ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਤੋਂ ਲੋਕਾਂ ਦੇ ਪੱਲੇ ਨਿਰਾਸਤਾ ਹੀ ਪਈ : ਕਾ: ਸੇਖੋਂ
ਮੋਦੀ ਨੇ ਪੰਜਾਬੀਆਂ ਦੀ ਮੁੱਖ ਮੰਗਾਂ ਤੇ ਦੁੱਖ ਦਰਦਾਂ ਤੋਂ ਮੂੰਹ ਮੋੜਿਆ
ਚੰਡੀਗੜ੍ਹ 18 ਜੁਲਾਈ ( ਰਣਜੀਤ ਧਾਲੀਵਾਲ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਰਾਜ ਦੇ ਲੋਕਾਂ ਨੂੰ ਕਾਫ਼ੀ ਉਮੀਦਾਂ ਸਨ, ਪਰ ਉਹਨਾਂ ਪੰਜਾਬ ਦੇ ਲੋਕਾਂ ਦੇ ਦਰਦਾਂ ਨੂੰ ਅੱਖੋਂ ਪਰੋਖੇ ਕੀਤਾ ਹੈ। ਜਿਸ ਕਰਕੇ ਸੂਬੇ ਦੇ ਲੋਕਾਂ ਦੇ ਪੱਲੇ ਨਿਰਾਸ਼ਤਾ ਹੀ ਪਈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਦਾ ਚਿਹਰਾ ਪਰਤੱਖ ਰੂਪ ਵਿੱਚ ਸਾਹਮਣੇ ਆ ਗਿਆ ਹੈ। ਕਾ: ਸੇਖੋਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹੋਣ ਕਾਰਨ ਸੂਬੇ ਦੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੁੱਖ ਮੰਗਾਂ ਬਾਰੇ ਕੋਈ ਵਿਸ਼ੇਸ਼ ਐਲਾਨ ਕੀਤੇ ਜਾਣ ਦੀ ਵੱਡੀ ਉਮੀਦ ਸੀ। ਪੰਜਾਬ ਦਾ ਖੇਤੀਬਾੜੀ ਵਿੱਚ ਭਾਰੀ ਮਹੱਤਵ ਹੋਣ ਸਦਕਾ ਲੋਕਾਂ ਨੂੰ ਉਮੀਦ ਸੀ ਕਿ ਪ੍ਰਧਾਨ ਮੰਤਰੀ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਭਾਅ ਦਾ ਐਲਾਨ ਕਰਨਗੇ, ਉਹਨਾਂ ਅਜਿਹਾ ਜ਼ਿਕਰ ਤਾਂ ਕੀਤਾ ਪਰ ਐਲਾਨ ਕਰਨ ਤੋਂ ਪਾਸਾ ਵੱਟ ਗਏ। ਇਸੇ ਤਰ੍ਹਾਂ ਪੰਜਾਬ ਦੀ ਆਰਥਿਕ ਮੰਦਹਾਲੀ ਕਾਰਨ ਕਰਜ਼ ਦੀ ਮਾਰ ਝੱਲ ਰਹੇ ਕਿਸਾਨ ਦਹਾਕਿਆਂ ਤੋਂ ਕਰਜ਼ਾ ਮੁਆਫ਼ੀ ਦੀ ਮੰਗ ਕਰ ਰਹੇ ਹਨ। ਹੁਣ ਕਿਸਾਨ ਨੂੰ ਆਸ ਸੀ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਅਜਿਹਾ ਐਲਾਨ ਕਰ ਸਕਦੇ ਹਨ, ਪਰ ਉਹਨਾਂ ਚੁੱਪ ਹੀ ਧਾਰ ਲਈ। ਕਮਿਊਨਿਸਟ ਆਗੂ ਨੇ ਕਿਹਾ ਕਿ ਕਿਸਾਨਾਂ ਦੀਆਂ ਇਹਨਾਂ ਮੰਗਾਂ ਬਾਰੇ ਕੋਈ ਐਲਾਨ ਨਾ ਕਰਨ ਤੋਂ ਭਾਜਪਾ ਅਤੇ ਕੇਂਦਰ ਦੀ ਮੋਦੀ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।
