BLO ਦੀ ਜ਼ਬਰੀ ਡਿਊਟੀ ਕਰਾਉਣ ਲਈ ਆਂਗਣਵਾੜੀ ਵਰਕਰ ਨੂੰ SDM ਨੇ ਪੁਲਿਸ ਨਾਲ ਘਰੋਂ ਚੁੱਕਿਆ
ਨਵਾਂ ਸ਼ਹਿਰ 19 ਜੂਨ ( ਪੀ ਡੀ ਐਲ ) : ਸੋਸ਼ਲ ਵੈਲਫੇਅਰ ਡਾਇਰੈਕਟਰ ਦੀਆਂ ਹਦਾਇਤਾਂ ਨੂੰ ਟਿੱਚ ਜਾਣਦੇ ਹੋਏ ਨਵਾਂ ਸ਼ਹਿਰ ਦੀ ਐਸਡੀਐਮ ਹੋਰ ਵਿਭਾਗ ਵਿੱਚ ਜ਼ਬਰੀ ਡਿਊਟੀ ਕਰਾਉਣ ਲਈ ਆਂਗਣਵਾੜੀ ਵਰਕਰ ਨੂੰ ਪੁਲਿਸ ਮੁਲਾਜ਼ਮਾਂ ਨਾਲ ਘਰੋਂ ਚੁੱਕ ਲਿਆਉਣ ਤੋਂ ਬਾਅਦ ਆਂਗਣਵਾੜੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਸਕੱਤਰ ਤੇ ਬਲਾਕ ਪ੍ਰਧਾਨ ਲਖਵਿੰਦਰ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਕਈ ਵਾਰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਆਂਗਣਵਾੜੀ ਵਰਕਰਾਂ ਤੋਂ ਹੋਰ ਵਿਭਾਗਾਂ ਵਿੱਚ ਡਿਊਟੀ ਨਾ ਕਰਵਾਈ ਜਾਵੇ।
ਇਸ ਸਬੰਧੀ ਡੀਪੀਓ ਵੱਲੋਂ ਵੀ ਪੱਤਰ ਜਾਰੀ ਕੀਤਾ ਗਿਆ ਹੈ। ਪ੍ਰੰਤੂ ਆਂਗਣਵਾੜੀ ਵਰਕਰ ਤੋਂ ਜ਼ਬਰੀ ਬੀਐਲਓ ਦੀ ਡਿਊਟੀ ਕਰਾਉਣ ਸਬੰਧੀ ਅੱਜ ਐਸਡੀਐਮ ਅਨਮ ਜੋਤ ਕੌਰ ਪੁਲਿਸ ਮੁਲਾਜ਼ਮਾਂ ਨਾਲ ਜਾ ਕੇ ਜ਼ਬਰੀ ਵਰਕਰ ਨੂੰ ਘਰੋਂ ਚੁੱਕ ਲਿਆਏ। ਉਨ੍ਹਾਂ ਦੱਸਿਆ ਕਿ ਜਦੋਂ ਯੂਨੀਅਨ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਉਹ ਦਫ਼ਤਰ ਵਿਚੋਂ ਭੱਜ ਗਏ। ਆਗੂਆਂ ਨੇ ਕਿਹਾ ਕਿ ਐਸਡੀਐਮ ਵੱਲੋਂ ਵਰਕਰ ਸੁਖਵਿੰਦਰ ਕੌਰ ਸੈਂਟਰ ਕਿਲਾ ਮੁਹੱਲਾ ਦੀ ਜ਼ਬਰੀ ਬੀਐਲਓ ਦੀ ਡਿਊਟੀ ਲਗਾਈ ਜਾ ਰਹੀ ਹੈ। ਜਦੋਂ ਕਿ ਇਸ ਸਬੰਧੀ 29 ਮਈ 2026 ਨੂੰ ਪੰਜਾਬ ਡਾਇਰੈਕਟਰ ਵੱਲੋਂ ਜਾਰੀ ਹਦਾਇਤਾਂ ਦੀ ਕਾਪੀ ਦਿਖਾਉਂਦੇ ਹੋਏ ਬੀਐਲਓ ਦੀ ਡਿਊਟੀ ਤੋਂ ਰਾਹਤ ਮੰਗੀ ਗਈ ਸੀ।
ਆਗੂਆਂ ਨੇ ਕਿਹਾ ਕਿ ਐਸਡੀਐਮ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਨੂੰ ਨਹੀਂ ਮੰਨਿਆ ਜਾ ਰਿਹਾ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡਾਇਰੈਕਟਰ ਵੱਲੋਂ ਵਾਰ ਵਾਰ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਅਤੇ ਆਂਗਣਵਾੜੀ ਵਰਕਰ ਨੂੰ ਜ਼ਬਰੀ ਘਰੋਂ ਚੁੱਕ ਕੇ ਲਿਆਉਣ ਵਿਰੁੱਧ ਐਸਡੀਐਮ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਯੂਨੀਅਨ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਤੇਜ਼ ਕਰੇਗੀ, ਜਿਸਦੀ ਜਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ।

Comments
Post a Comment