ਪਰਮਾਤਮਾ ਦਾ ਅਹਿਸਾਸ ਹੀ ਮਨ ਨੂੰ ਭਗਤੀ, ਪਿਆਰ ਅਤੇ ਸਮਰਪਣ ਦੇ ਭਾਵ ਨਾਲ ਸਰਾਬੋਰ ਕਰਦਾ ਹੈ : ਨਿਰੰਕਾਰੀ ਰਾਜਪਿਤਾ ਰਮਿਤ
ਚੰਡੀਗੜ੍ਹ 13 ਸਤੰਬਰ ( ਰਣਜੀਤ ਧਾਲੀਵਾਲ ) : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਾਵਨ ਆਸ਼ੀਰਵਾਦ ਨਾਲ ਚੰਡੀਗੜ੍ਹ ਦੇ ਸੈਕਟਰ-34 ਸਥਿਤ ਮੇਲਾ ਗਰਾਊਂਡ ਵਿੱਚ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਕਰਵਾਇਆ ਗਿਆ। ਭਾਰੀ ਬਰਸਾਤ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੰਤ ਮਹਾਤਮਾ ਸਮਾਗਮ ਵਿੱਚ ਪਹੁੰਚੇ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਪਾਵਨ ਵਚਨਾਂ ਦਾ ਆਨੰਦ ਮਾਣਿਆ। ਬਰਸਾਤ ਵੀ ਸ਼ਰਧਾਲੂਆਂ ਦੇ ਉਤਸ਼ਾਹ ਅਤੇ ਭਗਤੀ ਨੂੰ ਘੱਟ ਨਾ ਕਰ ਸਕੀ। ਸਮਾਗਮ ਦੌਰਾਨ ਸੰਤਾਂ ਨੇ ਗੀਤਾਂ, ਭਜਨਾਂ ਅਤੇ ਵਿਚਾਰਾਂ ਰਾਹੀਂ ਸਤਿਗੁਰੂ ਦੀਆਂ ਸਿੱਖਿਆਵਾਂ ਸਾਂਝੀਆਂ ਕੀਤੀਆਂ, ਜਿਸ ਨਾਲ ਸਾਰਾ ਵਾਤਾਵਰਨ ਪਿਆਰ, ਭਗਤੀ ਅਤੇ ਸ਼ਰਧਾ ਦੇ ਭਾਵ ਨਾਲ ਸਰਾਬੋਰ ਹੋ ਗਿਆ। ਇਸ ਮੌਕੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਨੇ ਕਿਹਾ ਕਿ ਮਨੁੱਖੀ ਜੀਵਨ ਦਾ ਅਸਲ ਉਦੇਸ਼ ਮਾਇਆ, ਧਨ-ਦੌਲਤ ਅਤੇ ਸ਼ੋਹਰਤ ਦੀ ਚਮਕ-ਦਮਕ ਵਿੱਚ ਗੁਆਚ ਜਾਣਾ ਨਹੀਂ, ਸਗੋਂ ਪਰਮਾਤਮਾ ਦੀ ਪਹਿਚਾਣ ਕਰਨਾ ਹੈ। ਸਤਿਗੁਰੂ ਵੱਲੋਂ ਪ੍ਰਦਾਨ ਕੀਤਾ ਗਿਆ ਬ੍ਰਹਮਗਿਆਨ ਮਨੁੱਖ ਨੂੰ ਉਸਦੇ ਅਸਲ ਸਰੂਪ ਨਾਲ ਜਾਣੂ ਕਰਵਾਉਂਦਾ ਹੈ ਅਤੇ ਪਰਮਾਤਮਾ ਨਾਲ ਉਸਦੇ ਰਿਸ਼ਤੇ ਦਾ ਅਹਿਸਾਸ ਕਰਵਾਉਂਦਾ ਹੈ।
ਉਨ੍ਹਾਂ ਕਿਹਾ ਕਿ ਸੰਸਾਰ ਦੇ ਆਕਰਸ਼ਣਾਂ ਵਿੱਚ ਉਲਝ ਕੇ ਮਨੁੱਖ ਕਈ ਵਾਰ ਆਪਣੇ ਜੀਵਨ ਦੇ ਮੂਲ ਉਦੇਸ਼ ਨੂੰ ਭੁੱਲ ਜਾਂਦਾ ਹੈ। ਬ੍ਰਹਮਗਿਆਨ ਰਾਹੀਂ ਜਦੋਂ ਇਹ ਅਹਿਸਾਸ ਹੁੰਦਾ ਹੈ ਕਿ ਅਸੀਂ ਪਰਮਾਤਮਾ ਦੇ ਅੰਸ਼ ਹਾਂ, ਤਾਂ ਜੀਵਨ ਨੂੰ ਸਹੀ ਦਿਸ਼ਾ ਅਤੇ ਭਗਤੀ ਨੂੰ ਅਸਲ ਭਾਵ ਪ੍ਰਾਪਤ ਹੁੰਦਾ ਹੈ। ਭਾਰੀ ਬਰਸਾਤ ਦੇ ਆਧਿਆਤਮਿਕ ਭਾਵ ਨੂੰ ਦਰਸਾਉਂਦਿਆਂ ਉਨ੍ਹਾਂ ਕਿਹਾ ਕਿ ਅੱਜ ਅਜਿਹਾ ਲੱਗ ਰਿਹਾ ਹੈ ਜਿਵੇਂ ਬਰਸਾਤ ਵੀ ਸੰਤਾਂ ਦੇ ਪਿਆਰ ਅਤੇ ਭਗਤੀ ਵਿੱਚ ਸ਼ਾਮਲ ਹੋਣ ਲਈ ਆਈ ਹੋਵੇ। ਜਿਸ ਤਰ੍ਹਾਂ ਸੰਤ ਬਰਸਾਤ ਵਿੱਚ ਭਿੱਜ ਰਹੇ ਹਨ, ਉਸੇ ਤਰ੍ਹਾਂ ਉਹ ਪਰਮਾਤਮਾ ਦੇ ਅਹਿਸਾਸ, ਭਗਤੀ ਅਤੇ ਸਤਿਗੁਰੂ ਦੇ ਪਿਆਰ ਵਿੱਚ ਸਦਾ ਭਿੱਜੇ ਰਹਿਣ। ਅੰਤ ਵਿੱਚ ਉਨ੍ਹਾਂ ਦਾਤਾਰ ਅੱਗੇ ਅਰਦਾਸ ਕੀਤੀ ਕਿ ਸਾਰੇ ਸ਼ਰਧਾਲੂਆਂ ਦੇ ਜੀਵਨ ਵਿੱਚ ਪਿਆਰ, ਭਗਤੀ ਅਤੇ ਪਰਮਾਤਮਾ ਦਾ ਅਹਿਸਾਸ ਨਿਰੰਤਰ ਬਣਿਆ ਰਹੇ। ਇਸ ਦੇ ਨਾਲ ਹੀ ਸਮਾਲਖਾ ਸਥਿਤ ਨਿਰੰਕਾਰੀ ਆਧਿਆਤਮਿਕ ਸਥਲ ਵਿਖੇ ਹੋਣ ਵਾਲੇ ਸਾਲਾਨਾ ਸੰਤ ਸਮਾਗਮ ਵਿੱਚ ਸ਼ਰਧਾਲੂਆਂ ਨੂੰ ਵੱਧ-ਚੜ੍ਹ ਕੇ ਭਾਗ ਲੈਣ ਦਾ ਸੱਦਾ ਦਿੱਤਾ।

Comments
Post a Comment