ਪਿੰਡ ਕੁੰਭੜੇ ਦੀਆਂ ਵਿਧਵਾ ਮਾਵਾਂ ਨੇ ਰੋ ਰੋ ਦੱਸੀ ਆਪਣੇ ਨਸ਼ੇ ਤੋਂ ਪੀੜਤ ਪੁੱਤਾਂ ਦੀ ਦਾਸਤਾਨ ਤੇ ਸਰਕਾਰ ਅਤੇ ਪੁਲਿਸ ਨੂੰ ਪਾਏ ਤਰਲੇ
ਪਿੰਡ ਕੁੰਭੜੇ ਦੀਆਂ ਵਿਧਵਾ ਮਾਵਾਂ ਨੇ ਰੋ ਰੋ ਦੱਸੀ ਆਪਣੇ ਨਸ਼ੇ ਤੋਂ ਪੀੜਤ ਪੁੱਤਾਂ ਦੀ ਦਾਸਤਾਨ ਤੇ ਸਰਕਾਰ ਅਤੇ ਪੁਲਿਸ ਨੂੰ ਪਾਏ ਤਰਲੇ
ਪੰਜਾਬ ਦੀ ਨੌਜਵਾਨੀ ਦਾ ਕੌਣ ਰਾਖਾ, ਜਦੋਂ ਵਾੜ ਹੀ ਖਾ ਰਹੀ ਹੈ ਖੇਤ ਨੂੰ, ਸ਼ਰੇਆਮ ਵਿਕ ਰਿਹਾ ਚਿੱਟਾ, ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ : ਬਲਵਿੰਦਰ ਕੁੰਭੜਾ
ਵਿਜੀਲੈਂਸ ਮੁੱਖ ਦਫਤਰ ਅਤੇ ਫੇਸ ਅੱਠ ਦੇ ਥਾਣੇ ਦੇ ਨੱਕ ਥੱਲੇ ਵਿਕ ਰਿਹਾ ਸ਼ਰੇਆਮ ਨਸ਼ਾ, ਨਸ਼ਾ ਪੀੜਤ ਨੌਜਵਾਨ ਕਈ ਬਿਮਾਰੀਆਂ ਤੋਂ ਪੀੜਿਤ : ਮਾ. ਬਨਵਾਰੀ ਲਾਲ
ਐਸ.ਏ.ਐਸ.ਨਗਰ 31 ਅਗਸਤ ( ਰਣਜੀਤ ਧਾਲੀਵਾਲ ) : ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਕੋਲ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਮੋਰਚੇ ਤੇ ਅੱਜ ਪਿੰਡ ਕੁੰਭੜਾ 'ਚ ਵਿਕ ਰਹੇ ਸ਼ਰੇਆਮ ਨਸ਼ੇ ਦੇ ਮਾਮਲੇ 'ਚ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਮਿਲਣੀ ਵਿੱਚ ਕਿਹਾ ਕਿ ਪੰਜਾਬ ਦੀ ਨੌਜਵਾਨੀ ਦਾ ਹੁਣ ਤਾਂ ਕੋਈ ਵਾਲੀ ਵਾਰਸ ਨਹੀਂ ਦਿਖ ਰਿਹਾ। ਸਰਕਾਰਾਂ ਨਸ਼ਾ ਮੁਕਤੀ ਦੀਆਂ ਸੌਹਾਂ ਖਾ ਕੇ ਬਣਦੀਆਂ ਹਨ, ਪਰ ਬਣਦੇ ਸਾਰ ਹੀ ਆਪਣੇ ਕੀਤੇ ਵਾਅਦੇ ਭੁੱਲ ਜਾਂਦੀਆਂ ਹਨ ਤੇ ਲੋਕਾਂ ਨੂੰ ਮੂਰਖ ਬਣਾਉਣ ਲਈ ਵੱਡੇ ਵੱਡੇ ਬੈਨਰ ਲਗਾ ਕੇ ਨਵੀਆਂ ਮੁਹਿੰਮਾਂ ਚਲਾਉਣ ਦਾ ਡਰਾਮਾ ਕਰ ਰਹੀਆਂ ਹਨ। ਪਰ ਸਭ ਮਾਤਰ ਇੱਕ ਫੋਕੀ ਮੁਹਿੰਮ ਸਾਬਤ ਹੁੰਦੀਆਂ ਹਨ।
