ਨਾਈਪਰ, ਐੱਸਏਐੱਸ ਨਗਰ ਵਿੱਚ ‘ਐਡਵਾਂਸਡ ਐਨਾਲਿਟਿਕਲ ਟੈਕਨਿਕਸ’ ਵਿਸ਼ੇ ‘ਤੇ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਸ਼ੁਰੂਆਤ
ਨਾਈਪਰ, ਐੱਸਏਐੱਸ ਨਗਰ ਵਿੱਚ ‘ਐਡਵਾਂਸਡ ਐਨਾਲਿਟਿਕਲ ਟੈਕਨਿਕਸ’ ਵਿਸ਼ੇ ‘ਤੇ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਸ਼ੁਰੂਆਤ
ਐਸ.ਏ.ਐਸ.ਨਗਰ 17 ਅਗਸਤ ( ਰਣਜੀਤ ਧਾਲੀਵਾਲ ) : ਨਾਈਪਰ, ਮੋਹਾਲੀ ਦੁਆਰਾ ਪੰਜਾਬ ਦੇ ਸਰਕਾਰੀ ਪੌਲੀਟੈਕਨੀਕ ਕਾਲਜਾਂ ਦੇ ਫੈਕਲਟੀ ਮੈਂਬਰਾਂ ਲਈ ‘ਐਡਵਾਂਸਡ ਐਨਾਲਿਟਿਕਲ ਟੈਕਨਿਕਸ’ ਵਿਸ਼ੇ ‘ਤੇ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐੱਫਡੀਪੀ) ਦਾ ਆਯੋਜਨ 17 ਤੋਂ 21 ਅਗਸਤ 2026 ਤੱਕ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਐੱਫਡੀਪੀ ਦਾ ਉਦੇਸ਼ ਭਾਗੀਦਾਰਾਂ ਦੇ ਤਕਨੀਕੀ ਗਿਆਨ ਅਤੇ ਉੱਨਤ ਵਿਸ਼ਲੇਸ਼ਣਾਤਮਕ ਤਕਨੀਕਾਂ ਦੀ ਵਿਵਹਾਰਕ ਸਮਝ ਨੂੰ ਮਜ਼ਬੂਤ ਕਰਨਾ ਹੈ। ਪ੍ਰੋਗਰਾਮ ਰਾਹੀਂ ਸਿਧਾਂਤਕ ਗਿਆਨ ਅਤੇ ਉਸ ਦੇ ਵਿਵਹਾਰਕ ਅਭਿਆਸ ਦਰਮਿਆਨ ਦੇ ਪਾੜੇ ਨੂੰ ਘੱਟ ਕਰਨਾ ਅਤੇ ਸਿਖਲਾਈ ਸਮਰੱਥਾਵਾਂ ਨੂੰ ਹੋਰ ਬਿਹਤਰ ਬਣਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਵੱਖ- ਵੱਖ ਸਰਕਾਰੀ ਪੌਲੀਟੈਕਨਿਕ ਕਾਲਜਾਂ ਤੋਂ ਕੁੱਲ 15 ਫੈਕਲਟੀ ਮੈਂਬਰ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਨ।
ਪ੍ਰੋਗਰਾਮ ਦੇ ਉਦਘਾਟਨ ਸਮਾਰੋਹ ਵਿੱਚ ਮੋਨੀਸ਼ ਕੁਮਾਰ, ਆਈਏਐੱਸ, ਡਾਇਰੈਕਟਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਟ੍ਰੇਨਿੰਗ ਵਿਭਾਗ, ਪੰਜਾਬ ਨੇ ਮੁੱਖ ਮਹਿਮਾਨ/ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਪ੍ਰੋਗਰਾਮ ਦੇ ਭਾਗੀਦਾਰਾਂ ਨੂੰ ਬੁਨਿਆਦੀ ਧਾਰਨਾਵਾਂ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਇਨ੍ਹਾਂ ਵਿਦਿਆਰਥੀਆਂ ਤੱਕ ਅਸਾਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਮਹੱਤਵਪੂਰਨ ਪਹਿਲਕਦਮੀ ਲਈ ਨਾਈਪਰ, ਮੋਹਾਲੀ ਦੇ ਡਾਇਰੈਕਟਰ ਦਾ ਧੰਨਵਾਦ ਵੀ ਪ੍ਰਗਟ ਕੀਤਾ। ਪ੍ਰੋਫੈਸਰ ਦੁਲਾਲ ਪਾਂਡਾ, ਡਾਇਰੈਕਟਰ, ਨਾਈਪਰ ਨੇ ਆਪਣੇ ਸੰਬੋਧਨ ਵਿੱਚ ਭੋਜਨ ਪਦਾਰਥਾਂ ਵਿੱਚ ਮਿਲਾਵਟ ਦੀ ਪਛਾਣ ਅਤੇ ਦਵਾਈਆਂ ਵਿੱਚ ਖਾਮੀਆਂ ਅਤੇ ਉਨ੍ਹਾਂ ਦੀ ਟੈਸਟਿੰਗ ਵਰਗੀਆਂ ਵਿਵਹਾਰਕ ਉਦਾਹਰਣਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਉੱਚ ਪੱਧਰੀ ਵਿਸ਼ਲੇਸ਼ਣਾਤਮਕ ਉਪਕਰਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਨੇ ਭਾਗੀਦਾਰਾਂ ਨੂੰ ਤਕਨੀਕਾਂ ਨੂੰ ਡੂੰਘਾਈ ਨਾਲ ਸਿੱਖਣ ਅਤੇ ਇਸ ਗਿਆਨ ਨੂੰ ਵਿਦਿਆਰਥੀਆਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਸਿਖਾਉਣ ਦੀ ਗੱਲ ਕਹੀ।
ਪ੍ਰੋਫੈਸਰ ਆਈ.ਪੀ. ਸਿੰਘ, ਐਸੋਸੀਏਟ ਡੀਨ, ਨਾਈਪਰ, ਮੋਹਾਲੀ ਨੇ ਸਾਰੇ ਪ੍ਰਤੀਨਿਧੀਆਂ ਦਾ ਸੁਆਗਤ ਕਰਦੇ ਹੋਏ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਮਹੱਤਵ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਭਾਗੀਦਾਰਾਂ ਨੂੰ ਪ੍ਰੋਗਰਾਮ ਵਿੱਚ ਦਿਲੋਂ ਹਿੱਸਾ ਲੈਣ ਅਤੇ ਹੈਂਡਸ-ਔਨ ਟ੍ਰੇਨਿੰਗ ਦੌਰਾਨ ਆਪਣੀ ਕਿਸੇ ਵੀ ਸ਼ੰਕਾ ਦਾ ਹੱਲ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਫੈਸਰ ਐੱਸ.ਕੇ. ਗੁਛੈਤ, ਕੋਰਸ ਕੋਆਰਡੀਨੇਟਰ ਨੇ ਐੱਫਡੀਪੀ ਦੇ ਪ੍ਰੋਗਰਾਮ ਅਤੇ ਸ਼ਡਿਊਲ ਦੀ ਸੰਖੇਪ ਜਾਣਕਾਰੀ ਪੇਸ਼ ਕੀਤੀ ਅਤੇ ਭਾਗੀਦਾਰਾਂ ਨੂੰ ਪੰਜ ਦਿਨਾਂ ਟ੍ਰੇਨਿੰਗ ਦੌਰਾਨ ਆਯੋਜਿਤ ਹੋਣ ਵਾਲੇ ਵੱਖ-ਵੱਖ ਸੈਸ਼ਨਾਂ ਅਤੇ ਵਿਵਹਾਰਕ ਟ੍ਰੇਨਿੰਗ ਨਾਲ ਜਾਣੂ ਕਰਵਾਇਆ। ਸਮਾਰੋਹ ਦੇ ਅੰਤ ਵਿੱਚ ਰਜਿਸਟਰਾਰ, ਵਿੰਗ ਕਮਾਂਡਰ (ਸੇਵਾਮੁਕਤ) ਪੀ.ਜੇ.ਪੀ. ਸਿੰਘ ਵੜੈਚ ਨੇ ਧੰਨਵਾਦ ਮਤਾ ਪੇਸ਼ ਕੀਤਾ। ਉਦਘਾਟਨ ਸਮਾਰੋਹ ਸਫਲਤਾਪੂਰਵਕ ਸੰਪੰਨ ਹੋਇਆ।

Comments
Post a Comment