ਮੋਹਾਲੀ ਦੀਆਂ ਕਿਸਾਨ ਮੰਡੀਆਂ ਵਿੱਚ ਮੌਜੂਦਾ ਠੇਕੇਦਾਰ ਦੇ ਤਾਨਾਸ਼ਾਹੀ ਰਵੱਈਏ ਖਿਲਾਫ਼ ਦੁਕਾਨਦਾਰਾਂ ਨੇ ਮੰਡੀ ਬੋਰਡ ਅਤੇ ਠੇਕੇਦਾਰ ਵਿਰੁੱਧ ਕੀਤੀ ਨਾਅਰੇਬਾਜੀ
ਮੋਹਾਲੀ ਦੀਆਂ ਕਿਸਾਨ ਮੰਡੀਆਂ ਵਿੱਚ ਮੌਜੂਦਾ ਠੇਕੇਦਾਰ ਦੇ ਤਾਨਾਸ਼ਾਹੀ ਰਵੱਈਏ ਖਿਲਾਫ਼ ਦੁਕਾਨਦਾਰਾਂ ਨੇ ਮੰਡੀ ਬੋਰਡ ਅਤੇ ਠੇਕੇਦਾਰ ਵਿਰੁੱਧ ਕੀਤੀ ਨਾਅਰੇਬਾਜੀ
ਕਿਹਾ: ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਜ਼ਬਰਦਸਤੀ ਥੋਪੇ ਜਾ ਰਹੇ ਹਨ ਟੇਬਲ, ਛਤਰੀਆਂ ਤੇ ਹੋਰ ਸਾਮਾਨ,ਰੁਜ਼ਗਾਰ ਖੋਹਣ ਦੀ ਹੋ ਰਹੀ ਕੋਸ਼ਿਸ਼
ਪੰਜਾਬ ਸਰਕਾਰ ਅਤੇ ਮੰਡੀ ਬੋਰਡ ਨੂੰ ਚੇਤਾਵਨੀ, ਜੇਕਰ ਜਾਰੀ ਫ਼ਰਮਾਨ ਵਾਪਸ ਨਾ ਲਿਆ ਤਾਂ ਜਾਵਾਂਗੇ ਕੋਰਟ
ਐਸ.ਏ.ਐਸ.ਨਗਰ 7 ਮਈ ( ਰਣਜੀਤ ਧਾਲੀਵਾਲ ) : ਮੋਹਾਲੀ ਸ਼ਹਿਰ ਵਿੱਚ ਪਹਿਲਾਂ ਸਟਰੀਟ ਵੈਂਡਰਾਂ 'ਤੇ ਮੌਜੂਦਾ ਸਰਕਾਰ ਅਤੇ ਨਗਰ ਨਿਗਮ ਵੱਲੋਂ ਕੀਤੀ ਗਈ ਕਾਰਵਾਈ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਸੀ ਕਿ ਦੂਜੇ ਪਾਸੇ ਹੁਣ ਪੰਜਾਬ ਮੰਡੀ ਬੋਰਡ ਦੇ ਅਧੀਨ ਲੱਗਣ ਵਾਲੀਆਂ ਕਿਸਾਨ ਮੰਡੀਆਂ ਵਿੱਚ ਸਬਜ਼ੀ ਅਤੇ ਹੋਰ ਸਾਮਾਨ ਵੇਚਣ ਵਾਲੇ ਲੋਕਾਂ/ਦੁਕਾਨਦਾਰਾਂ ਨੇ ਜਾਰੀ ਕੀਤੇ ਇੱਕ ਫ਼ਰਮਾਨ ਖਿਲਾਫ਼ ਆਪਣਾ ਰੋਸ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਾਰੀ ਫ਼ਰਮਾਨ ਵਾਪਸ ਨਾ ਲਿਆ ਗਿਆ ਅਤੇ ਮੌਜੂਦਾ ਠੇਕੇਦਾਰ ਵੱਲੋਂ ਦੁਕਾਨਦਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਦੇ ਨਾਲ-ਨਾਲ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਗੇ।
