ਮਾਤ-ਪਿਤਾ ਗਊ ਧਾਮ ਵਿਖੇ 'ਸੇਵਾ ਸਨਮਾਨ' ਪ੍ਰੋਗਰਾਮ ਦੌਰਾਨ ਸਮਾਜ ਸੇਵਕ ਸਨਮਾਨਿਤ
ਐਸ.ਏ.ਐਸ.ਨਗਰ 2 ਅਗੱਸਤ ( ਰਣਜੀਤ ਧਾਲੀਵਾਲ ) : ਖੱਲੌਰ ਪਿੰਡ, ਮੋਹਾਲੀ ਸਥਿਤ ਮਾਤ-ਪਿਤਾ ਗਊ ਧਾਮ ਵਿਖੇ ਐਤਵਾਰ ਨੂੰ 176ਵੇਂ ਮਾਸਿਕ ਭੰਡਾਰੇ ਦੌਰਾਨ 'ਸੇਵਾ ਸਨਮਾਨ' ਪ੍ਰੋਗਰਾਮ ਵਿੱਚ ਇਲਾਕੇ ਦੇ ਚਾਰ ਮੁੱਖ ਸਮਾਜ-ਸੇਵਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮਾਤ-ਪਿਤਾ ਟਰੱਸਟ ਦੇ ਸੰਸਥਾਪਕ ਗੌਚਰ ਦਾਸ ਗਿਆਨ ਵਾਲੀਆ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਉੱਚ ਕੋਟੀ ਦੇ ਮਹਾਨ ਸੰਤ ਯੋਗ ਮਨੀਸ਼ੀ ਆਚਾਰੀਆ ਸ਼੍ਰੀ ਵਿਵੇਕ ਮੁਨੀ ਜੀ ਮਹਾਰਾਜ (ਸੰਸਥਾਪਕ ਆਚਾਰੀਆ ਸੁਸ਼ੀਲ ਮੁਨੀ ਮਿਸ਼ਨ), ਮਹਾਰਸ਼ੀ ਭ੍ਰਿਗੂ ਪੀਠਾਧੀਸ਼ਵਰ ਮਹਾਮੰਡਲੇਸ਼ਵਰ ਸ਼੍ਰੀ ਗੁਰੂਜੀ ਗੋਸਵਾਮੀ ਸੁਸ਼ੀਲ ਗਿਰੀ ਮਹਾਰਾਜ ਅਤੇ ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ (ਅੰਤਰਰਾਸ਼ਟਰੀ ਵੈਦਿਕ ਕਥਾ ਵਾਚਕ) ਹਿੱਸਾ ਲੈਣ ਪਹੁੰਚੇ। ਇਸ ਮੌਕੇ ਦੌਰਾਨ, ਗੌਚਰ ਦਾਸ ਗਿਆਨ ਵਾਲੀਆ ਨੇ ਮਾਤ-ਪਿਤਾ ਦਾ ਸਤਿਕਾਰ ਅਤੇ ਗਊ ਮਾਤਾ ਨਾਲ ਪਿਆਰ ਨੂੰ ਇੱਕ ਵਿਚਾਰਧਾਰਾ ਬਣਾਉਣ ਲਈ ਆਪਣੇ ਵਿਚਾਰ ਸਾਂਝੇ ਕੀਤੇ। ਸੰਤਾਂ ਨੇ ਭਰੋਸਾ ਦਿਵਾਇਆ ਕਿ ਉਹ ਇਸ ਵਿਚਾਰਧਾਰਾ ਨੂੰ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਵੀ ਪਹੁੰਚਾਉਣਗੇ ਅਤੇ ਇਸ ਵਿਚਾਰਧਾਰਾ ਦੀ ਲਹਿਰ ਭਾਰਤ ਹੀ ਨਹੀਂ ਬਲਕਿ ਪੂਰੇ ਵਿਸ਼ਵ ਵਿੱਚ ਚਾਨਣ ਵਾਂਗ ਫੈਲੇਗੀ। ਸੰਤਾਂ ਨੇ ਆਪਣੇ ਭਰਪੂਰ ਆਸ਼ੀਰਵਾਦ ਨਾਲ ਮਾਤ-ਪਿਤਾ ਗਊ ਧਾਮ ਨੂੰ ਧਰਤੀ ਦਾ ਮਹਾਤੀਰਥ ਵੀ ਦੱਸਿਆ।
