ਭਗੌੜਾ ਦਲ ਆਪਣੀ ਸਮਝੌਤੇ ਦੀ ਗੱਲਬਾਤ ਦੌਰਾਨ ਇਕ ਵੀ ਪੰਜਾਬ ਪੱਖੀ ਮੰਗ ਨਹੀਂ ਰੱਖ ਸਕਿਆ : ਗੁਰਜੀਤ ਸਿੰਘ ਤਲਵੰਡੀ
ਕਈ ਯੂਥ ਆਗੂਆਂ ਨੂੰ ਪਾਰਟੀ ਵਿੱਚ ਕਰਾਇਆ ਗਿਆ ਸ਼ਾਮਲ
ਚੰਡੀਗੜ੍ਹ 10 ਅਗਸਤ ( ਰਣਜੀਤ ਧਾਲੀਵਾਲ ) : ਯੂਥ ਅਕਾਲੀ ਦਲ ਦੇ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਗਾਇਆ ਕਿ ਭਗੌੜਾ ਦਲ ਦੇ ਪ੍ਰਧਾਨ ਦੀ ਪ੍ਰਧਾਨ ਮੰਤਰੀ ਨਾਲ ਹੋਈ ਮੀਟਿੰਗ ਤੋਂ ਬਾਦ ਉਹਨਾਂ ਵੱਲੋਂ ਇਹ ਸ਼ੋਰ ਮਚਾਇਆ ਗਿਆ ਸੀ ਕਿ ਸਾਡਾ ਬੀਜੇਪੀ ਨਾਲ ਗਠਜੋੜ ਹੋਣ ਜਾ ਰਿਹਾ ਹੈ, ਜਿਸ ਬਾਰੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ ਨਾਇਬ ਸਿੰਘ ਸੈਣੀ ਨੇ ਇਹ ਬਿਆਨ ਦੇ ਕੇ ਇਹਨਾਂ ਦੀ ਫੂਕ ਕੱਢ ਦਿੱਤੀ ਹੈ ਕਿ ਪੰਜਾਬ ਵਿੱਚ ਬੀਜੇਪੀ ਇਕੱਲੇ ਹੀ ਚੋਣ ਲੜੇਗੀ। ਤਲਵੰਡੀ ਨੇ ਕਿਹਾ ਕਿ ਕੇਂਦਰ ਨਾਲ ਮੁਲਾਕਾਤ ਵੇਲੇ ਸੁਖਬੀਰ ਬਾਦਲ ਕੋਲ ਵਧੀਆ ਮੌਕਾ ਸੀ ਕਿ ਉਹ ਪੰਜਾਬ ਦੇ ਪਾਣੀਆ ਦਾ, ਚੰਡੀਗੜ੍ਹ ਅਤੇ ਬੰਦੀ ਸਿੰਘਾਂ ਦਾ ਮਾਮਲਾ ਪ੍ਰਧਾਨ ਮੰਤਰੀ ਕੋਲ ਉਠਾ ਸਕਦੇ ਸਨ ਪਰ ਉਹਨਾਂ ਨੇ ਇਹ ਸੁਨਹਿਰੀ ਮੌਕਾ ਗਵਾ ਲਿਆ। ਤਲਵੰਡੀ ਨੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਭਗੌੜਾ ਦਲ ਦਾ ਪ੍ਰਧਾਨ ਜੋ ਆਪਣੇ ਤਾਕਤ 'ਚ ਹੁੰਦਿਆਂ ਇਹਨਾਂ ਬੰਦੀ ਸਿੰਘਾਂ ਨੂੰ ਆਈ ਐਸ ਆਈ ਦੇ ਏਜੰਟ ਅਤੇ ਕਾਤਲ ਦੱਸਦਾ ਸੀ, ਉਹ ਇਹਨਾਂ ਸਿੰਘਾਂ ਦੀ ਰਿਹਾਈ ਵਾਸਤੇ ਯਤਨ ਕਿਉਂ ਕਰੇਗਾ?
