ਪੰਜਾਬੀ ਫ਼ਿਲਮ ‘ਇਸ਼ਕਨਾਮਾ’ ਨੂੰ ਲੈ ਕੇ ਵਧੀ ਚਰਚਾ, ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ
ਸੋਮਵਾਰ ਨੂੰ ਝਲਕ ਜਾਰੀ ਹੁੰਦਿਆਂ ਹੀ ਦਰਸ਼ਕਾਂ ਵਿੱਚ ਵਧਿਆ ਉਤਸ਼ਾਹ
ਚੰਡੀਗੜ੍ਹ 15 ਜੂਨ ( ਰਣਜੀਤ ਧਾਲੀਵਾਲ ) : ਸੋਮਵਾਰ ਨੂੰ ਚੰਡੀਗੜ੍ਹ ਦੇ ਇੱਕ ਪ੍ਰਸਿੱਧ ਹੋਟਲ ਵਿੱਚ ਕਰਵਾਏ ਗਏ ਸ਼ਾਨਦਾਰ ਸਮਾਗਮ ਦੌਰਾਨ ਪੰਜਾਬੀ ਸਿਨੇਮਾ ਦੀ ਬਹੁ-ਉਡੀਕੀ ਫ਼ਿਲਮ ‘ਇਸ਼ਕਨਾਮਾ’ ਦੀ ਪਹਿਲੀ ਝਲਕ ਜਾਰੀ ਕੀਤੀ ਗਈ। ਝਲਕ ਸਾਹਮਣੇ ਆਉਣ ਤੋਂ ਬਾਅਦ ਦਰਸ਼ਕਾਂ ਵਿੱਚ ਇਸ ਫ਼ਿਲਮ ਨੂੰ ਲੈ ਕੇ ਉਤਸ਼ਾਹ ਹੋਰ ਵੀ ਵੱਧ ਗਿਆ ਹੈ ਅਤੇ ਇਹ ਫ਼ਿਲਮ ਇਨ੍ਹਾਂ ਦਿਨਾਂ ਖਾਸ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫ਼ਿਲਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿੱਚ ਪਹਿਲੀ ਵਾਰ ਅਦਾਕਾਰ ਜੈ ਰੰਧਾਵਾ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਦੀ ਜੋੜੀ ਵੱਡੇ ਪਰਦੇ ’ਤੇ ਇਕੱਠੇ ਨਜ਼ਰ ਆਵੇਗੀ। ਸੋਮਵਾਰ ਨੂੰ ਜੈ ਰੰਧਾਵਾ, ਸ਼ਹਿਨਾਜ਼ ਗਿੱਲ, ਸੌਰਭ ਸਚਦੇਵਾ, ਅੰਜੁਮ ਬੱਤਰਾ, ਨਿਰਮਲ ਨਿੰਮਾ, ਧੀਰਜ ਰੱਤਨ ਅਤੇ ਫ਼ਿਲਮ ਨਿਰਮਾਤਾ ਅਰਵਿੰਦਰ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਕਸ਼ਨ, ਪ੍ਰੇਮ ਅਤੇ ਜਜ਼ਬਾਤਾਂ ਨਾਲ ਭਰਪੂਰ ਇਸ ਫ਼ਿਲਮ ਦੀ ਕਹਾਣੀ ਸੱਚੇ ਪਿਆਰ ਅਤੇ ਅਸਲ ਘਟਨਾਵਾਂ ਤੋਂ ਪ੍ਰੇਰਿਤ ਹੈ।
ਫ਼ਿਲਮ ਵਿੱਚ ਜੈ ਰੰਧਾਵਾ ‘ਨਿੰਮਾ’ ਅਤੇ ਸ਼ਹਿਨਾਜ਼ ਗਿੱਲ ‘ਨਾਜ਼ਿਮਾ’ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਆਪਣੇ ਕਿਰਦਾਰ ਨੂੰ ਪੂਰੀ ਤਰ੍ਹਾਂ ਜੀਵੰਤ ਬਣਾਉਣ ਲਈ ਜੈ ਰੰਧਾਵਾ ਨੇ ਖਾਸ ਸਰੀਰਕ ਬਦਲਾਅ ਅਤੇ ਸਖ਼ਤ ਅਭਿਆਸ ਕੀਤਾ ਹੈ। ਨਿਰਮਾਣ ਦੇ ਸ਼ੁਰੂਆਤੀ ਪੜਾਅ ਤੋਂ ਹੀ ਇਹ ਫ਼ਿਲਮ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਰਹੀ ਹੈ। ਫ਼ਿਲਮ ਦੇ ਇੱਕ ਖਤਰਨਾਕ ਦ੍ਰਿਸ਼ ਦੀ ਚਿਤਰਕਾਰੀ ਦੌਰਾਨ ਜੈ ਰੰਧਾਵਾ ਇੱਕ ਹਾਦਸੇ ਦਾ ਸ਼ਿਕਾਰ ਵੀ ਹੋਏ ਸਨ, ਜੋ ਉਨ੍ਹਾਂ ਦੇ ਕੰਮ ਪ੍ਰਤੀ ਸਮਰਪਣ ਅਤੇ ਜਨੂੰਨ ਨੂੰ ਦਰਸਾਉਂਦਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਫ਼ਿਲਮ ਦੀ ਚਿਤਰਕਾਰੀ ਪੂਰੀ ਕੀਤੀ।
ਵਿਸ਼ਾਲ ਪੱਧਰ ਅਤੇ ਭਵਿਆ ਪੇਸ਼ਕਾਰੀ ਹੇਠ ਤਿਆਰ ਕੀਤੀ ਗਈ ਇਸ ਫ਼ਿਲਮ ਦੀ ਚਿਤਰਕਾਰੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਇਲਾਵਾ ਰਾਜਸਥਾਨ ਦੀਆਂ ਕਈ ਖੂਬਸੂਰਤ ਥਾਵਾਂ ’ਤੇ ਵੀ ਕੀਤੀ ਗਈ ਹੈ। ਸਾਲ 2025 ਵਿੱਚ ਰਿਲੀਜ਼ ਹੋਈ ਫ਼ਿਲਮ ‘ਬਦਨਾਮ’ ਤੋਂ ਬਾਅਦ ਇਹ ਸਾਲ 2026 ਵਿੱਚ ਜੈ ਰੰਧਾਵਾ ਦੀ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ। 24 ਜੁਲਾਈ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ‘ਇਸ਼ਕਨਾਮਾ’ ਦੀ ਝਲਕ ਨੂੰ ਮਿਲ ਰਹੇ ਸ਼ਾਨਦਾਰ ਹੁੰਗਾਰੇ ਨੂੰ ਵੇਖਦਿਆਂ ਦਰਸ਼ਕਾਂ ਅਤੇ ਫ਼ਿਲਮ ਜਗਤ ਨੂੰ ਇਸ ਤੋਂ ਕਾਫ਼ੀ ਉਮੀਦਾਂ ਹਨ। ਪ੍ਰੇਮ, ਸੰਗੀਤ ਅਤੇ ਦਮਦਾਰ ਐਕਸ਼ਨ ਦਾ ਸੁਮੇਲ ਪੇਸ਼ ਕਰਦੀ ਇਹ ਫ਼ਿਲਮ ਪੰਜਾਬੀ ਸਿਨੇਮਾ ਦੇ ਦਰਸ਼ਕਾਂ ਲਈ ਇੱਕ ਯਾਦਗਾਰ ਸਿਨੇਮਾਈ ਅਨੁਭਵ ਸਾਬਤ ਹੋ ਸਕਦੀ ਹੈ।

Comments
Post a Comment