ਹੁਣ ਪੰਜਾਬ ਸਰਕਾਰ ਵੱਲੋਂ ਵੀ ਚੱਲ ਰਹੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਇੱਕ ਝੂਠ ਦਾ ਪੁਲੰਦਾ ਸਾਬਿਤ ਹੋਈ ਹੈ। ਪਿੰਡ ਕੁੰਭੜਾ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਤੇ ਵਿਜੀਲੈਂਸ ਦੇ ਮੁੱਖ ਦਫਤਰ ਦੀ ਨੱਕ ਥੱਲੇ ਅਤੇ ਥਾਣਾ ਫੇਸ ਅੱਠ ਦੇ ਨਜਦੀਕ ਹੋਣ ਦੇ ਬਾਵਜੂਦ ਨਸ਼ਾ ਤਸਕਰਾਂ ਨੂੰ ਕੋਈ ਡਰ ਨਹੀਂ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਉਲਟੀ ਵਾੜ ਹੀ ਖੇਤ ਨੂੰ ਖਾ ਰਹੀ ਹੈ। ਇਹ ਵਿਧਵਾ ਮਾਵਾਂ ਆਪਣੇ ਪੁੱਤਾਂ ਨੂੰ ਬਚਾਉਣ ਲਈ ਤਰਲੇ ਕੱਢ ਰਹੀਆਂ ਹਨ। ਆਏ ਦਿਨ ਨੌਜਵਾਨ ਨਸ਼ੇ ਦੀ ਭੇਟ ਚੜ ਰਹੇ ਹਨ, ਪਰ ਸਰਕਾਰ ਤੇ ਪੁਲਿਸ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਇਸ ਸਮੇਂ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਨਸ਼ੇ ਤੋਂ ਪੀੜਿਤ ਨੌਜਵਾਨਾਂ ਦੀਆਂ ਵਿਧਵਾ ਮਾਵਾਂ ਨੇ ਸਰਕਾਰ ਦੇ ਤਰਲੇ ਕੱਢਦੀਆਂ ਨੇ ਰੋ ਰੋ ਕੇ ਆਪਣੇ ਪਰਿਵਾਰ ਨਾਲ ਹੋਰ ਰਹੀਆਂ ਦਰਦਨਾਕ ਘਟਨਾਵਾਂ ਦੀ ਜਾਣਕਾਰੀ ਦਿੱਤੀ ਤੇ ਉਹਨਾਂ ਨੇ ਇਹ ਵੀ ਚਿੰਤਾ ਜਤਾਈ ਕੇ ਇਹ ਨਾ ਹੋਵੇ ਕਿ ਸਾਡੀਆਂ ਨੂੰਹਾਂ ਨੂੰ ਵੀ ਸਾਡੇ ਵਾਲੀ ਜ਼ਿੰਦਗੀ ਨਾ ਜਿਉਣੀ ਪਵੇ। ਸਰਕਾਰ ਜੀ ਸਾਡੇ ਉਜੜ ਰਹੇ ਪਰਿਵਾਰਾਂ ਨੂੰ ਬਚਾਇਆ ਜਾਵੇ।
ਇਸ ਮੌਕੇ ਮੋਰਚਾ ਆਗੂ ਮਾਸਟਰ ਬਨਵਾਰੀ ਲਾਲ ਨੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਇਹ ਨਸ਼ੇ ਤੋਂ ਪੀੜਤ ਬੱਚੇ ਕਈ ਕਈ ਬਿਮਾਰੀਆਂ ਨਾਲ ਪੀੜਿਤ ਹਨ ਤੇ ਮੌਤ ਤੇ ਜਿੰਦਗੀ ਨਾਲ ਜੂਝ ਰਹੇ ਹਨ ਤੇ ਸਰਕਾਰ ਤੇ ਪੁਲਿਸ ਝੂਠ ਦੇ ਪਲੰਦਿਆਂ ਨਾਲ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਤੇ ਨਸ਼ੇ ਤੋਂ ਪੀੜਿਤ ਨੌਜਵਾਨਾਂ ਨੂੰ ਨਸ਼ਾ ਛਡਾਊ ਕੈਂਪਾਂ 'ਚ ਭਰਤੀ ਕਰਕੇ ਨਸ਼ਾ ਛੁਡਾ ਕੇ ਇਹਨਾਂ ਦੀ ਜ਼ਿੰਦਗੀ ਬਚਾਈ ਜਾਵੇ। ਇਸ ਮੌਕੇ ਹਰਨੇਕ ਸਿੰਘ ਮਲੋਆ, ਪਰਮਜੀਤ ਕੌਰ, ਕੁਲਦੀਪ ਕੌਰ, ਬੱਬਲ ਚੌਪੜਾ, ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ, ਮਨਦੀਪ ਸਿੰਘ, ਕੁਲਦੀਪ ਸਿੰਘ, ਗੁਰਸ਼ਰਨ ਸਿੰਘ, ਕਰਮ ਸਿੰਘ ਕੁਰੜੀ ਆਦਿ ਹਾਜ਼ਰ ਹੋਏ।

Comments
Post a Comment