ਹਰਪਾਲ ਚੀਮਾ ਖ਼ਿਲਾਫ਼ ਕਾਂਗਰਸ ਦਾ ਹੱਲਾ-ਬੋਲ, ਕੇਸ ਦਰਜ ਕਰਕੇ ਨਿਰਪੱਖ ਜਾਂਚ ਦੀ ਮੰਗ : ਬਲਬੀਰ ਸਿੰਘ ਸਿੱਧੂ
ਹਰਪਾਲ ਚੀਮਾ ਨੂੰ ਬਚਾਉਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕਰਾਂਗੇ : ਬਲਬੀਰ ਸਿੰਘ ਸਿੱਧੂ
ਐਸ.ਏ.ਐਸ.ਨਗਰ 11 ਸਤੰਬਰ ( ਰਣਜੀਤ ਧਾਲੀਵਾਲ ) : ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਕਾਲਾ ਦੀ ਅਗਵਾਈ ਵਿੱਚ ਅੱਜ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਮੋਹਾਲੀ ਐੱਸ.ਐੱਸ.ਪੀ. ਦਫ਼ਤਰ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੁਤਲਾ ਵੀ ਸਾੜਿਆ ਗਿਆ ਅਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖ਼ਿਲਾਫ਼ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕਰਕੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ।
ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਗੁਲਜ਼ਾਰ ਸਿੰਘ ਵੱਲੋਂ ਆਪਣੀ ਵੀਡੀਓ ਰਿਕਾਰਡਿੰਗ ਵਿੱਚ ਹਰਪਾਲ ਸਿੰਘ ਚੀਮਾ ਦਾ ਨਾਮ ਲਏ ਜਾਣ ਸਬੰਧੀ ਗੰਭੀਰ ਦਾਅਵੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਗੰਭੀਰ ਮਾਮਲੇ ਨੂੰ ਕਿਸੇ ਵੀ ਸਿਆਸੀ ਦਬਾਅ ਹੇਠ ਦਬਾਉਣ ਦੀ ਬਜਾਏ ਇਸ ਦੀ ਕਾਨੂੰਨ ਅਨੁਸਾਰ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਇਸ ਮਾਮਲੇ ਵਿੱਚ ਕੋਈ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਅਹੁਦੇ ਜਾਂ ਸਿਆਸੀ ਰਸੂਖ ਦੇ ਆਧਾਰ ’ਤੇ ਕੋਈ ਛੋਟ ਨਹੀਂ ਮਿਲਣੀ ਚਾਹੀਦੀ। ਕਾਨੂੰਨ ਸਭ ਲਈ ਬਰਾਬਰ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਲੋਕਾਂ ਦਾ ਕਾਨੂੰਨ-ਵਿਵਸਥਾ ਅਤੇ ਜਾਂਚ ਪ੍ਰਕਿਰਿਆ ’ਤੇ ਭਰੋਸਾ ਬਣਾਈ ਰੱਖਣਾ ਸਰਕਾਰ ਅਤੇ ਪੁਲਿਸ ਦੀ ਜ਼ਿੰਮੇਵਾਰੀ ਹੈ। ਜੇਕਰ ਕਿਸੇ ਮਾਮਲੇ ਵਿੱਚ ਪੀੜਤ ਪੱਖ ਵੱਲੋਂ ਗੰਭੀਰ ਦੋਸ਼ ਜਾਂ ਦਾਅਵੇ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਦੀ ਜਾਂਚ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਕਿਸੇ ਵਿਅਕਤੀ ਦੇ ਅਹੁਦੇ ਜਾਂ ਸਿਆਸੀ ਪਛਾਣ ਤੋਂ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ।
ਜ਼ਿਲ੍ਹਾ ਪ੍ਰਧਾਨ ਕਮਲ ਕਿਸ਼ੋਰ ਕਾਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਮਾਮਲੇ ਵਿੱਚ ਨਿਆਂ ਅਤੇ ਪਾਰਦਰਸ਼ਤਾ ਦੀ ਮੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਮਾਮਲੇ ਦੀ ਹਰ ਪੱਖੋਂ ਜਾਂਚ ਕਰਕੇ ਤੱਥਾਂ ਨੂੰ ਜਨਤਕ ਕਰਨਾ ਚਾਹੀਦਾ ਹੈ ਅਤੇ ਜੇਕਰ ਜਾਂਚ ਵਿੱਚ ਕੋਈ ਦੋਸ਼ ਸਾਬਤ ਹੁੰਦਾ ਹੈ ਤਾਂ ਸਬੰਧਤ ਵਿਅਕਤੀ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਭਰੋਸਾ ਮਿਲਣਾ ਚਾਹੀਦਾ ਹੈ ਕਿ ਸੱਤਾ ਵਿੱਚ ਬੈਠੇ ਲੋਕਾਂ ਲਈ ਵੀ ਉਹੀ ਕਾਨੂੰਨ ਹੈ ਜੋ ਆਮ ਨਾਗਰਿਕ ਲਈ ਹੈ। ਕਾਂਗਰਸੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਪਾਰਟੀ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ, ਸਿਆਸੀ ਦਬਾਅ ਜਾਂ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰੇਗੀ।
ਇਸ ਮੌਕੇ ਵੱਡੀ ਗਿਣਤੀ ਵਿੱਚ ਮੌਜੂਦ ਕਾਂਗਰਸੀ ਵਰਕਰਾਂ ਨੇ “ਹਰਪਾਲ ਚੀਮਾ ਖ਼ਿਲਾਫ਼ ਕੇਸ ਦਰਜ ਕਰੋ” ਅਤੇ “ਨਿਰਪੱਖ ਜਾਂਚ ਕਰਵਾਓ” ਦੇ ਨਾਅਰੇ ਲਗਾਏ। ਕਾਂਗਰਸ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਇਸ ਮਾਮਲੇ ਵਿੱਚ ਪਾਰਦਰਸ਼ੀ ਜਾਂਚ ਅਤੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਹੁੰਦੀ, ਪਾਰਟੀ ਲੋਕਾਂ ਦੀ ਆਵਾਜ਼ ਬੁਲੰਦ ਕਰਦੀ ਰਹੇਗੀ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਤੁਰੰਤ ਐੱਫ.ਆਈ.ਆਰ. ਦਰਜ ਕਰਕੇ ਨਿਰਪੱਖ ਜਾਂਚ ਸ਼ੁਰੂ ਕੀਤੀ ਜਾਵੇ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਹਰ ਤੱਥ ਦੇ ਆਧਾਰ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਕਾਂਗਰਸ ਆਗੂਆਂ ਨੇ ਕਿਹਾ ਕਿ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਅਤੇ ਇਨਸਾਫ਼ ਹਰ ਹਾਲ ਵਿੱਚ ਯਕੀਨੀ ਬਣਾਇਆ ਜਾਣਾ ਚਾਹੀਦਾ ਹੈਇਸ ਮੌਕੇ ਹਰਕੇਸ਼ ਚੰਦ ਸ਼ਰਮਾ, ਯੂਥ ਕਾਂਗਰਸ ਪ੍ਰਧਾਨ ਮੁਕੁਲ ਨਾਗਾਰੀ, ਪ੍ਰਦੀਪ ਤੰਗੋਰੀ ਤੋਂ ਇਲਾਵਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਕਮਲ ਕਿਸ਼ੋਰ ਕਾਲਾ, ਸੀਨੀਅਰ ਕਾਂਗਰਸੀ ਆਗੂ ਭਗਤ ਸਿੰਘ ਨਾਮਧਾਰੀ, ਬਲਾਕ ਪ੍ਰਧਾਨ ਦਿਹਾਤੀ ਪ੍ਰਦੀਪ ਸਿੰਘ ਤੰਗੋਰੀ, ਯੂਥ ਕਾਂਗਰਸ ਹਲਕਾ ਪ੍ਰਧਾਨ ਮੁਕੁਲ ਸ਼ਰਮਾਂ, ਇੰਦਰ ਜੀਤ ਸਿੰਘ ਢਿੱਲੋਂ, ਅਸ਼ੋਕ ਕੌਂਡਲ ਮੰਡਲ ਪ੍ਰਧਾਨ ,ਐਡਵੋਕੇਟ ਗੁਰਵਿੰਦਰ ਸਿੰਘ ਮੰਡਲ ਪ੍ਰਧਾਨ,ਅਮਰੀਕ ਸਿੰਘ ਕੰਬਾਲਾ ਮੰਡਲ ਪ੍ਰਧਾਨ,ਆਈ ਟੀ ਸੇਲ ਇੰਚਾਰਜ ਪਰਮਜੀਤ ਸਿੰਘ ਚੌਹਾਨ, ਮੀਡੀਆ ਇੰਚਾਰਜ ਪੂਨਮ ਕੌਰ ਫੇਸ 5, ਸਰਬਜੀਤ ਸਿੰਘ ਮੌਲੀ ਬੈਦਵਾਨ, ਹਰਿਮੰਦਰ ਸਿੰਘ ਢਿੱਲੋਂ, ਕਰਮਜੀਤ ਸਿੰਘ ਸਿੱਧੂ,ਊਧਮ ਸਿੰਘ ਮੌਲੀ ਬੈਦਵਾਣ,ਸੰਦੀਪ ਧੀਮਾਨ, ਕੁਲਵਿੰਦਰ ਸਿੰਘ ਰੋਮੀ, ਸ਼ੇਰ ਸਿੰਘ ਸੈਕਟਰ 74 ਅੰਮ੍ਰਿਤ ਪਾਲ ਸਿੰਘ ,ਗੁਰਸੇਵ ਸਿੰਘ ਮੌਲੀ ਬੈਦਵਾਨ, ਰਵਿੰਦਰ ਸਿੰਘ ਰਵੀ ਫੇਸ 4, ਨਵਜੋਤ ਸਿੰਘ ਗੀਗੇ ਮਾਜਰਾ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਪਿੰਡਾਂ ਦੇ ਪੰਚ,ਸਰਪੰਚ ਹਾਜ਼ਰ ਸਨ।

Comments
Post a Comment