900 ਕਰੋੜ ਰੁਪਏ ਦੇ ਬਕਾਇਆ ਭੁਗਤਾਨ ਨੂੰ ਲੈ ਕੇ ਹਰਿਆਣਾ ਦੇ PWD ਠੇਕੇਦਾਰਾਂ ਵਿੱਚ ਰੋਸ, “ਹੱਲਾ ਬੋਲ” ਅੰਦੋਲਨ ਦੀ ਤਿਆਰੀ
900 ਕਰੋੜ ਰੁਪਏ ਦੇ ਬਕਾਇਆ ਭੁਗਤਾਨ ਨੂੰ ਲੈ ਕੇ ਹਰਿਆਣਾ ਦੇ PWD ਠੇਕੇਦਾਰਾਂ ਵਿੱਚ ਰੋਸ, “ਹੱਲਾ ਬੋਲ” ਅੰਦੋਲਨ ਦੀ ਤਿਆਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ 900 ਕਰੋੜ ਰੁਪਏ ਦੇ ਬਕਾਇਆ ਭੁਗਤਾਨ ਦੀ ਕਰਨਗੇ ਮੰਗ
ਸਾਥੀ ਠੇਕੇਦਾਰਾਂ ਨੂੰ ਅਪੀਲ: 17 ਜੁਲਾਈ ਨੂੰ ਪ੍ਰਧਾਨ ਮੰਤਰੀ ਦੇ ਦੌਰੇ ਨਾਲ ਸਬੰਧਤ ਕੋਈ ਵੀ ਕੰਮ ਨਾ ਕੀਤਾ ਜਾਵੇ
ਚੰਡੀਗੜ੍ਹ 9 ਜੁਲਾਈ ( ਰਣਜੀਤ ਧਾਲੀਵਾਲ ) : ਆਲ ਹਰਿਆਣਾ ਪੀਡਬਲਿਊਡੀ ਕੰਟਰੈਕਟਰਜ਼ ਐਸੋਸੀਏਸ਼ਨ ਦੀ ਨਿਰਮਾਣ ਸਦਨ, ਸੈਕਟਰ-33ਏ, ਚੰਡੀਗੜ੍ਹ ਵਿਖੇ ਹੋਈ ਮਹੱਤਵਪੂਰਨ ਮੀਟਿੰਗ ਵਿੱਚ ਸੂਬੇ ਭਰ ਤੋਂ ਪਹੁੰਚੇ ਠੇਕੇਦਾਰਾਂ ਨੇ ਲੰਬੇ ਸਮੇਂ ਤੋਂ ਬਕਾਇਆ ਭੁਗਤਾਨ, ਵੱਧ ਰਹੀਆਂ ਨਿਰਮਾਣ ਲਾਗਤਾਂ ਅਤੇ ਹੋਰ ਅਹਿਮ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਜੈਨ, ਪ੍ਰਧਾਨ ਜੈ ਭਗਵਾਨ ਅਤੇ ਉਪ ਪ੍ਰਧਾਨ ਮਨੋਜ ਚਹਿਲ ਨੇ ਦੱਸਿਆ ਕਿ ਹਰਿਆਣਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਪੀਡਬਲਿਊਡੀ ਠੇਕੇਦਾਰਾਂ ਦੇ ਕਰੀਬ 900 ਕਰੋੜ ਰੁਪਏ ਦੇ ਭੁਗਤਾਨ ਲੰਬੇ ਸਮੇਂ ਤੋਂ ਬਕਾਇਆ ਹਨ। ਐਸੋਸੀਏਸ਼ਨ ਨੇ ਫ਼ੈਸਲਾ ਕੀਤਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਇਹ ਬਕਾਇਆ ਰਕਮ ਤੁਰੰਤ ਜਾਰੀ ਕਰਨ ਦੀ ਮੰਗ ਕਰਨਗੇ।
ਮੀਟਿੰਗ ਦੌਰਾਨ ਲਗਭਗ 100 ਠੇਕੇਦਾਰਾਂ ਨੇ ਇੰਜੀਨੀਅਰ-ਇਨ-ਚੀਫ਼ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਬਕਾਇਆ ਭੁਗਤਾਨ ਅਤੇ ਆਪਣੀਆਂ ਹੋਰ ਸਮੱਸਿਆਵਾਂ ਉਠਾਈਆਂ। ਠੇਕੇਦਾਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੱਲ ਨਾ ਕੀਤਾ ਗਿਆ ਤਾਂ ਸੂਬਾ ਪੱਧਰ ’ਤੇ “ਹੱਲਾ ਬੋਲ” ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਨਿਰਮਾਣ ਸਮੱਗਰੀ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ, ਭੁਗਤਾਨ ਵਿੱਚ ਹੋ ਰਹੀ ਦੇਰੀ ਅਤੇ ਹੋਰ ਪ੍ਰਸ਼ਾਸਨਿਕ ਸਮੱਸਿਆਵਾਂ ਕਾਰਨ ਠੇਕੇਦਾਰ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਸਮੇਂ ਸਿਰ ਭੁਗਤਾਨ ਨਾ ਹੋਣ ਕਾਰਨ ਸੂਬੇ ਦੇ ਵਿਕਾਸ ਕਾਰਜ ਵੀ ਪ੍ਰਭਾਵਿਤ ਹੋ ਰਹੇ ਹਨ।ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸਾਥੀ ਠੇਕੇਦਾਰ 17 ਜੁਲਾਈ ਨੂੰ ਪ੍ਰਧਾਨ ਮੰਤਰੀ ਦੇ ਦੌਰੇ ਨਾਲ ਸਬੰਧਤ ਕਿਸੇ ਵੀ ਕੰਮ ਵਿੱਚ ਹਿੱਸਾ ਨਾ ਲੈਣ, ਤਾਂ ਜੋ ਆਪਣਾ ਰੋਸ ਦਰਜ ਕਰਵਾਇਆ ਜਾ ਸਕੇ। ਐਸੋਸੀਏਸ਼ਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਸਕਾਰਾਤਮਕ ਕਦਮ ਨਾ ਚੁੱਕੇ ਤਾਂ ਅੰਦੋਲਨ ਦੀ ਵਿਸਥਾਰਪੂਰਵਕ ਰੂਪ-ਰੇਖਾ ਦਾ ਐਲਾਨ ਕਰਦੇ ਹੋਏ ਹਰਿਆਣਾ ਭਰ ਵਿੱਚ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ।

Comments
Post a Comment