ਉਪਰੋਕਤ ਵਿਚਾਰ ਅੱਜ ਮੋਹਾਲੀ ਦੇ ਫੇਜ਼-3ਬੀ2 ਰੋਜ਼ ਗਾਰਡਨ ਵਿੱਚ ਭਾਰੀ ਗਿਣਤੀ ਵਿੱਚ ਮੋਹਾਲੀ ਆਪਣੀ ਮੰਡੀ ਯੂਨੀਅਨ' ਦੇ ਬੈਨਰ ਹੇਠ ਇਕੱਠੇ ਹੋਏ ਸਬਜ਼ੀ/ਫਲ ਵਿਕਰੇਤਾਵਾਂ ਅਤੇ ਹੋਰ ਦੁਕਾਨਦਾਰਾਂ ਨੇ ਸਾਂਝੇ ਕੀਤੇ। ਉਨ੍ਹਾਂ ਦਾ ਦੋਸ਼ ਸੀ ਕਿ ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨ ਮੰਡੀਆਂ ਦਾ ਠੇਕਾ ਲੈਣ ਵਾਲੇ ਮੌਜੂਦਾ ਠੇਕੇਦਾਰ ਨੂੰ ਇਹ ਟੈਂਡਰ ਵੀ ਅਲਾਟ ਕਰ ਦਿੱਤਾ ਗਿਆ ਹੈ ਕਿ ਉਹ ਹੁਣ ਵਿਕਰੇਤਾਵਾਂ ਤੋਂ ਟੇਬਲ, ਛਤਰੀ, ਦਰੀ ਆਦਿ ਦੇ ਪੈਸੇ ਵੀ ਆਪਣੇ ਤਰੀਕੇ ਨਾਲ ਵਸੂਲ ਕਰੇ ਅਤੇ ਇਹ ਸਾਮਾਨ ਆਪਣੀ ਪਾਸੋਂ ਦੁਕਾਨਦਾਰਾਂ ਨੂੰ ਦਿੱਤਾ ਜਾਵੇ। ਜਦਕਿ ਪਿਛਲੇ ਇੰਨੇ ਸਾਲਾਂ ਵਿੱਚ ਕਦੇ ਵੀ ਅਜਿਹਾ ਫ਼ਰਮਾਨ ਜਾਰੀ ਨਹੀਂ ਹੋਇਆ।
ਮੋਹਾਲੀ ਵਿੱਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਯੂਨੀਅਨ ਦੇ ਅਹੁਦੇਦਾਰਾਂ, ਜਿਨ੍ਹਾਂ ਵਿੱਚ ਬਲਦੇਵ ਸਿੰਘ ਮੰਨੂ (ਪ੍ਰਧਾਨ), ਦਵਿੰਦਰ ਸਿੰਘ, ਮਨਦੀਪ ਸਿੰਘ, ਭੂਰਾ, ਰਾਮਨਰੇਸ਼, ਸੀਮਾ ਕੁਮਾਰ, ਕਿਸ਼ਨ ਕੁਮਾਰ, ਜਸਵਿੰਦਰ ਕੌਰ ਅਤੇ ਹੋਰ ਦੁਕਾਨਦਾਰ ਸ਼ਾਮਲ ਸਨ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਹੁਣ ਤੱਕ ਮੋਹਾਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਗਣ ਵਾਲੀਆਂ ਕਿਸਾਨ ਮੰਡੀਆਂ ਵਿੱਚ ਠੇਕੇਦਾਰ ਨੂੰ ਸਿਰਫ਼ ਤਿੰਨ ਚੀਜ਼ਾਂ ਮੁਹੱਈਆ ਕਰਵਾਉਣ ਲਈ ਕਿਹਾ ਜਾਂਦਾ ਸੀ ਜਿਵੇੰ ਮੰਡੀ ਦੀ ਸਫਾਈ ਕਰਵਾਉਣਾ,ਪੀਣ ਵਾਲੇ ਪਾਣੀ ਦੇ ਟੈਂਕਰ ਦਾ ਪ੍ਰਬੰਧ,ਸਬਜ਼ੀਆਂ ਦੇ ਰੇਟ ਲਿਖਣੇ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਦੇ ਬੈਠਣ ਲਈ ਇੱਕ ਟੈਂਟ ਦੀ ਵਿਵਸਥਾ ਕਰਨਾ।
