ਆਪਣੀ ਨਵੀਂ ਰੂਹਾਨੀ ਪੇਸ਼ਕਸ਼ "ਓਹਦੀਆਂ ਖੇਡਾਂ" ਨਾਲ ਪਦਮਸ਼੍ਰੀ ਹੰਸ ਰਾਜ ਹੰਸ ਦੇ ਰੂਹਾਨੀ ਤੇ ਸੁਰੀਲੇ ਸਫ਼ਰ ਦੀ ਮੁੜ ਹੋਈ ਸ਼ੁਰੂਆਤ
ਆਪਣੀ ਨਵੀਂ ਰੂਹਾਨੀ ਪੇਸ਼ਕਸ਼ "ਓਹਦੀਆਂ ਖੇਡਾਂ" ਨਾਲ ਪਦਮਸ਼੍ਰੀ ਹੰਸ ਰਾਜ ਹੰਸ ਦੇ ਰੂਹਾਨੀ ਤੇ ਸੁਰੀਲੇ ਸਫ਼ਰ ਦੀ ਮੁੜ ਹੋਈ ਸ਼ੁਰੂਆਤ
ਰਾਜਨੀਤੀ ਨੂੰ ਅਲਵਿਦਾ ਕਹਿ ਹੁਣ ਸਿਰਫ਼ ਆਪਣੇ ਪ੍ਰਸ਼ੰਸਕਾਂ ਦੀ ਰੂਹ ਨੂੰ ਸਕੂਨ ਪਹੁੰਚਾਉਣਗੇ ਪੰਜਾਬ ਦੇ ਮਾਣਮੱਤੇ ਗਾਇਕ ਹੰਸ ਰਾਜ ਹੰਸ
ਚੰਡੀਗੜ੍ਹ 3 ਜੁਲਾਈ ( ਰਣਜੀਤ ਧਾਲੀਵਾਲ ) : ਆਪਣੀ ਮਿੱਠੀ, ਸੁਰੀਲੀ ਅਤੇ ਭਾਵਪੂਰਨ ਆਵਾਜ਼ ਨਾਲ ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੇ ਪਦਮਸ਼੍ਰੀ ਹੰਸ ਰਾਜ ਹੰਸ ਇੱਕ ਵਾਰ ਫਿਰ ਆਪਣੇ ਨਵੇਂ ਰੂਹਾਨੀ ਗੀਤ "ਓਹਦੀਆਂ ਖੇਡਾਂ" ਨਾਲ ਸਰੋਤਿਆਂ ਦੇ ਦਰਮਿਆਨ ਹਾਜ਼ਰ ਹੋਏ ਹਨ। ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਆਪਣੀ ਇਸ ਨਵੀਂ ਪੇਸ਼ਕਸ਼ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਹੰਸ ਰਾਜ ਹੰਸ ਨੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਸਿਰਫ਼ ਝੂਠ ਦਾ ਹੀ ਬੋਲਬਾਲਾ ਹੈ। ਰਾਜਨੀਤੀ ਬਾਰੇ ਹੋਰ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਤੋਂ ਉਹ ਸਿਰਫ਼ ਆਪਣੀ ਪੁਰਾਣੀ ਪਛਾਣ, ਸੂਫ਼ੀ ਗਾਇਕੀ ਦੀ ਪਰੰਪਰਾ ਨੂੰ ਹੀ ਅੱਗੇ ਵਧਾਉਣ ਲਈ ਸਮਰਪਿਤ ਰਹਿਣਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਰੂਹਾਨੀਅਤ ਨਾਲ ਭਰਪੂਰ ਰਚਨਾਵਾਂ ਰਾਹੀਂ ਆਪਣੇ ਸਰੋਤਿਆਂ ਦੀ ਰੂਹ ਨੂੰ ਸਕੂਨ ਪਹੁੰਚਾਉਣਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰੈੱਸ ਕਾਨਫਰੰਸ ਵਿੱਚ ਇਸ ਦਿਲ ਨੂੰ ਛੂਹ ਲੈਣ ਵਾਲੇ ਗੀਤ ਦੇ ਰਚਨਾਕਾਰ ਅਤੇ ਗੀਤਕਾਰ ਸੰਜੀਵ ਆਨੰਦ, ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ ਅਤੇ ਗਾਇਕ ਕਲਾਕਾਰ ਹਰਦੀਪ ਵੀ ਮੌਜੂਦ ਸਨ।ਜ਼ਿਕਰਯੋਗ ਹੈ ਕਿ ਆਨੰਦ ਰਿਕਾਰਡਜ਼ ਅਤੇ ਸੰਜੀਵ ਆਨੰਦ ਵੱਲੋਂ ਪੇਸ਼ ਕੀਤਾ ਗਿਆ ਇਹ ਗੀਤ ਇਸ ਸਾਲ ਦੀਆਂ ਸਭ ਤੋਂ ਭਾਵਪੂਰਨ ਅਤੇ ਰੂਹਾਨੀ ਸੰਗੀਤਕ ਪੇਸ਼ਕਸ਼ਾਂ ਵਿੱਚੋਂ ਇੱਕ ਹੈ। "ਓਹਦੀਆਂ ਖੇਡਾਂ" ਆਸਥਾ, ਭਗਤੀ ਅਤੇ ਜ਼ਿੰਦਗੀ ਦੀ ਰੂਹਾਨੀ ਯਾਤਰਾ ਨੂੰ ਸਮਰਪਿਤ ਇੱਕ ਵਿਸ਼ੇਸ਼ ਪੇਸ਼ਕਸ਼ ਹੈ। ਹੰਸ ਰਾਜ ਹੰਸ ਦੀ ਦਿਲ ਨੂੰ ਛੂਹ ਲੈਣ ਵਾਲੀ ਗਾਇਕੀ ਅਤੇ ਗੀਤ ਦੇ ਭਾਵਪੂਰਨ ਬੋਲ ਸਰੋਤਿਆਂ ਨੂੰ ਰੂਹਾਨੀ ਅਨੁਭੂਤੀ ਨਾਲ ਜੋੜਨ ਦਾ ਕੰਮ ਕਰਨਗੇ।ਇਸ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ਸੰਜੀਵ ਆਨੰਦ ਨੇ ਲਿਖੇ ਹਨ, ਜਦਕਿ ਇਸ ਦਾ ਸੰਗੀਤ ਅਮਦਾਦ ਅਲੀ ਨੇ ਤਿਆਰ ਕੀਤਾ ਹੈ। ਗੀਤ ਦੇ ਵੀਡੀਓ ਦਾ ਨਿਰਦੇਸ਼ਨ ਜੱਸ ਪੇੱਸੀ ਨੇ ਕੀਤਾ ਹੈ ਅਤੇ ਇਸ ਪ੍ਰੋਜੈਕਟ ਦਾ ਨਿਰਮਾਣ ਹਰਸ਼ਿਤ ਆਨੰਦ ਵੱਲੋਂ ਕੀਤਾ ਗਿਆ ਹੈ। ਸ਼ਾਨਦਾਰ ਸੰਗੀਤ, ਪ੍ਰੇਰਣਾਦਾਇਕ ਬੋਲ ਅਤੇ ਆਕਰਸ਼ਕ ਦ੍ਰਿਸ਼ਾਂ ਨਾਲ ਸਜਿਆ "ਓਹਦੀਆਂ ਖੇਡਾਂ" ਪੰਜਾਬੀ ਸੰਗੀਤ ਪ੍ਰੇਮੀਆਂ ਅਤੇ ਰੂਹਾਨੀ ਸੰਗੀਤ ਦੇ ਸ਼ੌਕੀਨਾਂ ਲਈ ਇੱਕ ਯਾਦਗਾਰ ਅਨੁਭਵ ਸਾਬਤ ਹੋਣ ਦੀ ਪੂਰੀ ਸਮਰੱਥਾ ਰੱਖਦਾ ਹੈ। ਆਨੰਦ ਰਿਕਾਰਡਜ਼ ਦੀ ਇਹ ਪੇਸ਼ਕਸ਼ ਇੱਕ ਵਾਰ ਫਿਰ ਅਰਥਪੂਰਨ, ਸੱਭਿਆਚਾਰਕ ਅਤੇ ਰੂਹਾਨੀ ਸੰਗੀਤ ਨੂੰ ਪ੍ਰੋਤਸਾਹਿਤ ਕਰਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

Comments
Post a Comment