ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਗਈ
ਚੰਡੀਗੜ੍ਹ 3 ਜੁਲਾਈ ( ਰਣਜੀਤ ਧਾਲੀਵਾਲ ) : ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਦੀ ਅਗਵਾਈ ਹੇਠ ਚੰਡੀਗੜ੍ਹ ਪ੍ਰੈੱਸ ਕਲੱਬ ਸੈਕਟਰ 27-ਬੀ ਵਿਖੇ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿਚ ਜਥੇਬੰਦੀ ਵੱਲੋਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਅਤੇ ਸਮੱਸਿਆਵਾਂ ਬਾਰੇ ਦੱਸਿਆ ਗਿਆ। ਜਿੰਨਾਂ ਵਿਚੋਂ ਮੁੱਖ ਤੌਰ ਤੇ ਸਾਲ 2023 ਵਿਚ ਪਟਵਾਰੀਆਂ ਦੀਆਂ ਘਟਾਈਆਂ ਗਈਆਂ 1056 ਮਨਜੂਰਸ਼ੁਦਾ ਅਸਾਮੀਆਂ, ਸਟੇਟ ਕਾਡਰ ਨਾਲ ਪੈਦਾ ਹੋਏ ਕੋਰਟ ਕੇਸਾਂ ਕਾਰਨ ਲੰਬਿਤ ਪਈਆਂ ਪਟਵਾਰੀ ਤੋਂ ਕਾਨੂੰਗੋ ਦੀਆਂ ਪਦ ਉਨਤੀਆਂ, 17-07-2020 ਤੋਂ ਬਾਅਦ ਭਰਤੀ ਪਟਵਾਰੀਆਂ ਦੇ ਕੇਂਦਰੀ ਤਨਖਾਹ ਸਕੇਲ ਰੱਦ ਕਰਨਾ, ਮਹਿਕਮੇ ਵਿਚ ਲੜਕੀਆਂ ਦੀ ਗਿਣਤੀ ਵਧਣ ਕਾਰਨ ਪਟਵਾਰ ਭਵਨਾਂ ਵਿਚ ਬਾਥਰੂਮ ਵਰਗੀਆਂ ਮੁੱਢਲੀਆਂ ਸਹੂਲਤਾਂ, ਕੰਮ ਕਰਨ ਲਈ ਲੋੜੀਂਦੇ ਲੈਪਟਾਪ ਨਾ ਮਿਲਣਾ, ਨਵੀਂ ਭਰਤੀ ਨਾ ਹੋਣ ਕਾਰਨ ਕੰਮ ਦਾ ਵਾਧੂ ਬੋਝ ਆਦਿ ਮੁੱਖ ਸਨ।
ਆਗੂਆਂ ਨੇ ਪਿਛਲੇ 2 ਸਾਲ ਦੌਰਾਨ ਵੱਖ ਵੱਖ ਮੰਤਰੀ ਸਾਹਿਬਾਨ, ਸਰਕਾਰ ਦੇ ਨੁਮਾਇੰਦਿਆਂ, ਅਧਿਕਾਰੀਆਂ ਨੂੰ ਮਿਲ ਕੇ ਸਾਰੀਆਂ ਸਮੱਸਿਆਵਾਂ ਬਾਰੇ ਲਿਖਤੀ ਰੂਪ ਵਿਚ ਜਾਣੂੰ ਕਰਵਾਉਣ ਬਾਰੇ ਵੀ ਤੱਥ ਪੇਸ਼ ਕੀਤੇ। ਪ੍ਰੰਤੂ ਗੱਲਬਾਤ ਦੇ ਸਾਰੇ ਰਸਤੇ ਅਪਨਾਉਣ ਉਪਰੰਤ ਵੀ ਕੋਈ ਸਾਰਥਕ ਨਤੀਜੇ ਪ੍ਰਾਪਤ ਨਹੀਂ ਹੋਏ। ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਕਿ ਰੋਸ ਵਜੋਂ ਮਿਤੀ 10 ਜੁਲਾਈ 2026 ਦਿਨ ਸ਼ੁੱਕਰਵਾਰ ਨੂੰ ਡਾਇਰੈਕਟਰ ਲੈਂਡ ਰਿਕਾਰਡ ਦਫਤਰ ਜਲੰਧਰ ਵਿਖੇ ਸੂਬਾ ਕਮੇਟੀ ਦੇ ਵਫਦ ਵੱਲੋਂ ਇਕ ਸੰਕੇਤਕ ਰੋਸ ਧਰਨਾ ਦਿੱਤਾ ਜਾਵੇਗਾ, ਤਾਂ ਜੋ ਤਹਿਸੀਲਾਂ ਵਿਚ ਲੋਕਾਂ ਦੇ ਰੋਜਾਨਾ ਦੇ ਕੰਮ ਪ੍ਰਭਾਵਿਤ ਨਾ ਹੋਣ।
