ਓਮਾਨ ਨੂੰ ਪੰਜਾਬ ਦੀ ਲੀਚੀ ਦਾ ਪਹਿਲਾ ਨਿਰਯਾਤ, ਸਹਿਕਾਰੀ ਆਧਾਰਿਤ ਖੇਤੀ ਨਿਰਯਾਤ ਵਿੱਚ ਨਵਾਂ ਅਧਿਆਇ
ਚੰਡੀਗੜ੍ਹ 29 ਜੂਨ ( ਰਣਜੀਤ ਧਾਲੀਵਾਲ ) : ਭਾਰਤ ਸਰਕਾਰ ਦੇ ਵਪਾਰ ਅਤੇ ਉਦਯੋਗ ਮੰਤਰਾਲੇ ਅਧੀਨ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦ ਨਿਰਯਾਤ ਵਿਕਾਸ ਅਥਾਰਟੀ (APEDA) ਦੇ ਸਹਿਯੋਗ ਅਤੇ ਮਾਰਗਦਰਸ਼ਨ ਨਾਲ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਪਹਿਲੀ ਵਾਰ ਤਾਜ਼ੀ ਲੀਚੀ ਦੀ ਖੇਪ ਓਮਾਨ ਨੂੰ ਨਿਰਯਾਤ ਕੀਤੀ ਗਈ ਹੈ। ਇਹ ਉਪਲਬਧੀ ਪੰਜਾਬ ਦੇ ਬਾਗਬਾਨੀ ਖੇਤਰ ਅਤੇ ਸਹਿਕਾਰੀ ਲਹਿਰ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਈ ਹੈ। ਐਪੀਡਾ ਨੇ ਸਹਿਕਾਰੀ ਸਭਾ ਨੂੰ ਵਿਦੇਸ਼ੀ ਖਰੀਦਦਾਰ ਨਾਲ ਜੋੜਨ, ਨਿਰਯਾਤ ਦੀਆਂ ਤਿਆਰੀਆਂ, ਉਤਪਾਦ ਦੀ ਸੋਰਸਿੰਗ ਅਤੇ ਖੇਪ ਨੂੰ ਓਮਾਨ ਭੇਜਣ ਤੱਕ ਪੂਰੀ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾਈ। ਇਹ ਨਿਰਯਾਤ ਉਨੱਤੀ ਐਗਰੀ ਐਲਾਇਡ ਕੋਆਪਰੇਟਿਵ ਸੋਸਾਇਟੀ ਵੱਲੋਂ ਕੀਤਾ ਗਿਆ, ਜਿਸ ਨਾਲ ਸਹਿਕਾਰੀ ਕਿਸਾਨਾਂ ਲਈ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚ ਦੇ ਨਵੇਂ ਮੌਕੇ ਖੁੱਲ੍ਹੇ ਹਨ।
ਇਹ ਪਹਿਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ “ਸਹਿਕਾਰ ਤੋਂ ਸਮ੍ਰਿੱਧੀ” ਦੇ ਵਿਜ਼ਨ ਨੂੰ ਸਾਕਾਰ ਕਰਨ ਵੱਲ ਇੱਕ ਅਹਿਮ ਕਦਮ ਹੈ, ਜਿਸ ਦਾ ਉਦੇਸ਼ ਸਹਿਕਾਰੀ ਸੰਸਥਾਵਾਂ ਨੂੰ ਵਿਸ਼ਵ ਪੱਧਰੀ ਮੁੱਲ ਲੜੀ ਨਾਲ ਜੋੜ ਕੇ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣਾ ਹੈ। ਲੀਚੀ ਦੀ ਇਹ ਪਹਿਲੀ ਖੇਪ ਐਪੀਡਾ ਦੇ ਚੇਅਰਮੈਨ ਅਭਿਸ਼ੇਕ ਦੇਵ ਦੀ ਅਗਵਾਈ ਹੇਠ ਰਵਾਨਾ ਕੀਤੀ ਗਈ। ਹਰਪ੍ਰੀਤ ਸਿੰਘ ਨੇ ਐਪੀਡਾ ਦੇ ਅਧਿਕਾਰੀਆਂ ਅਤੇ ਸਹਿਕਾਰੀ ਸਭਾ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਇਸ ਨੂੰ ਓਮਾਨ ਲਈ ਰਵਾਨਾ ਕੀਤਾ।ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਐਪੀਡਾ ਦੇ ਪੰਜਾਬ ਖੇਤਰੀ ਦਫ਼ਤਰ ਦੇ ਉਦਘਾਟਨ ਤੋਂ ਬਾਅਦ ਇਹ ਪਹਿਲੀ ਅਜਿਹੀ ਨਿਰਯਾਤ ਪਹਿਲ ਹੈ, ਜਿਸ ਤਹਿਤ ਕਿਸੇ ਸਹਿਕਾਰੀ ਸਭਾ ਵੱਲੋਂ ਉਤਪਾਦਿਤ ਤਾਜ਼ੀ ਖੇਤੀ ਉਪਜ ਨੂੰ ਅੰਤਰਰਾਸ਼ਟਰੀ ਬਾਜ਼ਾਰ ਤੱਕ ਪਹੁੰਚਾਇਆ ਗਿਆ ਹੈ। ਇਸ ਨਾਲ ਪੰਜਾਬ ਦੇ ਬਾਗਬਾਨੀ ਉਤਪਾਦਾਂ ਲਈ ਵਿਸ਼ਵ ਬਾਜ਼ਾਰ ਵਿੱਚ ਨਵੇਂ ਮੌਕੇ ਪੈਦਾ ਹੋਣਗੇ।
ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਪਹਿਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ, ਨਿਰਯਾਤ ਯੋਗ ਗੁਣਵੱਤਾ ਵਾਲੇ ਫਲਾਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵ ਦੇ ਤਾਜ਼ੇ ਫਲਾਂ ਦੇ ਬਾਜ਼ਾਰ ਵਿੱਚ ਭਾਰਤ ਦੀ ਮਜ਼ਬੂਤ ਮੌਜੂਦਗੀ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਐਪੀਡਾ ਦੇ ਸਹਿਯੋਗ ਅਤੇ ਬਾਜ਼ਾਰ ਨਾਲ ਜੋੜਨ ਦੇ ਯਤਨਾਂ ਸਦਕਾ ਪੰਜਾਬ ਦੀ ਲੀਚੀ ਦਾ ਸਫਲਤਾਪੂਰਵਕ ਓਮਾਨ ਪਹੁੰਚਣਾ ਰਾਜ ਦੀ ਖੇਤੀ ਨਿਰਯਾਤ ਯਾਤਰਾ ਵਿੱਚ ਇੱਕ ਇਤਿਹਾਸਕ ਉਪਲਬਧੀ ਹੈ।

Comments
Post a Comment