ਆਤਮਿਕ ਆਜ਼ਾਦੀ ਅਤੇ ਬ੍ਰਹਮਗਿਆਨ ਦੇ ਸੰਦੇਸ਼ ਨਾਲ 'ਮੁਕਤੀ ਪਰਵ' ਦਾ ਆਯੋਜਨ
ਮਨ ਦੇ ਬੰਧਨਾਂ ਤੋਂ ਆਜ਼ਾਦੀ ਹੀ ਅਸਲ ਮੁਕਤੀ
ਚੰਡੀਗੜ੍ਹ 16 ਅਗਸਤ ( ਰਣਜੀਤ ਧਾਲੀਵਾਲ ) : ਪੂਰਾ ਭਾਰਤ ਸਾਲਾਨਾ ਆਜ਼ਾਦੀ ਦਿਹਾੜਾ ਜਿੱਥੇ ਦੇਸ਼ ਭਗਤੀ, ਗੌਰਵ ਅਤੇ ਉਤਸ਼ਾਹ ਨਾਲ ਮਨਾ ਰਿਹਾ ਸੀ, ਉੱਥੇ ਹੀ ਸੰਤ ਨਿਰੰਕਾਰੀ ਮਿਸ਼ਨ ਨੇ ਇਸ ਇਤਿਹਾਸਕ ਮੌਕੇ 'ਤੇ ਬ੍ਰਹਮਗਿਆਨ ਦੁਆਰਾ ਪ੍ਰਾਪਤ ਆਤਮਿਕ ਆਜ਼ਾਦੀ ਦੇ ਰੂਹਾਨੀ ਸੰਦੇਸ਼ ਨੂੰ ਵੀ ਜਨ-ਜਨ ਤੱਕ ਪਹੁੰਚਾਇਆ। ਇਹ ਪਰਵ ਇਸ ਸੱਚ ਨੂੰ ਸਾਕਾਰ ਕਰਦਾ ਹੈ ਕਿ ਅਸਲ ਮੁਕਤੀ ਬਾਹਰੀ ਬੰਧਨਾਂ ਤੋਂ ਨਹੀਂ, ਸਗੋਂ ਅਗਿਆਨਤਾ, ਹੰਕਾਰ ਅਤੇ ਵਿਤਕਰੇ ਤੋਂ ਮੁਕਤ ਹੋ ਕੇ ਆਤਮ-ਬੋਧ ਅਤੇ ਪਰਮਾਤਮ-ਬੋਧ ਦੀ ਅਨੁਭੂਤੀ ਵਿੱਚ ਨਿਹਿਤ ਹੈ। ਇਸ ਮੌਕੇ ’ਤੇ ਚੰਡੀਗੜ੍ਹ ਦੇ ਸੰਤ ਨਿਰੰਕਾਰੀ ਸਤਿਸੰਗ ਭਵਨ, ਸੈਕਟਰ 30-ਏ ਵਿਖੇ ਵੀ ‘ਮੁਕਤੀ ਪਰਵ’ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਭਗਤ ਸ਼ਾਮਲ ਹੋਏ। ਇਸ ਸਮਾਗਮ ਦੌਰਾਨ ਨਵਨੀਤ ਪਾਠਕ, ਸੰਯੋਜਕ ਚੰਡੀਗੜ੍ਹ ਨੇ ਕਿਹਾ ਕਿ ਆਜ਼ਾਦੀ ਦਿਵਸ ਦੇਸ਼ ਦੀ ਆਜ਼ਾਦੀ ਦੀ ਯਾਦ ਦਿਵਾਉਂਦਾ ਹੈ, ਜਦਕਿ ਮੁਕਤੀ ਪਰਵ ਮਨੁੱਖ ਨੂੰ ਆਪਣੇ ਅੰਦਰ ਝਾਤ ਮਾਰ ਕੇ ਮਨ ਦੇ ਵਿਕਾਰਾਂ ਅਤੇ ਬੰਧਨਾਂ ਤੋਂ ਮੁਕਤ ਹੋਣ ਦੀ ਪ੍ਰੇਰਣਾ ਦਿੰਦਾ ਹੈ।
ਮੁਕਤੀ ਪਰਵ ਦਾ ਇਹ ਪਾਵਨ ਮੌਕਾ ਪਰਮ ਸਤਿਕਾਰਯੋਗ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਪਾਵਨ ਛਤਰ-ਛਾਇਆ ਹੇਠ ਦਿੱਲੀ ਸਥਿਤ ਨਿਰੰਕਾਰੀ ਸਰੋਵਰ ਦੇ ਸਾਹਮਣੇ, ਗਰਾਊਂਡ ਨੰ. 