ਮੁਸ਼ਕਿਲਾਂ ਝੱਲ ਕੇ ਵੀ ਬੰਦੀ ਸਿੰਘਾਂ ਖਾਤਰ 'ਪੰਜਾਬ ਬੰਦ' ਲਈ ਸਹਿਯੋਗ ਦੇਣ ਵਾਲੇ ਪੰਜਾਬ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ : ਗਿਆਨੀ ਹਰਪ੍ਰੀਤ ਸਿੰਘ
ਮੁਸ਼ਕਿਲਾਂ ਝੱਲ ਕੇ ਵੀ ਬੰਦੀ ਸਿੰਘਾਂ ਖਾਤਰ 'ਪੰਜਾਬ ਬੰਦ' ਲਈ ਸਹਿਯੋਗ ਦੇਣ ਵਾਲੇ ਪੰਜਾਬ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ : ਗਿਆਨੀ ਹਰਪ੍ਰੀਤ ਸਿੰਘ
ਚੰਡੀਗੜ੍ਹ 21 ਅਗਸਤ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੇ ਪੰਜਾਬ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿੰਨਾ ਨੇ ਮੁਸ਼ਕਿਲਾਂ ਝੱਲ ਕੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਗਏ ਪੰਜਾਬ ਬੰਦ ਲਈ ਪੂਰਨ ਸਹਿਯੋਗ ਦਿੱਤਾ ਹੈ। ਪੰਜਾਬ ਦੇ ਵਿਦਿਅਕ, ਵਪਾਰਕ ਅਤੇ ਹੋਰ ਨਿਜੀ ਅਦਾਰੇ ਬੰਦ ਕਰਕੇ ਪੰਜਾਬੀਆਂ ਨੇ ਇਸ ਹੱਕੀ ਮੰਗ ਲਈ ਇਕਜੁੱਟਤਾ ਦਾ ਸੁਨੇਹਾ ਦਿੰਦਿਆ ਦੱਸ ਦਿੱਤਾ ਹੈ ਕਿ ਪੰਜਾਬ ਵਾਸੀ ਮਨੁੱਖੀ ਹੱਕਾਂ ਦੇ ਘਾਣ ਦੀ ਆਗਿਆ ਸਰਕਾਰਾਂ ਨੂੰ ਨਹੀਂ ਦੇਣਗੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਸਰਕਾਰਾਂ ਆਮ ਲੋਕਾਂ ਦੀ ਆਵਾਜ ਨੂੰ ਸੁਣਨ ਦੀ ਬਜਾਏ ਡੰਡੇ ਦੇ ਜੋਰ ਨਾਲ ਦਬਾਉਣ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਪੰਜਾਬ ਬੰਦ ਦੀ ਕਾਲ ਦੇਣਾ ਆਖਰੀ ਰਾਹ ਹੁੰਦਾ ਹੈ।
ਕੌਮੀ ਇਨਸਾਫ ਮੋਰਚੇ ਨੇ ਆਪਣੀ ਗੱਲ ਰੱਖਣ ਲਈ ਗਵਰਨਰ ਪੰਜਾਬ ਕੋਲ ਜਾਣ ਲਈ 15 ਅਗਸਤ ਨੂੰ ਮਾਰਚ ਕੀਤਾ ਸੀ, ਪਰ ਹਜਾਰਾਂ ਲੋਕਾਂ ਦੀ ਜਾਇਜ ਗੱਲ ਸੁਣਨ ਦੀ ਬਜਾਏ ਉਹਨਾਂ ਤੇ ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਤੋਂ ਬਾਅਦ ਪਰਚੇ ਵੀ ਦਰਜ ਕਰ ਦਿੱਤੇ ਗਏ। ਇਸ ਲਈ ਇਹ ਬੰਦ ਦੀ ਕਾਲ ਦਿੱਤੀ ਗਈ ਸੀ, ਜਿਸ ਨੂੰ ਪੰਜਾਬ ਦੇ ਸਮੂਹ ਵਰਗਾਂ ਨੇ ਬਿਨਾ ਕਿਸੇ ਸ਼ਿਕਾਇਤ ਤੋਂ ਪੂਰੀ ਹਮਾਇਤ ਦਿਤੀ। ਗਿਆਨੀ ਹਰਪ੍ਰੀਤ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰਾਂ ਨੂੰ ਇਸਤੋਂ ਸਮਝ ਜਾਣਾ ਚਾਹੀਦਾ ਹੈ ਕਿ ਲੋਕ ਆਪਣਾ ਨੁਕਸਾਨ ਉਠਾ ਕੇ ਵੀ ਉਹਨਾਂ ਦਾ ਵਿਰੋਧ ਕਰ ਰਹੇ ਹਨ। ਇਸ ਲਈ ਜਿੰਨੀ ਛੇਤੀ ਹੋ ਸਕੇ ਇਨਸਾਫ ਦਾ ਰਾਹ ਫੜ ਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ।

Comments
Post a Comment