ਟੀਨਾ ਚੌਧਰੀ ਨੇ ਵੇਰਕਾ ਵਿੱਚ ਚਾਰੇ ਦੇ ਸਬਸਿਡੀ ਬੀਜ ਦੇ ਨਾਂ ’ਤੇ ਕਰੋੜਾਂ ਰੁਪਏ ਦੇ ਘਪਲੇ ਦੇ ਦੋਸ਼ ਲਗਾਏ
ਮਾਮਲੇ ਦੀ ਵਿਜੀਲੈਂਸ ਅਤੇ ਸੀਬੀਆਈ ਜਾਂਚ ਦੀ ਮੰਗ ਉਠਾਈ ਗਈ
ਚੰਡੀਗੜ੍ਹ 23 ਮਈ ( ਰਣਜੀਤ ਧਾਲੀਵਾਲ ) : ਅੱਜ ਚੰਡੀਗੜ੍ਹ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਸੀਨੀਅਰ ਕਾਂਗਰਸ ਪ੍ਰਵਕਤਾ ਟੀਨਾ ਚੌਧਰੀ ਅਤੇ ਹੋਸ਼ਿਆਰਪੁਰ ਤੋਂ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ ਨੇ ਵੇਰਕਾ ਮਿਲਕ ਫੈੱਡ ਵਿੱਚ ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤੇ ਜਾਣ ਵਾਲੇ ਪਸ਼ੂ ਚਾਰੇ ਦੇ ਬੀਜ ਵਿੱਚ ਕਰੋੜਾਂ ਰੁਪਏ ਦੇ ਘਪਲੇ ਦੇ ਦੋਸ਼ ਲਗਾਏ। ਨੇਤਾਵਾਂ ਨੇ ਕਿਹਾ ਕਿ ਸਾਲ 2025 ਵਿੱਚ ਵੇਰਕਾ ਮਿਲਕ ਫੈੱਡ ਵੱਲੋਂ ਕਿਸਾਨਾਂ ਨੂੰ 30 ਫੀਸਦੀ ਸਬਸਿਡੀ ’ਤੇ ਹਾਈਬ੍ਰਿਡ ਮੱਕੀ ਦਾ ਬੀਜ ਮੁਹੱਈਆ ਕਰਵਾਉਣ ਲਈ ਟੈਂਡਰ ਜਾਰੀ ਕੀਤੇ ਗਏ ਸਨ। ਇਹ ਟੈਂਡਰ ਮਾਨਸਾ ਦੀ ਫਰਮ ਨਵ-ਦੁਰਗਾ ਟ੍ਰੇਡਿੰਗ ਕੰਪਨੀ ਨੂੰ ਦਿੱਤਾ ਗਿਆ। ਦੋਸ਼ ਹੈ ਕਿ ਫਰਮ ਵੱਲੋਂ ਸਿਰਫ਼ ਬੀਜਾਂ ਦੇ ਬਿੱਲ ਦਿੱਤੇ ਗਏ, ਜਦਕਿ ਅਸਲ ਵਿੱਚ ਬੀਜਾਂ ਦੀ ਸਪਲਾਈ ਨਹੀਂ ਕੀਤੀ ਗਈ।
ਪ੍ਰੈਸ ਕਾਨਫਰੰਸ ਵਿੱਚ ਦੋਸ਼ ਲਗਾਇਆ ਗਿਆ ਕਿ ਇੱਕ ਬੰਦ ਪਈ ਟਰਾਂਸਪੋਰਟ ਕੰਪਨੀ ਦੀਆਂ ਫਰਜ਼ੀ ਬਿਲਟੀਆਂ ਦੀ ਵਰਤੋਂ ਕਰਕੇ ਇਹ ਦਰਸਾਇਆ ਗਿਆ ਕਿ ਬੀਜ ਵੇਰਕਾ ਦੇ ਗੋਦਾਮਾਂ ਤੱਕ ਪਹੁੰਚਾ ਦਿੱਤੇ ਗਏ ਹਨ। ਇਸ ਤੋਂ ਬਾਅਦ ਵੇਰਕਾ ਮਿਲਕ ਪਲਾਂਟ ਹੋਸ਼ਿਆਰਪੁਰ ਵੱਲੋਂ ਇਨ੍ਹਾਂ ਫਰਜ਼ੀ ਬਿੱਲਾਂ ਨੂੰ ਆਪਣੇ ਰਿਕਾਰਡ ਵਿੱਚ ਦਰਜ ਕਰਕੇ ਵੱਖ-ਵੱਖ ਦੁੱਧ ਅਤੇ ਪਸ਼ੂ ਕੇਂਦਰਾਂ ਵਿੱਚ ਵੰਡਿਆ ਹੋਇਆ ਵਿਖਾਇਆ ਗਿਆ। ਅੱਗੇ ਇਨ੍ਹਾਂ ਕੇਂਦਰਾਂ ਤੋਂ ਬੀਜਾਂ ਦੀ ਸਪਲਾਈ ਵੇਰਕਾ ਸੋਸਾਇਟੀਆਂ ਤੱਕ ਦਿਖਾ ਕੇ ਪੂਰਾ ਰਿਕਾਰਡ ਤਿਆਰ ਕੀਤਾ ਗਿਆ, ਜਦਕਿ ਅਸਲ ਵਿੱਚ ਕਿਸਾਨਾਂ ਤੱਕ ਕੋਈ ਵੀ ਬੀਜ ਨਹੀਂ ਪਹੁੰਚਿਆ।
ਟੀਨਾ ਚੌਧਰੀ ਅਤੇ ਚਰਨਜੀਤ ਸਿੰਘ ਬਰਾੜ ਨੇ ਦੋਸ਼ ਲਗਾਇਆ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਦੁੱਧ ਦੀ ਭੁਗਤਾਨ ਰਕਮ ਨਕਦ ਦੇ ਕੇ ਵਾਊਚਰਾਂ ’ਤੇ ਦਸਤਖ਼ਤ ਕਰਵਾਏ ਗਏ ਅਤੇ ਬਾਅਦ ਵਿੱਚ ਰਿਕਾਰਡ ਵਿੱਚ ਦਰਸਾਇਆ ਗਿਆ ਕਿ ਕਿਸਾਨਾਂ ਨੇ ਚਾਰੇ ਦਾ ਬੀਜ ਖਰੀਦਿਆ ਹੈ ਅਤੇ ਉਸ ਦੀ ਰਕਮ ਉਨ੍ਹਾਂ ਦੇ ਦੁੱਧ ਦੇ ਬਿੱਲਾਂ ਵਿੱਚੋਂ ਕੱਟ ਲਈ ਗਈ ਹੈ। ਇਸ ਪੂਰੀ ਪ੍ਰਕਿਰਿਆ ਰਾਹੀਂ ਕਿਸਾਨਾਂ ਅਤੇ ਵੇਰਕਾ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਾਇਆ ਗਿਆ।
ਉਨ੍ਹਾਂ ਕਿਹਾ ਕਿ ਵੇਰਕਾ ਦੀ ਅੰਦਰੂਨੀ ਜਾਂਚ ਵਿੱਚ ਵੀ ਇਸ ਘਪਲੇ ਦਾ ਜ਼ਿਕਰ ਕੀਤਾ ਗਿਆ ਸੀ, ਪਰ ਹੁਣ ਤੱਕ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ। ਨੇਤਾਵਾਂ ਨੇ ਦੋਸ਼ ਲਗਾਇਆ ਕਿ ਵੱਡੇ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟੀਨਾ ਚੌਧਰੀ ਅਤੇ ਚਰਨਜੀਤ ਸਿੰਘ ਬਰਾੜ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਨਿਰਪੱਖ ਵਿਜੀਲੈਂਸ ਜਾਂਚ ਅਤੇ ਸੀਬੀਆਈ ਜਾਂਚ ਕਰਵਾਈ ਜਾਵੇ ਤਾਂ ਜੋ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋ ਸਕੇ।

Comments
Post a Comment