ਪ੍ਰਭ ਆਸਰਾ ਦੀ ਵਿਸ਼ੇਸ਼ ਯੋਗਤਾ ਵਾਲੀ ਬੱਚੀ ਰੋਸ਼ਨੀ ਨੇ ਦਸਵੀਂ ਵਿੱਚ 80 ਫੀਸਦੀ ਅੰਕ ਹਾਸਲ ਕਰਕੇ ਬਣੀ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ
ਪ੍ਰਭ ਆਸਰਾ ਦੀ ਵਿਸ਼ੇਸ਼ ਯੋਗਤਾ ਵਾਲੀ ਬੱਚੀ ਰੋਸ਼ਨੀ ਨੇ ਦਸਵੀਂ ਵਿੱਚ 80 ਫੀਸਦੀ ਅੰਕ ਹਾਸਲ ਕਰਕੇ ਬਣੀ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ
ਕੁਰਾਲੀ 24 ਜੂਨ ( ਰਣਜੀਤ ਧਾਲੀਵਾਲ ) : ਕੁਰਾਲੀ ਸ਼ਹਿਰ ਦੀ ਹੱਦ ਅੰਦਰ ਪੈਂਦੇ ਪ੍ਰਭ ਆਸਰਾ ਸੰਸਥਾ ਵਿੱਚ ਰਹਿ ਰਹੀ ਵਿਸ਼ੇਸ਼ ਯੋਗਤਾ ਵਾਲੀ ਵਿਦਿਆਰਥਣ ਰੋਸ਼ਨੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮਾਰਚ-2026 ਦੀ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ 80 ਫੀਸਦੀ ਅੰਕ ਪ੍ਰਾਪਤ ਕਰਕੇ ਸੰਸਥਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਸਾਲਾ ਰੋਸ਼ਨੀ ਬਚਪਨ ਤੋਂ ਹੀ ਪੋਲਿਓ ਤੋਂ ਪ੍ਰਭਾਵਿਤ ਹੈ ਅਤੇ ਸੇਵਾਦਾਰਾਂ ਤੇ ਵ੍ਹੀਲਚੇਅਰ ਦੀ ਸਹਾਇਤਾ ਨਾਲ ਆਪਣੀ ਦਿਨਚਰਿਆ ਨਿਭਾ ਰਹੀ ਹੈ। ਉਸ ਨੂੰ ਅਣਸੁਖਾਵੇ ਹਾਲਾਤਾਂ ਵਿੱਚ ਇਲਾਜ ਅਤੇ ਦੇਖਭਾਲ ਲਈ ਪ੍ਰਭ ਆਸਰਾ ਸੰਸਥਾ ਵਿੱਚ ਦਾਖਲ ਕਰਵਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਰੋਸ਼ਨੀ ਦੀ ਬਚਪਨ ਤੋਂ ਹੀ ਪੜ੍ਹਾਈ ਵਿੱਚ ਰੁਚੀ ਸੀ।ਸੰਸਥਾ ਵਿੱਚ ਆਉਣ ਤੋਂ ਪਹਿਲਾਂ ਉਹ ਕਦੇ ਸਕੂਲ ਨਹੀਂ ਗਈ ਸੀ। ਉਸ ਦੀ ਇਸ ਇੱਛਾ ਨੂੰ ਸਾਕਾਰ ਕਰਨ ਲਈ ਸੰਸਥਾ ਵੱਲੋਂ ਉਸ ਦਾ ਸਕੂਲ ਵਿੱਚ ਦਾਖਲਾ ਕਰਵਾਇਆ ਗਿਆ। ਸਿਹਤ ਸੰਬੰਧੀ ਚੁਣੌਤੀਆਂ ਕਾਰਨ ਉਹ ਰੋਜ਼ਾਨਾ ਸਕੂਲ ਨਹੀਂ ਸੀ ਜਾ ਸਕਦੀ , ਜਿਸ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਭ ਆਸਰਾ ਸੰਸਥਾ ਦੇ ਪ੍ਰਬੰਧਕਾਂ ਵੱਲੋਂ ਉਸ ਲਈ ਵਿਸ਼ੇਸ਼ ਅਧਿਆਪਕਾਂ ਦੀ ਸਹਾਇਤਾ ਉਪਲਬਧ ਕਰਵਾਈ ਗਈ। ਇਸ ਦੇ ਨਾਲ ਹੀ ਦਾਨੀ ਸੱਜਣਾਂ ਵੱਲੋਂ ਵ੍ਹੀਲਚੇਅਰ ਵਾਲੀ ਸਪੈਸ਼ਲ ਬੱਸ ਸਪਾਂਸਰ ਕਰਵਾਈ ਗਈ ਤਾਂ ਜੋ ਇਸ ਤਰਾਂ ਦੇ ਹੋਰ ਬੱਚਿਆਂ ਦੀ ਪੜ੍ਹਾਈ ਨਿਰੰਤਰ ਜਾਰੀ ਰਹਿ ਸਕੇ ਅਤੇ ਜਿੰਦਗੀ ਵਿੱਚ ਵੱਡੇ ਮੁਕਾਮ ਤੇ ਪਹੁੰਚ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਵਿੱਚ ਯੋਗਦਾਨ ਪਾ ਸਕਣ।
ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਨੇ ਕਿਹਾ ਕਿ ਰੋਸ਼ਨੀ ਦੀ ਮਿਹਨਤ, ਲਗਨ ਅਤੇ ਅਧਿਆਪਕਾਂ ਦੀ ਰਹਿਨੁਮਾਈ ਦਾ ਹੀ ਨਤੀਜਾ ਹੈ ਕਿ ਉਸ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ 650 ਅੰਕਾਂ ਵਿੱਚੋਂ 515 ਅੰਕ ਹਾਸਲ ਕੀਤੇ ਹਨ। ਉਸ ਨੇ ਹਿੰਦੀ ਵਿਸ਼ੇ ਵਿੱਚ 97 ਅਤੇ ਗ੍ਰਹਿ ਵਿਗਿਆਨ ਵਿੱਚ 92 ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਰੋਸ਼ਨੀ ਦੀ ਇਸ ਉਲੇਖਣਯੋਗ ਪ੍ਰਾਪਤੀ 'ਤੇ ਪੰਜਾਬ ਦੇ ਸਿੱਖਿਆ ਮੰਤਰੀ ਸ:ਹਰਜੋਤ ਸਿੰਘ ਬੈਂਸ ਅਤੇ ਸ: ਭਗਵੰਤ ਸਿੰਘ ਮਾਨ ਵੱਲੋਂ ਉਸ ਨੂੰ ਸਨਮਾਨ ਪੱਤਰ ਭੇਜ ਕੇ ਸਨਮਾਨਿਤ ਕੀਤਾ ਅਤੇ ਉਸਦਾ ਮਾਣ ਵਧਾਇਆ। ਇਸ ਮੌਕੇ ਸੰਸਥਾ ਦੇ ਪ੍ਰਬੰਧਕਾਂ ਨੇ ਕਿਹਾ ਕਿ ਰੋਸ਼ਨੀ ਦੀ ਸਫਲਤਾ ਹੋਰ ਬੱਚਿਆਂ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਇਹ ਸਾਬਤ ਕਰਦੀ ਹੈ ਕਿ ਹੌਸਲਾ, ਮਿਹਨਤ ਅਤੇ ਸਹੀ ਮਾਰਗਦਰਸ਼ਨ ਨਾਲ ਹਰ ਮੁਸ਼ਕਲ ਨੂੰ ਪਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਰੋਸ਼ਨੀ ਅਤੇ ਹੋਰ ਬੱਚਿਆਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪ੍ਰਭ ਆਸਰਾ ਸੰਸਥਾ ਅੱਗੇ ਵੀ ਬੱਚਿਆਂ ਦੀ ਸਿੱਖਿਆ ਅਤੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਸਹਿਯੋਗ ਪ੍ਰਦਾਨ ਕਰਦੀ ਰਹੇਗੀ।

Comments
Post a Comment