ਪੰਜਾਬ ਦੀਆਂ ਔਰਤਾਂ ਨਾਲ ਠੱਗੀ ਨਾ ਮਾਰੋ: ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ
ਕਿਹਾ ਕਿ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਵਾਸਤੇ ਉਹਨਾਂ ਦੇ ਖ਼ਾਤੇ ਵਿਚ 55-55 ਹਜ਼ਾਰ ਰੁਪਏ ਪਾਏ ਜਾਣ
ਕਿਹਾ ਕਿ ਆਪ ਸਰਕਾਰ ਵੱਲੋਂ ਔਰਤਾਂ ਨੂੰ ਦਿੱਤਾ ਜਾ ਰਿਹਾ 3-3 ਹਜ਼ਾਰ ਰੁਪਿਆ ਤਾਂ ਵਿਆਜ਼ ਵੀ ਨਹੀਂ ਬਣਦਾ
ਚੰਡੀਗੜ੍ਹ 1 ਜੁਲਾਈ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬ ਦੀਆਂ ਔਰਤਾਂ ਨਾਲ ਠੱਗੀ ਨਾ ਮਾਰਨ ਅਤੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਵੱਲੋਂ ਮਾਰਚ 2022 ਵਿਚ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਬਣਦਾ 55-55 ਹਜ਼ਾਰ ਰੁਪਿਆ ਔਰਤਾਂ ਦੇ ਖ਼ਾਤੇ ਵਿਚ ਜਮ੍ਹਾਂ ਕੀਤਾ ਜਾਵੇ। ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਜਾਏ ਔਰਤਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੇ ਸਿਰਫ ਔਰਤਾਂ ਦੇ ਇਕ ਹਿੱਸੇ ਨੂੰ ਤਿੰਨ ਮਹੀਨੇ ਦਾ 3-3 ਹਜ਼ਾਰ ਰੁਪਿਆ ਦਿੱਤਾ ਜਾ ਰਿਹਾ ਹੈ ਜੋ ਕਿ ਉਹਨਾਂ ਦੇ ਬਣਦੇ ਕੁੱਲ ਪੈਸੇ ਦਾ ਵਿਆਜ਼ ਵੀ ਨਹੀਂ ਹੈ। ਉਹਨਾਂ ਕਿਹਾ ਕਿ ਇਹ ਪੰਜਾਬ ਦੀਆਂ ਔਰਤਾਂ ਨਾਲ ਵੱਡਾ ਧੋਖਾ ਹੈ ਕਿਉਂਕਿ ਔਰਤਾਂ ਪਿਛਲੇ ਸਾਢੇ ਚਾਰ ਸਾਲਾਂ ਤੋਂ ਆਪਣੇ ਹਿੱਸੇ ਦਾ ਲਾਭ ਉਡੀਕ ਰਹੀਆਂ ਹਨ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਔਰਤਾਂ ਨੂੰ ਇਹ ਰਾਸ਼ੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਮੁੱਖ ਮੰਤਰੀ ਔਰਤਾਂ ਲਈ ਚਿੰਤਾ ਕਰਨ ਦੀ ਥਾਂ ਉਹਨਾਂ ਨੂੰ ਪੈਸੇ ਪਾ ਕੇ ਇਸਦਾ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਪੰਜਾਬੀ ਇਸ ਧੋਖੇ ਨੂੰ ਮਨਜ਼ੂਰ ਨਹੀਂ ਕਰਨਗੇ। ਬਾਦਲ ਨੇ ਮੁੱਖ ਮੰਤਰੀ ਵੱਲੋਂ ਇਸ਼ਤਿਹਾਰਬਾਜ਼ੀ ’ਤੇ ਕਰੋੜਾਂ ਰੁਪਏ ਖਰਚ ਕਰਨ ਅਤੇ ਲਾਭਪਾਤਰੀਆਂ ਨੂੰ ਉਹਨਾਂ ਦੇ ਪ੍ਰੋਗਰਾਮਾਂ ਵਿਚ ਆਉਣ ਲਈ ਮਜਬੂਰ ਕਰਨ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਇਹ ਸਭ ਕੁਝ ਪੰਜਾਬੀਆਂ ਨੂੰ ਮੂਰਖ ਬਣਾਉਣ ਵਾਸਤੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੀਆਂ ਅਕਾਲੀ ਦਲ ਦੀਆਂ ਸਰਕਾਰਾਂ ਨੇ ਬੁਢਾਪਾ ਪੈਨਸ਼ਨ, ਆਟਾ ਦਾਲ ਸਕੀਮ ਤੇ ਸ਼ਗਨ ਸਕੀਮ ਵਰਗੇ ਲਾਭ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਦਿੱਤੇ ਸਨ। ਉਹਨਾਂ ਕਿਹਾ ਕਿ ਆਪ ਸਰਕਾਰ ਤਾਂ ਸਿਆਸੀ ਉਦੇਸ਼ਾਂ ਵਾਸਤੇ ਆਪਣੀ ਮਰਜ਼ੀ ਦੇ ਬੰਦਿਆਂ ਨੂੰ ਲਾਭ ਦੇ ਰਹੀ ਹੈ। ਉਹਨਾਂ ਕਿਹਾ ਕਿ ਗੁਰੂ ਦੋਖੀ ਤੇ ਪੰਥ ਵਿਰੋਧੀ ਮੁੱਖ ਮੰਤਰੀ ਤੋਂ ਹੋਰ ਕੋਈ ਆਸ ਨਹੀਂ ਕੀਤੀ ਜਾ ਸਕਦੀ।

Comments
Post a Comment