ਯੂਥ ਅਕਾਲੀ ਦਲ (ਪੁਨਰ ਸੁਰਜੀਤ) ਦੇ ਜਥੇਬੰਦਕ ਢਾਂਚੇ ਦਾ ਜਲਦ ਹੋਵੇਗਾ ਵਿਸਥਾਰ : ਗੁਰਜੀਤ ਸਿੰਘ ਤਲਵੰਡੀ
ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਮੀਟਿੰਗ ਦੀ ਕੀਤੀ ਸ਼ੁਰੂਆਤ
2 ਦਸੰਬਰ 2024 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਤਹਿਤ ਨੌਜਵਾਨਾਂ ਨੂੰ ਪੰਥਕ ਪਾਰਟੀ ਨਾਲ ਜੁੜਨ ਦੀ ਕੀਤੀ ਅਪੀਲ
ਚੰਡੀਗੜ੍ਹ 28 ਜੁਲਾਈ ( ਰਣਜੀਤ ਧਾਲੀਵਾਲ ) : ਯੂਥ ਅਕਾਲੀ ਦਲ (ਪੁਨਰ ਸੁਰਜੀਤ) ਦੇ ਨਵ-ਨਿਯੁਕਤ ਸੂਬਾ ਅਹੁਦੇਦਾਰਾਂ ਦੀ ਪਹਿਲੀ ਮੀਟਿੰਗ ਅੱਜ ਚੰਡੀਗੜ੍ਹ ਵਿਖੇ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਕੀਤੀ ਗਈ। ਮੀਟਿੰਗ ਦੌਰਾਨ ਯੂਥ ਵਿੰਗ ਦੇ ਸਮੂਹ ਸੂਬਾ ਅਹੁਦੇਦਾਰ ਹਾਜ਼ਰ ਰਹੇ। ਇਸ ਮੌਕੇ ਸੂਬਾ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਯੂਥ ਅਕਾਲੀ ਦਲ (ਪੁਨਰ ਸੁਰਜੀਤ) ਦੇ ਜਥੇਬੰਦਕ ਢਾਂਚੇ ਦਾ ਜਲਦ ਹੀ ਵਿਸਥਾਰ ਕੀਤਾ ਜਾਵੇਗਾ ਅਤੇ ਹਰ ਜ਼ਿਲ੍ਹੇ, ਹਲਕੇ ਅਤੇ ਪਿੰਡ ਪੱਧਰ ’ਤੇ ਨੌਜਵਾਨਾਂ ਨੂੰ ਜ਼ਿੰਮੇਵਾਰੀਆਂ ਸੌਂਪ ਕੇ ਇੱਕ ਮਜ਼ਬੂਤ ਸੰਗਠਨ ਖੜ੍ਹਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਦੀ ਰੌਸ਼ਨੀ ਵਿੱਚ ਨੌਜਵਾਨਾਂ ਨੂੰ ਪੰਥਕ ਸੋਚ ਨਾਲ ਜੁੜਨ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਮਜ਼ਬੂਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ, ਪੰਥ ਅਤੇ ਪੰਜਾਬੀਅਤ ਦੇ ਹੱਕਾਂ ਦੀ ਲੜਾਈ ਨੂੰ ਹੋਰ ਮਜ਼ਬੂਤ ਬਣਾਉਣ ਲਈ ਪਾਰਟੀ ਨਾਲ ਵੱਧ ਤੋਂ ਵੱਧ ਜੁੜਨ। ਮੀਟਿੰਗ ਦੌਰਾਨ ਨੌਜਵਾਨਾਂ ਨੂੰ ਪਾਰਟੀ ਨਾਲ ਵੱਡੇ ਪੱਧਰ ’ਤੇ ਜੋੜਨ, ਜਥੇਬੰਦਕ ਢਾਂਚੇ ਦੇ ਵਿਸਥਾਰ, ਆਉਣ ਵਾਲੇ ਸੰਗਠਨਾਤਮਕ ਪ੍ਰੋਗਰਾਮਾਂ ਅਤੇ ਪੰਜਾਬ ਨਾਲ ਸਬੰਧਤ ਵੱਖ-ਵੱਖ ਸਮਕਾਲੀ ਮੁੱਦਿਆਂ ’ਤੇ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ। ਸਾਰੇ ਅਹੁਦੇਦਾਰਾਂ ਨੇ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਜੋੜਨ ਦਾ ਸੰਕਲਪ ਲਿਆ।ਅੱਜ ਦੀ ਇਸ ਪਲੇਠੀ ਮੀਟਿੰਗ ਚ ਦਫ਼ਤਰ ਸਕਤਰ ਜਗਜੀਤ ਸਿੰਘ ਕੋਹਲੀ ਵੀ ਵਿਸ਼ੇਸ਼ ਤੌਰ ਪਹੁਚੇ ਹੋਏ ਸਨ। ਇਸ ਮੌਕੇ ਨਵਿੰਦਰਪ੍ਰੀਤ ਸਿੰਘ ਲੌਂਗੋਵਾਲ, ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ, ਗੁਰਸੇਵਕ ਸਿੰਘ ਮਾਣੇਆਣਾ, ਅਰਵਿੰਦਰ ਸਿੰਘ ਚਾਹਲ, ਚਰਨਜੀਤ ਸਿੰਘ ਮਾਵੀ, ਸਤਨਾਮ ਸਿੰਘ ਅਰੋੜੇਵਾਲਾ, ਅਮਿਤ ਕੁਮਾਰ ਸੇਠੀ, ਜਗਰੂਪ ਸਿੰਘ ਤਿਵਾਣਾ ਅਤੇ ਗੁਰਵਿੰਦਰ ਸਿੰਘ ਸੁਖਮਨ ਸਮੇਤ ਸਮੂਹ ਸੂਬਾ ਅਹੁਦੇਦਾਰ ਹਾਜ਼ਰ ਸਨ। ਮੀਟਿੰਗ ਵਿੱਚ ਹਾਜ਼ਰ ਸਮੂਹ ਅਹੁਦੇਦਾਰਾਂ ਨੇ ਭਰੋਸਾ ਦਿੱਤਾ ਕਿ ਉਹ ਸੂਬੇ ਭਰ ਵਿੱਚ ਯੂਥ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਅਤੇ ਸਮਰਪਣ ਨਾਲ ਕੰਮ ਕਰਨਗੇ।

Comments
Post a Comment