ਸੂਬਾ ਸਕੱਤਰ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਜੋਰ ਸੋਰ ਨਾਲ ਉੱਠ ਰਹੀ ਹੈ, ਕਿਉਂਕਿ ਪੰਜਾਬ ਦੇ ਬੰਦੀ ਵਿਅਕਤੀਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਹੋਰ ਸੂਬਿਆਂ ਦੇ ਸਜ਼ਾ ਭੁਗਤ ਚੁੱਕੇ ਵਿਅਕਤੀਆਂ ਨੂੰ ਰਿਹਾਅ ਕੀਤਾ ਗਿਆ ਹੈ, ਪਰ ਉਹੋ ਜਿਹੇ ਦੋਸ਼ਾਂ ਤਹਿਤ ਪੰਜਾਬ ਦੇ ਵਿਅਕਤੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਰਿਹਾਅ ਨਹੀਂ ਕੀਤੇ ਜਾ ਰਹੇ। ਪੰਜਾਬ ਦੇ ਲੋਕਾਂ ਨੂੰ ਉਮੀਦ ਸੀ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਆਪਣੇ ਪੰਜਾਬ ਦੌਰੇ ਸਮੇਂ ਅਜਿਹੇ ਕੁੱਝ ਵਿਅਕਤੀਆਂ ਦੀ ਰਿਹਾਈ ਦਾ ਹੁਕਮ ਸੁਣਾਉਣਗੇ। ਪਰ ਅਜਿਹਾ ਨਾ ਕਰਕੇ ਉਹਨਾਂ ਪੰਜਾਬ ਨਾਲ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਤੇ ਮੁੜ ਮੋਹਰ ਲਾ ਦਿੱਤੀ ਹੈ। ਇੱਥੇ ਹੀ ਬੱਸ ਨਹੀਂ ਦਰਿਆਈ ਪਾਣੀਆਂ ਦੇ ਮੁੱਦੇ ਉੱਪਰ ਵੀ ਉਹਨਾਂ ਸਪਸ਼ਟਤਾ ਜ਼ਾਹਰ ਨਹੀਂ ਕੀਤੀ ਅਤੇ ਨਾ ਹੀ ਭਾਖੜਾ ਬਿਆਸ ਮੈਨੇਜਮੈਂਟ ਵਿੱਚ ਪੰਜਾਬ ਦਾ ਹੱਕ ਬਰਕਰਾਰ ਰੱਖਣ ਜਾਂ ਚੰਡੀਗੜ੍ਹ ਮੁਕੰਮਲ ਤੌਰ ਤੇ ਪੰਜਾਬ ਦੇ ਸਪੁਰਦ ਕਰਨ ਬਾਰੇ ਕੋਈ ਹੁੰਗਾਰਾ ਭਰਿਆ। ਕਾ: ਸੇਖੋਂ ਨੇ ਕਿਹਾ ਕਿ ਸ੍ਰੀ ਮੋਦੀ ਨੇ ਪੰਜਾਬ ਵਿੱਚ ਆਪਣੀ ਪਾਰਟੀ ਦੀ ਚੋਣ ਮੁਹਿੰਮ ਦੀ ਇੱਕ ਤਰ੍ਹਾਂ ਸੁਰੂਆਤ ਕਰਦਿਆਂ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦੀ ਅਪੀਲ ਤਾਂ ਕੀਤੀ, ਪਰ ਪੰਜਾਬ ਦੀਆਂ ਹੱਕੀ ਮੰਗਾਂ ਬਾਰੇ ਐਲਾਨ ਕਰਨ ਤੋਂ ਮੂੰਹ ਮੋੜ ਲਿਆ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਫੋਕੀਆਂ ਗੱਲਾਂ ਤੇ ਵਿਸਵਾਸ਼ ਨਹੀਂ ਕਰਨਗੇ। ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪੰਜਾਬ ਦੇ ਲੋਕ ਨਿਰਾਸ ਹੋਏ ਹਨ।

Comments
Post a Comment