ਦੁਕਾਨਦਾਰਾਂ ਨੇ ਕਿਹਾ ਕਿ ਉਹ ਬਕਾਇਦਾ ਫ਼ੀਸ ਦੇ ਕੇ ਆਪਣੀ ਦੁਕਾਨਦਾਰੀ ਕਰ ਰਹੇ ਹਨ, ਪਰ ਨਵੇਂ ਫ਼ਰਮਾਨ ਨੇ ਉਨ੍ਹਾਂ ਦੀ ਨੀਂਦ ਉਡਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਰੋਜ਼ੀ-ਰੋਟੀ ਖੋਹਣ ਦਾ ਡਰ ਸਤਾ ਰਿਹਾ ਹੈ। ਮੋਹਾਲੀ ਵਿੱਚ ਸਥਾਈ ਸਬਜ਼ੀ ਮੰਡੀ ਲਈ ਕੋਈ ਥਾਂ ਨਹੀਂ, ਖ਼ੁਦ ਲੱਭਦੇ ਹਨ ਜਗ੍ਹਾ,ਮੰਡੀ ਲੱਗਣ ਤੋਂ ਬਾਅਦ ਮੰਡੀ ਬੋਰਡ ਵਸੂਲਣ ਲੱਗਦਾ ਹੈ ਟੈਕਸ ਕਿਸਾਨ ਮੰਡੀਆਂ ਵਿੱਚ ਰੇਹੜੀ-ਫੜ੍ਹੀ ਲਗਾ ਕੇ ਰੋਜ਼ੀ-ਰੋਟੀ ਚਲਾਉਣ ਵਾਲੇ ਦੁਕਾਨਦਾਰਾਂ ਨੇ ਮੀਡੀਆ ਸਾਹਮਣੇ ਦੋਸ਼ ਲਾਇਆ ਕਿ ਮੋਹਾਲੀ ਮੰਡੀ ਬੋਰਡ ਕੋਲ ਮੰਡੀ ਲਗਾਉਣ ਲਈ ਕੋਈ ਵੀ ਸਥਾਈ ਜਗ੍ਹਾ ਨਹੀਂ ਹੈ। ਇਸ ਦੇ ਬਾਵਜੂਦ ਦੁਕਾਨਦਾਰ ਨਿਰਧਾਰਤ ਫ਼ੀਸ ਸਮੇਂ ਸਿਰ ਅਦਾ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਪੰਜਾਬ ਸਰਕਾਰ ਨੂੰ ਕਿਸੇ ਜਗ੍ਹਾ ਦੀ ਲੋੜ ਹੁੰਦੀ ਹੈ, ਤਾਂ ਉਹ ਉਨ੍ਹਾਂ ਤੋਂ ਖੋਹ ਲਈ ਜਾਂਦੀ ਹੈ। ਇਸ ਤੋਂ ਬਾਅਦ ਉਹ ਖ਼ੁਦ ਗੰਦੀਆਂ ਥਾਵਾਂ ਨੂੰ ਸਾਫ਼ ਕਰਕੇ ਮੰਡੀ ਲਗਾਉਣ ਯੋਗ ਬਣਾਉਂਦੇ ਹਨ, ਪਰ ਜਿਵੇਂ ਹੀ ਮੰਡੀ ਲੱਗਣੀ ਸ਼ੁਰੂ ਹੁੰਦੀ ਹੈ, ਮੰਡੀ ਬੋਰਡ ਫ਼ੀਸ ਵਸੂਲਣ ਪਹੁੰਚ ਜਾਂਦਾ ਹੈ।
ਬਾਕਸ: "ਜਿਵੇਂ ਚੱਲ ਰਿਹਾ ਹੈ ਉਵੇਂ ਹੀ ਰੱਖਿਆ ਜਾਵੇ, ਜਾਰੀ ਫ਼ਰਮਾਨ ਵਾਪਸ ਹੋਵੇ, ਨਹੀਂ ਤਾਂ ਜਾਵਾਂਗੇ ਕੋਰਟ"
ਆਪਣੀ ਮੰਡੀ ਯੂਨੀਅਨ ਮੋਹਾਲੀ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਜਿਵੇਂ ਪਿਛਲੇ ਲੰਮੇ ਸਾਲਾਂ ਤੋਂ ਸਿਸਟਮ ਚੱਲ ਰਿਹਾ ਹੈ, ਉਸ ਨੂੰ ਉਵੇਂ ਹੀ ਰੱਖਿਆ ਜਾਵੇ। ਨਵਾਂ ਫ਼ਰਮਾਨ ਤੁਰੰਤ ਵਾਪਸ ਲਿਆ ਜਾਵੇ, ਨਹੀਂ ਤਾਂ ਉਹ ਸਰਕਾਰ ਖਿਲਾਫ਼ ਅਦਾਲਤ ਦਾ ਰੁਖ਼ ਕਰਨਗੇ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਮੰਡੀ ਬੋਰਡ ਅਤੇ ਸਬੰਧਤ ਅਧਿਕਾਰੀਆਂ ਦੀ ਹੋਵੇਗੀ।

Comments
Post a Comment