ਰਾਜ ਸਭਾ ਮੈਂਬਰ ਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਰਾਜਿੰਦਰ ਗੁਪਤਾ ਗਏ ਅਮਰੀਕਾ, ਹੋਵੇਗੀ ਦਿਲ ਦੀ ਤੀਜੀ ਸਰਜਰੀ
ਰਾਜ ਸਭਾ ਮੈਂਬਰ ਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਰਾਜਿੰਦਰ ਗੁਪਤਾ ਗਏ ਅਮਰੀਕਾ, ਹੋਵੇਗੀ ਦਿਲ ਦੀ ਤੀਜੀ ਸਰਜਰੀ
ਚੰਡੀਗੜ੍ਹ/ਪੰਜਾਬ 31 ਮਾਰਚ ( ਰਣਜੀਤ ਧਾਲੀਵਾਲ ) : ਰਾਜ ਸਭਾ ਮੈਂਬਰ ਅਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ, ਰਾਜਿੰਦਰ ਗੁਪਤਾ ਇਸ ਸਮੇਂ ਅਮਰੀਕਾ ਵਿੱਚ ਇਲਾਜ ਅਧੀਨ ਹਨ ਅਤੇ ਉਨ੍ਹਾਂ ਦੀ ਜਲਦ ਹੀ ਦਿਲ ਦੀ ਤੀਜੀ ਸਰਜਰੀ ਹੋਣ ਦੀ ਸੰਭਾਵਨਾ ਹੈ। ਮਿਲੀ ਜਾਣਕਾਰੀ ਮੁਤਾਬਕ, ਰਾਜਿੰਦਰ ਗੁਪਤਾ ਰੁਟੀਨ ਮੈਡੀਕਲ ਚੈੱਕਅੱਪ ਲਈ ਵਿਸ਼ਵ ਪ੍ਰਸਿੱਧ ਕਲੀਵਲੈਂਡ ਕਲੀਨਿਕ ਗਏ ਸਨ। ਵਿਸਥਾਰ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਨਵੇਂ ਕਾਰਡਿਯਕ ਪ੍ਰੋਸੀਜਰ ਦੀ ਸਲਾਹ ਦਿੱਤੀ ਹੈ।
ਸੂਤਰਾਂ ਅਨੁਸਾਰ, ਇਹ ਸਰਜਰੀ ਇਸ ਹਫ਼ਤੇ ਦੌਰਾਨ ਹੋਣ ਦੀ ਸੰਭਾਵਨਾ ਹੈ। ਸਰਜਰੀ ਤੋਂ ਬਾਅਦ ਗੁਪਤਾ ਕੁਝ ਸਮਾਂ ਅਮਰੀਕਾ ਵਿੱਚ ਹੀ ਡਾਕਟਰੀ ਨਿਗਰਾਨੀ ਹੇਠ ਰਹਿਣਗੇ। ਉਨ੍ਹਾਂ ਦੀ ਸਿਹਤਯਾਬੀ ਲਈ ਲਗਭਗ ਤਿੰਨ ਹਫ਼ਤਿਆਂ ਦਾ ਸਮਾਂ ਲੱਗਣ ਦੀ ਉਮੀਦ ਹੈ, ਜਿਸ ਵਿੱਚ ਹਸਪਤਾਲ ਵਿੱਚ ਦਾਖ਼ਲਾ ਵੀ ਸ਼ਾਮਲ ਹੈ।
ਇਸ ਸਮੇਂ ਦੌਰਾਨ ਉਨ੍ਹਾਂ ਦਾ ਪਰਿਵਾਰ—ਪਤਨੀ, ਪੁੱਤਰ ਅਤੇ ਧੀ—ਉਨ੍ਹਾਂ ਦੇ ਨਾਲ ਮੌਜੂਦ ਹੈ। ਇਸ ਤੋਂ ਇਲਾਵਾ, ਭਾਰਤੀ ਕੌਂਸਲੇਟ ਦਾ ਦਫ਼ਤਰ ਵੀ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਰਾਜਿੰਦਰ ਗੁਪਤਾ ਸਾਲ 2002 ਅਤੇ 2009 ਵਿੱਚ ਦਿਲ ਦੀ ਸਰਜਰੀ ਕਰਵਾ ਚੁੱਕੇ ਹਨ।

Comments
Post a Comment