ਪਿਛਲੇ ਦਿਨੀ ਕੁੜੀਆਂ ਵੇਚਣ ਵਾਲੇ ਰੈਕਟ ਦਾ ਮਾਮਲਾ ਭਖਿਆ ਤੇ ਪਹੁੰਚਿਆ ਮਹਿਲਾ ਕਮਿਸ਼ਨ ਪੰਜਾਬ ਕੋਲ
ਮਹਿਲਾ ਕਮਿਸ਼ਨ ਪੰਜਾਬ ਵੱਲੋਂ ਵਾਪਸ ਆਈ ਲੜਕੀ ਨੂੰ ਬੁਲਾਕੇ ਪੁੱਛ ਪੜਤਾਲ ਕੀਤੀ ਤੇ ਗੁੰਮ ਹੋਈ ਲੜਕੀ ਨੂੰ ਜਲਦੀ ਬਰਾਮਦ ਕਰਨ ਦਾ ਭਰੋਸਾ ਦਿੰਦਿਆਂ ਐਸਐਸਪੀ ਮੋਹਾਲੀ ਤੋਂ 24 ਜੁਲਾਈ ਤੱਕ ਮੰਗੀ ਰਿਪੋਰਟ
ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਮਹਿਲਾ ਕਮਿਸ਼ਨ ਦਾ ਧੰਨਵਾਦ ਕੀਤਾ ਤੇ ਜਲਦ ਕਾਰਵਾਈ ਕਰਨ ਦੀ ਕੀਤੀ ਅਪੀਲ
ਐਸ.ਏ.ਐਸ.ਨਗਰ 23 ਜੁਲਾਈ ( ਰਣਜੀਤ ਧਾਲੀਵਾਲ ) : ਪਿਛਲੇ ਦਿਨੀ ਐਸ ਸੀ ਬੀ ਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਇੱਕ ਲੜਕੀ ਨੂੰ ਵੇਚਣ ਤੇ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਸੀ। ਜਿਸ ਦੀ ਸਾਰੇ ਪੰਜਾਬ ਵਿੱਚ ਬਹੁਤ ਚਰਚਾ ਹੋਈ ਸੀ ਤੇ ਵੱਖ ਵੱਖ ਚੈਨਲਾਂ ਨੇ ਇਸ ਖਬਰ ਨੂੰ ਲੋਕਾਂ ਤੱਕ ਪਹੁੰਚਾਇਆ ਸੀ। ਜਿਸ ਤੇ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਨੇ ਸੂ ਮੋਟੋ ਲੈਂਦਿਆਂ ਐਸਐਸਪੀ ਮੋਹਾਲੀ ਨੂੰ 24 ਜੁਲਾਈ ਤੱਕ ਰਿਪੋਰਟ ਕਰਨ ਦੀ ਹਦਾਇਤ ਕੀਤੀ ਸੀ। ਇਸੇ ਮਾਮਲੇ ਸਬੰਧੀ ਅੱਜ ਮੋਰਚਾ ਪ੍ਰਧਾਨ ਕੁੰਭੜਾ ਨੇ ਪੀੜਤ ਲੜਕੀ ਅਤੇ ਗੁੰਮ ਹੋਈ ਲੜਕੀ ਦੀ ਮਾਤਾ ਨੂੰ ਨਾਲ ਲੈਕੇ ਮੋਰਚਾ ਆਗੂਆਂ ਦੇ ਨਾਲ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਸਾਰੀ ਵਿਥਿਆ ਸੁਣਾਈ ਗਈ। ਮੈਡਮ ਰਾਜ ਲਾਲੀ ਗਿੱਲ ਨੇ ਸਾਰੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਲੜਕੀ ਅੰਜਲੀ ਨੂੰ ਜਲਦ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਉਂਦਿਆ ਗੁੰਮ ਹੋਈ ਲੜਕੀ ਵਰਸ਼ਾ ਦੀ ਮਾਤਾ ਨੂੰ ਜਲਦ ਤੋਂ ਜਲਦ ਉਸ ਦੀ ਬੇਟੀ ਨਾਲ ਮਿਲਾਉਣ ਦਾ ਭਰੋਸਾ ਦਿੱਤਾ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਕੁੰਭੜਾ ਨੇ ਦੱਸਿਆ ਕਿ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਰੱਤਾ ਖੇੜਾ ਦੀ ਮਨਦੀਪ ਕੌਰ ਅਤੇ ਉਸਦੇ ਸਹਿਯੋਗੀ ਅਲਫਾ, ਹੈਪੀ, ਅਰਸ਼ ਅਤੇ ਜਸਵੀਰ ਕੌਰ ਨੇ ਇਸ ਅੰਜਲੀ ਨਾਂ ਦੀ ਲੜਕੀ ਨੂੰ ਫਿਲਮਾਂ ਵਿੱਚ ਕੰਮ ਕਰਕੇ ਜਿਆਦਾ ਪੈਸਾ ਕਮਾਉਣ ਦਾ ਲਾਲਚ ਦੇ ਕੇ ਵਰਗਲਾ ਕੇ ਆਪਣੇ ਨਾਲ ਲੈ ਗਈ। ਉਸ ਦੇ ਪਰਿਵਾਰ ਨੇ ਡੇਢ ਲੱਖ ਰੁਪਏ ਦੇ ਕੇ ਆਪਣੀ ਲੜਕੀ ਬੜੀ ਮੁਸ਼ਕਿਲ ਨਾਲ ਵਾਪਸ ਲੈ ਕੇ ਆਏ ਹਨ ਤੇ ਇਸਦੇ ਨਾਲ ਇਸ ਦੀ ਦੂਸਰੀ ਸਹੇਲੀ ਵਰਸ਼ਾ ਅੱਜ ਤਕ ਗਾਇਬ ਹੈ, ਪਰ ਕੁੱਛ ਦਿਨ ਪਹਿਲਾਂ ਵਾਪਿਸ ਆਈ ਦੂਸਰੀ ਲੜਕੀ ਨੂੰ ਫੋਨ ਕਰਕੇ ਦੱਸਿਆ ਕਿ ਮੈਂ ਰਾਜਸਥਾਨ 'ਚ ਹਾਂ। ਸਾਡੇ ਸਮੂਹ ਮੋਰਚਾ ਆਗੂਆਂ ਨੇ ਇਹ ਮਾਮਲਾ ਚੁਕਿਆ ਤੇ ਮਹਿਲਾ ਕਮਿਸ਼ਨ ਕੋਲ ਪਹੁੰਚਿਆ ਹੈ, ਮਾਨਯੋਗ ਮੈਡਮ ਰਾਜ ਲਾਲੀ ਗਿੱਲ ਨੇ ਐਸ ਐਸ ਪੀ ਮੋਹਾਲੀ ਨੂੰ 24 ਜੁਲਾਈ ਤਕ ਰਿਪੋਰਟ ਮੰਗੀ ਹੈ ਤੇ ਸਾਨੂੰ ਆਸ ਹੈ ਕਿ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਇਨਸਾਫ਼ ਜਰੂਰ ਮਿਲੇਗਾ। ਇਸ ਮੌਕੇ ਮਾਸਟਰ ਬਨਵਾਰੀ ਲਾਲ, ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਸ਼ਰਨਜੀਤ ਸਿੰਘ, ਗੁਰਵਿੰਦਰ ਸਿੰਘ, ਬੱਬਲ ਚੋਪੜਾ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਹੋਏ।

Comments
Post a Comment