਨਤਾ-ਪ੍ਰੇਰਿਤ ਵਾਧਾ ਦੇਸ਼ ਦੇ ਹਰ ਕੋਨੇ ਤੱਕ ਪਹੁੰਚੇ।
ਆਪਣੇ ਦੌਰੇ ਦੇ ਹਿੱਸੇ ਵਜੋਂ, ਸ਼੍ਰੀ ਜਾਰੰਗਲ ਖੇਤਰੀ ਸਟਾਰਟਅੱਪ ਈਕੋਸਿਸਟਮ ਦੇ ਹਿੱਸੇਦਾਰਾਂ (ਹਿੱਤਧਾਰਕਾਂ) ਨਾਲ ਵੀ ਗੱਲਬਾਤ ਕਰਨਗੇ, ਅਤੇ DPIIT ਦੁਆਰਾ ਭਾਰਤ ਭਰ ਵਿੱਚ ਨਵੀਨਤਾ ਅਤੇ ਉੱਦਮਤਾ ਨੂੰ ਮਜ਼ਬੂਤ ਕਰਨ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਣਗੇ।

Comments
Post a Comment