ਤਲਵੰਡੀ ਨੇ ਯਾਦ ਕਰਾਇਆ ਕਿ ਜਦੋਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਬੀਮਾਰੀ ਕਾਰਨ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਕਰਨ ਬਾਰੇ ਐਡਵੋਕੇਟ ਨਵਕਿਰਨ ਸਿੰਘ ਨੇ ਅਪੀਲ ਪਾਈ ਸੀ ਤਾਂ ਪੰਜਾਬ ਦੇ ਗ੍ਰਹਿ ਮੰਤਰੀ ਵਜੋਂ ਸੁਖਬੀਰ ਸਿੰਘ ਬਾਦਲ ਨੇ ਐਫੀਡੈਵਿਟ ਦਿੱਤਾ ਸੀ ਕਿ ਭਾਈ ਭੁੱਲਰ ਨੂੰ ਪੰਜਾਬ ਲਿਆਉਣ ਨਾਲ ਪੰਜਾਬ ਦੇ ਹਲਾਤ ਖਰਾਬ ਹੋ ਸਕਦੇ ਹਨ। ਆਪਣੇ ਫਾਇਦੇ ਲਈ ਬਾਦ ਵਿੱਚ ਲੋਕ ਸਭਾ ਦੇ ਬਾਹਰ ਇਹ ਬੰਦੀ ਸਿੰਘਾਂ ਦੀ ਰਿਹਾਈ ਲਈ ਗਾਣੇ ਵੀ ਗਾਉਂਦੇ ਰਹੇ ਹਨ। ਤਲਵੰਡੀ ਨੇ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਬਾਰੇ ਚਲ ਰਹੀ ਕਾਰਵਾਈ ਦਾ ਸਵਾਗਤ ਕਰਦਿਆਂ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਇਕ ਚਿੱਠੀ ਲਿਖ ਕੇ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਭਾਈ ਹਵਾਰਾ ਦੀ ਪੈਰੋਲ ਵਾਸਤੇ ਰਾਜਪਾਲ ਰਾਹੀਂ ਸਿਫਾਰਸ਼ ਕੀਤੀ ਹੈ। ਤਲਵੰਡੀ ਨੇ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਵੱਲੋਂ ਅਮਿਤ ਸ਼ਾਹ ਦੇ ਨਾਂ ਲਿਖੀ ਗਈ ਚਿੱਠੀ ਵੀ ਮੀਡੀਆ ਨੂੰ ਵਿਖਾਈ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ ਜਿੰਨਾ ਨੇ ਭਾਈ ਹਵਾਰਾ ਦੀ ਪੈਰੋਲ ਵਾਸਤੇ ਖੁਦ ਰਾਜਪਾਲ ਨੂੰ ਚਿੱਠੀ ਲਿਖੀ ਹੈ।
ਤਲਵੰਡੀ ਨੇ ਕਿਹਾ ਕਿ ਕੱਲ੍ਹ 11 ਅਗਸਤ ਨੂੰ ਪਾਰਟੀ ਦੀ ਵਰ੍ਹੇਗੰਢ ਮੌਕੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੰਥ ਪੰਜਾਬ ਦੀ ਚੜ੍ਹਦੀ ਕਲਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਜਾਵੇਗੀ। ਉਹਨਾਂ ਨੇ ਸਮੂਹ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਣ ਦੀ ਅਪੀਲ ਕੀਤੀ। ਇਸ ਵੇਲੇ ਅਕਾਲੀ ਦਲ ਬਾਦਲ ਦੇ ਯੂਥ ਵਿੰਗ ਦੇ ਜਨਰਲ ਸਕੱਤਰ ਦਾ ਅਹੁਦਾ ਛੱਡ ਕੇ ਆਏ ਮਲਕੀਤ ਸਿੰਘ ਹੁੰਦਲ ਨੇ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਜਿੰਨਾ ਨੂੰ ਮਾਝੇ ਵਿੱਚ ਕੰਮ ਕਰਨ ਦੀ ਜਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਦਵਿੰਦਰ ਸਿੰਘ ਸੰਤ ਸਿਪਾਹੀ ਅਤੇ ਜਗਤਾਰ ਸਿੰਘ ਗਿੱਲ ਅੰਮ੍ਰਿਤਸਰ ਨੂੰ ਵੀ ਪਾਰਟੀ ਵਿਚ ਸ਼ਾਮਿਲ ਕਰਾਇਆ ਗਿਆ। ਇਸ ਵੇਲੇ ਗੁਰਜੀਤ ਸਿੰਘ ਤਲਵੰਡੀ ਤੋਂ ਇਲਾਵਾ ਵਰਕਿੰਗ ਕਮੇਟੀ ਮੈਂਬਰ ਅਮਨਇੰਦਰ ਸਿੰਘ ਬੰਨੀ ਬਰਾੜ ਅਤੇ ਤੇਜਿੰਦਰ ਸਿੰਘ ਪੰਨੂੰ ਹਾਜ਼ਰ ਸਨ।

Comments
Post a Comment