ਹਰਿਆਣਾ ਵਿੱਚ ਸਿੱਖਾਂ ਦੀ ਜਾਇਜ ਮੰਗ ਮੰਨਣ ਦੀ ਬਜਾਏ ਤਸ਼ੱਦਦ ਕਰਕੇ ਵੱਡੇ ਲੀਡਰਾਂ ਨੂੰ ਜਖਮੀ ਕਰਨਾ ਬਹੁਤ ਹੀ ਮੰਦਭਾਗਾ : ਗਿਆਨੀ ਹਰਪ੍ਰੀਤ ਸਿੰਘ
ਹਰਿਆਣਾ ਵਿੱਚ ਸਿੱਖਾਂ ਦੀ ਜਾਇਜ ਮੰਗ ਮੰਨਣ ਦੀ ਬਜਾਏ ਤਸ਼ੱਦਦ ਕਰਕੇ ਵੱਡੇ ਲੀਡਰਾਂ ਨੂੰ ਜਖਮੀ ਕਰਨਾ ਬਹੁਤ ਹੀ ਮੰਦਭਾਗਾ : ਗਿਆਨੀ ਹਰਪ੍ਰੀਤ ਸਿੰਘ
ਚੰਡੀਗੜ੍ਹ 14 ਅਗਸਤ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਹਰਿਆਣਾ ਦੇ ਸਿੱਖਾਂ ਵੱਲੋਂ ਲੁਧਿਆਣਾ ਦੇ ਇਕ ਸਿੱਖ ਵਿਰੋਧੀ ਅਨਸਰ ਦੀ ਗੁੰਡਾਗਰਦੀ ਖਿਲਾਫ ਪਰਚਾ ਦਰਜ ਕਰਾਉਣ ਲਈ ਕੱਲ੍ਹ ਜੋ ਰੋਸ ਧਰਨਾ ਦਿੱਤਾ ਜਾ ਰਿਹਾ ਸੀ, ਉਸ ਜਾਇਜ ਮੰਗ ਨੂੰ ਕਾਨੂੰਨੀ ਆਧਾਰ 'ਤੇ ਮੰਨਣ ਦੀ ਬਜਾਏ, ਸਿੱਖ ਸੰਗਤਾਂ ਦੀ ਆਵਾਜ ਨੂੰ ਤਸ਼ੱਦਦ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਸਮੇਤ ਕਈ ਲੋਕ ਜਖਮੀ ਹੋਏ। ਇਹਨਾਂ ਸੰਗਤਾਂ ਦੀ ਇਕ ਜਾਇਜ ਮੰਗ ਸੀ ਕਿ ਲੋਕਾਂ ਉੱਤੇ ਗੱਡੀ ਚੜ੍ਹਾਉਣ ਵਾਲੇ ਗੁਰਸਿਮਰਨ ਮੰਡ ਖਿਲਾਫ ਪਰਚਾ ਦਰਜ ਕਰਕੇ ਪਿਉ ਪੁਤਰ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਨਜਾਇਜ ਫੜੇ ਹੋਏ ਸਿੰਘ ਰਿਹਾ ਕੀਤੇ ਜਾਣ। ਜਦੋਂ ਪ੍ਰਸ਼ਾਸਨ ਨੇ ਇਸ ਮੰਗ ਵੱਲ ਕੋਈ ਤਵੱਜੋਂ ਨਹੀਂ ਦਿੱਤੀ ਤਾਂ ਮਜਬੂਰੀ ਵੱਸ ਸੰਗਤਾਂ ਨੂੰ ਸੜਕ ਜਾਮ ਕਰਨ ਲਈ ਧਰਨਾ ਲਾਉਣਾ ਪਿਆ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਕੋਲ ਆਪਣੀ ਗੱਲ ਮੰਨਵਾਉਣ ਦਾ ਇਹੋ ਰਾਹ ਹੁੰਦਾ ਹੈ। ਪਰ ਹਰਿਆਣਾ ਪੁਲਸ ਜੋ ਪਹਿਲਾਂ ਤੋਂ ਹੀ ਸਿੱਖ ਵਿਰੋਧੀ ਵਜੋਂ ਆਪਣੀ ਪਛਾਣ ਬਣਾ ਚੁੱਕੀ ਹੈ, ਉਸਨੇ ਲਾਠੀਚਾਰਜ ਦਾ ਰਾਹ ਅਪਣਾਇਆ ਅਤੇ ਸੰਗਤਾਂ ਨੂੰ ਜਖਮੀ ਕੀਤਾ। ਉਹਨਾਂ ਕਿਹਾ ਕਿ ਅਸੀਂ ਇਸ ਜੁਲਮੀ ਤਸ਼ੱਦਦ ਦੀ ਸਖਤ ਨਿੰਦਾ ਕਰਦੇ ਹੋਏ ਮੰਗ ਕਰਦੇ ਹਾਂ ਕਿ ਸਿੱਖਾਂ ਦੀਆਂ ਮੰਗਾਂ ਤੁਰੰਤ ਮੰਨੀਆ ਜਾਣ ਅਤੇ ਇਸ ਲਾਠੀਚਾਰਜ ਰਾਹੀਂ ਲੋਕਾਂ ਨੂੰ ਜਖਮੀ ਕਰਨ ਵਾਲੇ ਪੁਲਸ ਮੁਲਾਜ਼ਮਾਂ ਤੇ ਕਾਰਵਾਈ ਕੀਤੀ ਜਾਵੇ। ਅਸੀਂ ਜਥੇਦਾਰ ਜਗਦੀਸ਼ ਸਿੰਘ ਝੀਂਡਾ ਅਤੇ ਜਖਮੀ ਹੋਣ ਵਾਲੇ ਸਾਰੇ ਸਿੰਘਾਂ ਦੀ ਚੜਦੀ ਕਲਾ ਅਤੇ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ। ਪ੍ਰੈਸ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

Comments
Post a Comment