ਪ੍ਰੋਗਰਾਮ ਵਿੱਚ ਕੇਂਦਰੀ ਪੰਚਾਇਤੀ ਰਾਜ ਮੰਤਰਾਲੇ ਦੁਆਰਾ ਸਨਮਾਨਿਤ ਅਤੇ ਪਿੰਡ ਦੇ ਵਿਕਾਸ ਤੇ ਸਫਾਈ ਲਈ ਦਿੱਤੇ ਵਿਸ਼ੇਸ਼ ਯੋਗਦਾਨ ਲਈ 'ਸੇਵਾ ਸਨਮਾਨ' ਪ੍ਰੋਗਰਾਮ ਵਿੱਚ ਪ੍ਰਸਿੱਧ ਲੋਕਪ੍ਰਿਯ ਸਮਾਜ ਸੇਵਕਾ ਅਤੇ ਗ੍ਰਾਮ ਪੰਚਾਇਤ 'ਮੋਹੀ ਕਲਾਂ, ਪਟਿਆਲਾ, ਪੰਜਾਬ' ਦੀ ਸਰਪੰਚ ਰਣਵੀਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਨਿਸ਼ਕਾਮ ਭਾਵ ਨਾਲ ਦੀਨ-ਦੁਖੀਆਂ ਦੀ ਸਹਾਇਤਾ ਅਤੇ ਆਫ਼ਤ ਰਾਹਤ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਲਈ ਪ੍ਰਸਿੱਧ ਸਮਾਜ ਸੇਵਕ ਬੌਬੀ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਰਾਜ-ਅਧਿਕਾਰੀ ਹੋਣ ਦੇ ਨਾਲ-ਨਾਲ ਇੱਕ ਲੋਕਪ੍ਰਿਯ ਸਮਾਜ ਸੇਵਕ ਮੋਹਨ ਸਿੰਘ ਅਹਲੂਵਾਲੀਆ ਵੀ ਸਨਮਾਨਿਤ ਹੋਏ। ਪਿਛਲੇ 12 ਸਾਲਾਂ ਤੋਂ ਡੇਰਾਬੱਸੀ ਅਤੇ ਜ਼ੀਰਕਪੁਰ ਦੇ ਇਲਾਕਿਆਂ ਵਿੱਚ 'ਨਵਜੀਵਨ ਵੈੱਲਫੇਅਰ ਫਾਊਂਡੇਸ਼ਨ' ਐੱਨ.ਜੀ.ਓ. ਦੇ ਮਾਧਿਅਮ ਨਾਲ ਨਿਸ਼ਕਾਮ ਭਾਵ ਨਾਲ ਕਾਰਜਸ਼ੀਲ ਸਮਾਜ ਸੇਵਕ, ਪਵਨ ਨਹਿਰੂ ਨੂੰ ਵੀ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਟਰੱਸਟੀ ਸੁਰਨੇਸ਼ ਸਿੰਗਲਾ, ਕਸ਼ਮੀਰੀ ਲਾਲ ਗੁਪਤਾ, ਅਮਰਜੀਤ ਬੰਸਲ, ਜੈ ਗੋਪਾਲ ਬੰਸਲ, ਕਮੇਟੀ ਪ੍ਰਧਾਨ ਸੁਭਾਸ਼ ਸਿੰਗਲਾ, ਕਮੇਟੀ ਸੀਨੀਅਰ ਪ੍ਰਧਾਨ ਸੁਸ਼ੀਲ ਬਿੰਦਲ ਅਤੇ ਮੈਂਬਰ ਜੀਵਨ ਬੱਬੂ ਮੌਜੂਦ ਰਹੇ।

Comments
Post a Comment