ਜਥੇਬੰਦੀ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਅਪੀਲ ਕੀਤੀ ਗਈ ਕਿ ਜਿਸ ਪ੍ਰਕਾਰ ਸਰਕਾਰ ਵੱਲੋਂ ਪਿੰਡ ਪਿੰਡ ਟੇਲਾਂ ਤੇ ਪਾਣੀ ਪਹੁੰਚਾਉਣ ਦੀ ਗੱਲ ਕੀਤੀ ਜਾ ਰਹੀ ਹੈ, ਉਸੇ ਪ੍ਰਕਾਰ ਹਰ ਇਨਸਾਨ ਨਾਲ ਜੁੜੀ ਇਸ ਅਹਿਮ ਪੋਸਟ ਪਟਵਾਰੀਆਂ ਦੀ ਗਿਣਤੀ ਮੌਜੂਦਾ ਸਮੇਂ ਦੇ ਹਾਲਾਤਾਂ ਅਨੁਸਾਰ ਵਧਾ ਕੇ ਹਰ ਪਿੰਡ ਨੂੰ ਪੱਕਾ ਪਟਵਾਰੀ ਦਿੱਤਾ ਜਾਵੇ ਅਤੇ ਗੱਲਬਾਤ ਰਾਹੀਂ ਮਸਲੇ ਹੱਲ ਕੀਤੇ ਜਾਣ। ਕਿਉਂਕਿ ਜਥੇਬੰਦੀ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਕਿ ਜਿਸ ਵੀ ਮੰਤਰੀ ਸਾਹਿਬਾਨ ਜਾਂ ਅਧਿਕਾਰੀਆਂ ਨਾਲ ਮਿਲ ਕੇ ਇਹਨਾਂ ਸਮੱਸਿਆਵਾਂ ਬਾਰੇ ਪੱਖ ਰੱਖਿਆ ਗਿਆ ਤਾਂ ਉਹਨਾਂ ਵੱਲੋਂ ਵੀ ਜਥੇਬੰਦੀ ਦੇ ਮਸਲੇ ਮੁੱਖ ਮੰਤਰੀ ਸਾਹਿਬ ਦੇ ਪੱਧਰ ਤੇ ਹੋਣ ਦੀ ਹੀ ਗੱਲ ਕਹੀ ਗਈ। ਰੋਜਾਨਾ ਦੇ ਰੈਵੀਨਿਊ ਕੰਮਾਂ ਤੋਂ ਇਲਾਵਾ ਲਾਲ ਲਕੀਰ ਦੇ ਕੰਮ, ਯੁੱਧ ਨਸ਼ਿਆਂ ਵਿਰੁੱਧ, ਆ ਰਹੀਆਂ ਕੁਦਰਤੀ ਆਫਤਾਂ ਜਿਵੇਂ ਹੜ੍ਹਾਂ ਦੀ ਸਥਿਤੀ ਆਦਿ ਵਿਚ ਵੀ ਪਟਵਾਰੀਆਂ ਦਾ ਰੋਲ ਮੋਹਰੀ ਹੈ। ਇਹ ਕੰਮ ਬਿਨਾਂ ਵਜ੍ਹਾ ਪ੍ਰਭਾਵਿਤ ਨਾ ਹੋਣ ਇਸ ਲਈ ਜਥੇਬੰਦੀ ਵੱਲੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਸੂਬਾ ਜਨਰਲ ਸਕੱਤਰ ਸੁਖਪ੍ਰੀਤ ਸਿੰਘ ਢਿੱਲੋਂ, ਨੁਮਾਇੰਦਾ ਕੁਲ ਹਿੰਦ ਸੁਮਨਦੀਪ ਸਿੰਘ ਭੁੱਲਰ, ਖਜਾਨਚੀ ਪਵਨ ਕੁਮਾਰ ਸਮੇਤ ਸੂਬਾ ਕਮੇਟੀ ਦੇ ਹੋਰ ਆਗੂ ਵੀ ਹਾਜਰ ਸਨ।

Comments
Post a Comment