ਹਰਿਆਣਾ ਪੀਡਬਲਿਊਡੀ ਠੇਕੇਦਾਰਾਂ ਦੀ ਅਹਿਮ ਮੀਟਿੰਗ 18 ਜੂਨ ਨੂੰ, ਲੰਬਿਤ ਮੰਗਾਂ ਅਤੇ ਸਮੱਸਿਆਵਾਂ ’ਤੇ ਹੋਵੇਗੀ ਚਰਚਾ
ਚੰਡੀਗੜ੍ਹ 17 ਜੂਨ ( ਰਣਜੀਤ ਧਾਲੀਵਾਲ ) : ਆਲ ਹਰਿਆਣਾ ਪੀਡਬਲਿਊਡੀ ਕਾਂਟ੍ਰੈਕਟਰਜ਼ ਐਸੋਸੀਏਸ਼ਨ ਵੱਲੋਂ 18 ਜੂਨ ਨੂੰ ਸਵੇਰੇ 11:30 ਵਜੇ ਸੈਕਟਰ-33ਏ ਸਥਿਤ ਨਿਰਮਾਣ ਸਦਨ ਦੇ ਕਨਵੈਨਸ਼ਨ ਹਾਲ ਵਿੱਚ ਜਨਰਲ ਬਾਡੀ ਮੀਟਿੰਗ (ਜੀਬੀਐਮ) ਕਰਵਾਈ ਜਾਵੇਗੀ। ਇਸ ਤੋਂ ਬਾਅਦ ਦੁਪਹਿਰ 1 ਵਜੇ ਐਸੋਸੀਏਸ਼ਨ ਦੇ ਅਹੁਦੇਦਾਰ ਆਪਣੀ ਅਗਲੀ ਰਣਨੀਤੀ ਅਤੇ ਸੰਘਰਸ਼ ਦੇ ਪ੍ਰੋਗਰਾਮ ਦਾ ਐਲਾਨ ਵੀ ਕਰਨਗੇ। ਮੀਟਿੰਗ ਵਿੱਚ ਹਰਿਆਣਾ ਭਰ ਤੋਂ ਪੀਡਬਲਿਊਡੀ ਠੇਕੇਦਾਰ ਸ਼ਮੂਲੀਅਤ ਕਰਨਗੇ ਅਤੇ ਵਿਭਾਗ ਨਾਲ ਸਬੰਧਿਤ ਵੱਖ-ਵੱਖ ਮਸਲਿਆਂ, ਲੰਬਿਤ ਮੰਗਾਂ ਅਤੇ ਠੇਕੇਦਾਰਾਂ ਨੂੰ ਦਰਪੇਸ਼ ਆ ਰਹੀਆਂ ਵਿਹਾਰਕ ਮੁਸ਼ਕਲਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।
ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਜੈਨ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਨਿਰਮਾਣ ਸਮੱਗਰੀ, ਖ਼ਾਸ ਕਰਕੇ ਪੈਟਰੋਲੀਅਮ ਉਤਪਾਦਾਂ ਅਤੇ ਬਿਟੂਮਨ ਦੀਆਂ ਕੀਮਤਾਂ ਵਿੱਚ ਹੋਏ ਭਾਰੀ ਵਾਧੇ ਕਾਰਨ ਠੇਕੇਦਾਰਾਂ ਨੂੰ ਗੰਭੀਰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਪੁਰਾਣੀਆਂ ਦਰਾਂ ’ਤੇ ਮੁਕੰਮਲ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ।
ਅਸ਼ੋਕ ਜੈਨ ਨੇ ਕਿਹਾ ਕਿ ਐਸੋਸੀਏਸ਼ਨ ਪਹਿਲਾਂ ਹੀ ਸਰਕਾਰ ਕੋਲ ਰਾਹਤ ਪੈਕੇਜ, ਠੇਕਿਆਂ ਦੀਆਂ ਦਰਾਂ ਦੀ ਮੁੜ ਸਮੀਖਿਆ ਅਤੇ ਚੱਲ ਰਹੇ ਕੰਮਾਂ ਲਈ ਸਮਾਂ ਵਧਾਉਣ ਦੀ ਮੰਗ ਉਠਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੀ ਮੀਟਿੰਗ ਠੇਕੇਦਾਰਾਂ ਲਈ ਆਪਣੇ ਮਸਲੇ ਸਾਂਝੇ ਤੌਰ ’ਤੇ ਰੱਖਣ ਅਤੇ ਸਰਕਾਰ ਤੇ ਵਿਭਾਗ ਅੱਗੇ ਆਪਣੀਆਂ ਮੰਗਾਂ ਨੂੰ ਮਜ਼ਬੂਤੀ ਨਾਲ ਪੇਸ਼ ਕਰਨ ਲਈ ਮਹੱਤਵਪੂਰਨ ਮੰਚ ਸਾਬਤ ਹੋਵੇਗੀ। ਐਸੋਸੀਏਸ਼ਨ ਨੇ ਸਾਰੇ ਮੈਂਬਰਾਂ ਅਤੇ ਠੇਕੇਦਾਰਾਂ ਨੂੰ ਵੱਡੀ ਗਿਣਤੀ ਵਿੱਚ ਮੀਟਿੰਗ ਵਿੱਚ ਸ਼ਮੂਲੀਅਤ ਕਰਨ ਅਤੇ ਆਪਣੇ ਸੁਝਾਅ ਦੇਣ ਦੀ ਅਪੀਲ ਕੀਤੀ ਹੈ, ਤਾਂ ਜੋ ਠੇਕੇਦਾਰ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਾਂਝੀ ਅਤੇ ਪ੍ਰਭਾਵਸ਼ਾਲੀ ਰਣਨੀਤੀ ਤਿਆਰ ਕੀਤੀ ਜਾ ਸਕੇ।

Comments
Post a Comment