ਚੌਪਾਲ ਐਪ 'ਤੇ ਹਰਦੀਪ ਫ਼ਿਲਮਜ਼ ਐਂਟਰਟੇਨਮੈਂਟ ਯੂਕੇ ਦੀ ਤਾਜ਼ਾ ਪੇਸ਼ਕਸ਼ "ਫਲੈਟਮੇਟਸ" ਨੇ ਮਚਾਈ ਧੂਮ
ਚੰਡੀਗੜ੍ਹ 24 ਜੂਨ ( ਰਣਜੀਤ ਧਾਲੀਵਾਲ ) : ਚੌਪਾਲ ਐਪ 'ਤੇ ਬੀਤੇ ਦਿਨ 23 ਜੂਨ ਨੂੰ ਰਿਲੀਜ਼ ਹੋਈ ਹਰਦੀਪ ਫ਼ਿਲਮਜ਼ ਐਂਟਰਟੇਨਮੈਂਟ ਯੂਕੇ ਦੀ ਤਾਜ਼ਾ ਪੇਸ਼ਕਸ਼ "ਫਲੈਟਮੇਟਸ" ਨੇ ਰਿਲੀਜ਼ ਹੁੰਦੇ ਹੀ ਦਰਸ਼ਕਾਂ ਦਾ ਭਰਪੂਰ ਧਿਆਨ ਖਿੱਚਿਆ ਹੈ। ਇਸ ਸਬੰਧੀ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਵੈੱਬ ਸੀਰੀਜ਼ ਦੇ ਨਿਰਮਾਤਾ ਹਰਦੀਪ ਸਿੰਘ ਅਤੇ ਨਿਰਦੇਸ਼ਕਾ ਦੀਪਜ਼ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ "ਫਲੈਟਮੇਟਸ" ਇੱਕ ਸਿਚੂਏਸ਼ਨਲ ਕਾਮੇਡੀ ਵੈੱਬ ਸੀਰੀਜ਼ ਹੈ।
ਉਨ੍ਹਾਂ ਵੈੱਬ ਸੀਰੀਜ਼ ਦੀ ਕਾਸਟ ਅਤੇ ਕਰੂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ ਨਰਦੀਪ ਬੈਂਸ, ਅਰੁਣਦੀਪ ਸਿੰਘ, ਪ੍ਰੀਆ ਅਰੋੜਾ, ਵਰਸ਼ਾ ਡਾਂਗੀ, ਗੁਰਜਾਂਤ ਭੰਗੂ, ਰਾਜ ਢਾਲੀਵਾਲ, ਸੱਤਾ ਢਿੱਲੋਂ (ਕੁਲਦੀਪ ਸਿੰਘ) ਅਤੇ ਜੋਬਨ ਢਾਲੀਵਾਲ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਜਦਕਿ ਸੀਰੀਜ਼ ਦੇ ਡੀਓਪੀ ਐਮੀ ਧੋਟ, ਐਸੋਸੀਏਟ ਡਾਇਰੈਕਟਰ ਦੀਪ ਭੁੱਲਰ ਅਤੇ ਐਡੀਟਰ ਸਿਨੇਟੋਨ ਮੀਡੀਆ ਹਨ। ਕਹਾਣੀ ਨਰਦੀਪ ਬੈਂਸ ਵੱਲੋਂ ਲਿਖੀ ਗਈ ਹੈ, ਜਦਕਿ ਸਕ੍ਰੀਨਪਲੇ ਅਤੇ ਸੰਵਾਦ ਬਿਕਰਮ ਨੇ ਤਿਆਰ ਕੀਤੇ ਹਨ।ਉਨ੍ਹਾਂ ਦੱਸਿਆ ਕਿ ਪੰਜ ਐਪੀਸੋਡਾਂ 'ਤੇ ਆਧਾਰਿਤ ਇਸ ਸਿਚੂਏਸ਼ਨਲ ਕਾਮੇਡੀ ਵੈੱਬ ਸੀਰੀਜ਼ ਦੀ ਕਹਾਣੀ ਡੇਵੀ ਅਤੇ ਗੈਵੀ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਨ੍ਹਾਂ ਨੂੰ ਆਪਣੇ ਫਲੈਟ ਤੋਂ ਕੱਢੇ ਜਾਣ ਤੋਂ ਬਾਅਦ ਇੱਕ ਮਹੀਨੇ ਲਈ ਰੀਆ ਅਤੇ ਤਾਰੁਸ਼ੀ ਨਾਲ ਇੱਕ ਅਪਾਰਟਮੈਂਟ ਸਾਂਝਾ ਕਰਨਾ ਪੈਂਦਾ ਹੈ। ਝਗੜਿਆਂ, ਤਾਲਮੇਲ ਬਿਠਾਉਣ ਦੀਆਂ ਕੋਸ਼ਿਸ਼ਾਂ ਅਤੇ ਹਾਸਿਆਂ ਭਰੀਆਂ ਸਥਿਤੀਆਂ ਦੇ ਵਿਚਕਾਰ ਅਜਨਬੀ ਦੋਸਤ ਬਣ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਆਖ਼ਰੀ ਵਿਦਾਈ ਭਾਵੁਕ ਅਤੇ ਯਾਦਗਾਰ ਬਣ ਜਾਂਦੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਵੈੱਬ ਸੀਰੀਜ਼ ਦੀ ਪੂਰੀ ਟੀਮ ਮੀਡੀਆ ਨਾਲ ਰੂਬਰੂ ਹੋਈ ਅਤੇ "ਫਲੈਟਮੇਟਸ" ਦੇ ਨਿਰਮਾਣ, ਕਲਾਕਾਰਾਂ ਦੇ ਤਜ਼ਰਬਿਆਂ ਅਤੇ ਦਰਸ਼ਕਾਂ ਵੱਲੋਂ ਮਿਲ ਰਹੀ ਸ਼ਾਨਦਾਰ ਪ੍ਰਤੀਕਿਰਿਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

Comments
Post a Comment