2, ਨਿਰੰਕਾਰੀ ਚੌਕ, ਬੁਰਾੜੀ ਰੋਡ 'ਤੇ ਸ਼ਰਧਾ, ਭਗਤੀ ਅਤੇ ਉਤਸ਼ਾਹਪੂਰਨ ਮਾਹੌਲ ਵਿੱਚ ਆਯੋਜਿਤ ਹੋਇਆ। ਇਸ ਆਯੋਜਨ ਵਿੱਚ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਫਰਮਾਇਆ ਕਿ ਸੱਚੀ ਮੁਕਤੀ ਬਾਹਰੀ ਬੰਧਨਾਂ ਤੋਂ ਨਹੀਂ, ਸਗੋਂ ਨਫ਼ਰਤ, ਹੰਕਾਰ, ਛੋਟੀ ਸੋਚ ਅਤੇ ਪੱਖਪਾਤ ਤੋਂ ਮੁਕਤ ਹੋਣ ਵਿੱਚ ਹੈ। ਹਰ ਸਾਹ ਵਿੱਚ ਨਿਰੰਕਾਰ ਦਾ ਅਹਿਸਾਸ ਰੱਖਦੇ ਹੋਏ ਪ੍ਰੇਮ, ਭਗਤੀ ਅਤੇ ਸਵੀਕਾਰਤਾ ਨਾਲ ਜਿਉਣਾ ਹੀ ਜਿਉਂਦੇ-ਜੀਅ ਮੁਕਤੀ ਹੈ। ਸਤਿਗੁਰੂ ਮਾਤਾ ਜੀ ਨੇ ਮਾਤਾ ਸਵਿੰਦਰ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ‘ਲਾਈਟ ਹਾਊਸ’ (ਚਾਨਣ ਮੁਨਾਰੇ) ਦੀ ਉਦਾਹਰਨ ਦਿੱਤੀ ਕਿ ਪ੍ਰਸਥਿਤੀਆਂ ਕਿਹੋ ਜਿਹੀਆਂ ਵੀ ਹੋਣ, ਅੰਦਰੂਨੀ ਸ਼ਾਂਤੀ, ਪ੍ਰੇਮ ਅਤੇ ਹਾਂ-ਪੱਖੀ (ਸਕਾਰਾਤਮਕ) ਰੌਸ਼ਨੀ ਸਦਾ ਬਰਕਰਾਰ ਰੱਖੋ। ਸੰਤਾਂ ਦੀਆਂ ਸਿੱਖਿਆਵਾਂ ਨੂੰ ਕੇਵਲ ਸੁਣਨਾ ਨਹੀਂ, ਸਗੋਂ ਵਿਚਾਰ, ਕਰਮ ਅਤੇ ਜੀਵਨ ਵਿੱਚ ਉਤਾਰਨਾ ਹੀ ਅਸਲ ਸਾਧਨਾ ਅਤੇ ਮੁਕਤੀ ਦਾ ਮਾਰਗ ਹੈ।
ਇਸ ਪਾਵਨ ਮੌਕੇ 'ਤੇ ਸ਼ਰਧਾਲੂ ਭਗਤਾਂ ਨੇ ਉਨ੍ਹਾਂ ਮਹਾਨ ਸੰਤ ਸ਼ਖ਼ਸੀਅਤਾਂ ਨੂੰ ਸ਼ਰਧਾਪੂਰਵਕ ਨਮਨ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ, ਜਿਨ੍ਹਾਂ ਦੇ ਤਿਆਗ ਅਤੇ ਸਮਰਪਣ ਨੇ ਮਨੁੱਖਤਾ ਨੂੰ ਮੁਕਤੀ ਦੇ ਮਾਰਗ ਵੱਲ ਅੱਗੇ ਵਧਾਇਆ। ਇਸ ਦੇ ਨਾਲ ਹੀ ਵਿਸ਼ਵ ਭਰ ਵਿੱਚ ਮਿਸ਼ਨ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਵੀ ‘ਮੁਕਤੀ ਪਰਵ’ ਦੇ ਮੌਕੇ 'ਤੇ ਵਿਸ਼ੇਸ਼ ਸਤਿਸੰਗ ਆਯੋਜਿਤ ਕਰਕੇ ਇਹਨਾਂ ਮਹਾਨ ਸੰਤ ਸ਼ਖ਼ਸੀਅਤਾਂ ਨੂੰ ਸ਼ਰਧਾਪੂਰਵਕ ਯਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ‘ਮੁਕਤੀ ਪਰਵ’ ਦੀ ਸ਼ੁਰੂਆਤ ਸਾਲ 1964 ਵਿੱਚ ਜਗਤ ਮਾਤਾ ਬੁੱਧਵੰਤੀ ਜੀ ਦੀ ਪਾਵਨ ਯਾਦ ਵਿੱਚ ਹੋਈ। ਸਾਲ 1969 ਵਿੱਚ ਸ਼ਹਿਨਸ਼ਾਹ ਬਾਬਾ ਅਵਤਾਰ ਸਿੰਘ ਜੀ ਦੇ ਬ੍ਰਹਮਲੀਨ ਹੋਣ ਤੋਂ ਬਾਅਦ ਇਹ ਦਿਨ ‘ਸ਼ਹਿਨਸ਼ਾਹ-ਜਗਤਮਾਤਾ ਦਿਵਸ’ ਦੇ ਰੂਪ ਵਿੱਚ ਸ਼ਰਧਾ ਨਾਲ ਮਨਾਇਆ ਜਾਣ ਲੱਗਾ। ਸਾਲ 1979 ਵਿੱਚ ਸੰਤ ਨਿਰੰਕਾਰੀ ਮੰਡਲ ਦੇ ਪਹਿਲੇ ਪ੍ਰਧਾਨ ਸੰਤ ਲਾਭ ਸਿੰਘ ਜੀ ਦੀ ਯਾਦ ਨੂੰ ਵੀ ਇਸ ਦਿਨ ਨਾਲ ਜੋੜਦੇ ਹੋਏ ਬਾਬਾ ਗੁਰਬਚਨ ਸਿੰਘ ਜੀ ਨੇ ਇਸ ਨੂੰ ‘ਮੁਕਤੀ ਪਰਵ’ ਦੇ ਰੂਪ ਵਿੱਚ ਸਥਾਪਿਤ ਕੀਤਾ। ਇਸ ਮੌਕੇ ਨਿਰੰਕਾਰੀ ਰਾਜਮਾਤਾ ਜੀ ਦੇ ਭਗਤੀਮਈ ਜੀਵਨ ਅਤੇ ਉਨ੍ਹਾਂ ਦੁਆਰਾ ਦਿੱਤੀਆਂ ਅਨਮੋਲ ਸਿੱਖਿਆਵਾਂ ਦਾ ਵੀ ਜ਼ਿਕਰ ਕੀਤਾ ਗਿਆ।
ਸਾਲ 2018 ਤੋਂ ਯੁੱਗ-ਨਿਰਮਾਤਾ ਮਾਤਾ ਸਵਿੰਦਰ ਜੀ ਨੂੰ ਵੀ ਇਸ ਪਾਵਨ ਮੌਕੇ 'ਤੇ ਸ਼ਰਧਾਪੂਰਵਕ ਨਮਨ ਕੀਤਾ ਜਾਂਦਾ ਹੈ, ਜਿਨ੍ਹਾਂ ਦਾ ਮਮਤਾ, ਨਿਮਰਤਾ, ਤਿਆਗ ਅਤੇ ਨਿਸ਼ਕਾਮ ਸੇਵਾ ਨਾਲ ਭਰਪੂਰ ਜੀਵਨ ਸਦਾ ਸ਼ਰਧਾਲੂ ਭਗਤਾਂ ਲਈ ਪ੍ਰੇਰਨਾ, ਮਾਰਗਦਰਸ਼ਨ ਅਤੇ ਰੂਹਾਨੀ ਊਰਜਾ ਦਾ ਸਰੋਤ ਬਣਿਆ ਰਹੇਗਾ। ਇਸ ਦੇ ਨਾਲ ਹੀ, ਸਤਿਗੁਰੂ ਮਾਤਾ ਜੀ ਨੇ ਇਸ ਪਾਵਨ ਦਿਹਾੜੇ ਨੂੰ ਉਨ੍ਹਾਂ ਸਾਰੇ ਕਰਮਯੋਗੀ ਭਗਤਾਂ ਅਤੇ ਸਮਰਪਿਤ ਸੇਵਾਦਾਰਾਂ ਪ੍ਰਤੀ ਧੰਨਵਾਦ ਅਤੇ ਸ਼ਰਧਾ ਅਰਪਿਤ ਕਰਨ ਦਾ ਮੌਕਾ ਬਣਾਇਆ, ਜਿਨ੍ਹਾਂ ਨੇ ਆਪਣੇ ਤਨ, ਮਨ ਅਤੇ ਜੀਵਨ ਨੂੰ ਨਿਰਸ਼ਵਾਰਥ ਭਾਵ ਨਾਲ ਮਿਸ਼ਨ ਅਤੇ ਮਨੁੱਖਤਾ ਦੀ ਸੇਵਾ ਵਿੱਚ ਸਮਰਪਿਤ ਕੀਤਾ। ਬੇਸ਼ੱਕ ਮੁਕਤੀ ਪਰਵ ਦਾ ਮੂਲ ਭਾਵ ਇਹੋ ਹੈ ਕਿ ਜਿਵੇਂ ਭੌਤਿਕ ਆਜ਼ਾਦੀ ਰਾਸ਼ਟਰ ਦੀ ਤਰੱਕੀ ਅਤੇ ਉੱਨਤੀ ਦਾ ਮਾਰਗ ਪੱਧਰਾ ਕਰਦੀ ਹੈ, ਉਸੇ ਤਰ੍ਹਾਂ ਬ੍ਰਹਮਗਿਆਨ ਦੀ ਰੂਹਾਨੀ ਜੋਤ ਮਨੁੱਖ ਨੂੰ ਆਪਣੀ ਅਸਲ ਪਛਾਣ ਦਾ ਬੋਧ ਕਰਵਾਉਂਦੇ ਹੋਏ ਪ੍ਰੇਮ ਅਤੇ ਭਾਈਚਾਰੇ ਦੇ ਪਾਵਨ ਮਾਰਗ 'ਤੇ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ।

Comments
Post a Comment