ਰਾਸ਼ਟਰੀ ਖੇਡ ਦਿਵਸ 2026: ਚੰਡੀਗੜ੍ਹ ਦੇ ਨੌਜਵਾਨਾਂ ਅਤੇ ਉੱਘੀਆਂ ਖੇਡ ਸ਼ਖ਼ਸੀਅਤਾਂ ਨੇ "ਖੇਲੋ ਇੰਡੀਆ ਸੰਵਾਦ – ਖੇਡ ਦੀ ਗੱਲ ਪੀਐੱਮ ਦੇ ਨਾਲ" ਵਿੱਚ ਉਤਸ਼ਾਹ ਨਾਲ ਲਿਆ ਹਿੱਸਾ
ਰਾਸ਼ਟਰੀ ਖੇਡ ਦਿਵਸ 2026: ਚੰਡੀਗੜ੍ਹ ਦੇ ਨੌਜਵਾਨਾਂ ਅਤੇ ਉੱਘੀਆਂ ਖੇਡ ਸ਼ਖ਼ਸੀਅਤਾਂ ਨੇ "ਖੇਲੋ ਇੰਡੀਆ ਸੰਵਾਦ – ਖੇਡ ਦੀ ਗੱਲ ਪੀਐੱਮ ਦੇ ਨਾਲ" ਵਿੱਚ ਉਤਸ਼ਾਹ ਨਾਲ ਲਿਆ ਹਿੱਸਾ
ਮੇਰਾ ਯੁਵਾ ਭਾਰਤ (MY Bharat) ਦੀ ਅਗਵਾਈ ਹੇਠ ਸ਼ਹਿਰ ਦੇ ਪ੍ਰਮੁੱਖ ਵਿੱਦਿਅਕ ਅਦਾਰਿਆਂ ਵਿੱਚ ਦੇਸ਼ਵਿਆਪੀ ਯੁਵਾ ਸੰਵਾਦ ਦਾ ਆਯੋਜਨ
ਅੰਤਰਰਾਸ਼ਟਰੀ ਅਥਲੀਟਾਂ ਨੇ ਨੌਜਵਾਨਾਂ ਨਾਲ ਸਾਂਝੇ ਕੀਤੇ ਅਨੁਸ਼ਾਸਨ, ਦ੍ਰਿੜ੍ਹਤਾ ਅਤੇ ਖੇਡ ਭਾਵਨਾ ਦੇ ਤਜ਼ਰਬੇ
ਭਾਗੀਦਾਰਾਂ ਨੇ "ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ" ਦਾ ਲਿਆ ਪ੍ਰਣ
ਚੰਡੀਗੜ੍ਹ 29 ਅਗਸਤ ( ਰਣਜੀਤ ਧਾਲੀਵਾਲ ) : ਰਾਸ਼ਟਰੀ ਖੇਡ ਦਿਵਸ 2026 ਦੇ ਮੌਕੇ 'ਤੇ ਚੰਡੀਗੜ੍ਹ ਦੇ ਪ੍ਰਮੁੱਖ ਵਿੱਦਿਅਕ ਅਦਾਰਿਆਂ ਵਿੱਚ ਦੇਸ਼ ਵਿਆਪੀ ਪ੍ਰੋਗਰਾਮ "ਖੇਲੋ ਇੰਡੀਆ ਸੰਵਾਦ – ਖੇਡ ਦੀ ਗੱਲ ਪੀਐੱਮ ਦੇ ਨਾਲ" ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਧੀਨ 'ਮੇਰਾ ਯੁਵਾ ਭਾਰਤ' (MY Bharat) ਵੱਲੋਂ ਆਯੋਜਿਤ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ, ਅਨੁਸ਼ਾਸਨ ਅਤੇ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜ ਕੇ 'ਵਿਕਸਿਤ ਭਾਰਤ' ਦੇ ਨਿਰਮਾਣ ਵਿੱਚ ਭਾਗੀਦਾਰ ਬਣਾਉਣਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਰਚੁਅਲ ਸੰਬੋਧਨ ਦੇ ਸਿੱਧੇ ਪ੍ਰਸਾਰਣ ਨਾਲ ਹੋਈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਬੀਤੇ ਇੱਕ ਦਹਾਕੇ ਦੌਰਾਨ ਦੇਸ਼ ਵਿੱਚ ਖੇਡ ਈਕੋਸਿਸਟਮ ਦੇ ਕਾਇਆ-ਕਲਪ, ਨੌਜਵਾਨਾਂ ਦੀ ਅਗਵਾਈ ਵਾਲੇ ਰਾਸ਼ਟਰ ਨਿਰਮਾਣ ਅਤੇ 2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਭਾਰਤ ਦੇ ਸੰਕਲਪ ਨੂੰ ਉਜਾਗਰ ਕੀਤਾ।
ਰਾਸ਼ਟਰੀ ਪ੍ਰਸਾਰਣ ਤੋਂ ਬਾਅਦ ਚੰਡੀਗੜ੍ਹ ਦੇ ਪ੍ਰਮੁੱਖ ਕੈਂਪਸਾਂ ਵਿੱਚ ਖੇਡ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਨਾਲ ਸੰਵਾਦ ਸੈਸ਼ਨ ਕਰਵਾਏ ਗਏ: RGNIYD ਖੇਤਰੀ ਕੇਂਦਰ: ਪ੍ਰਸਿੱਧ ਵੇਟਲਿਫ਼ਟਰ ਵਿਕਾਸ ਠਾਕੁਰ ਅਤੇ ਪੈਰਾ-ਅਥਲੀਟ ਰਾਜਨ ਢਕਲ ਨੇ ਨੌਜਵਾਨਾਂ ਨਾਲ ਗੱਲਬਾਤ ਕਰਦੇ ਹੋਏ ਖੇਡਾਂ ਵਿੱਚ ਨਿਰੰਤਰਤਾ ਅਤੇ ਸੰਘਰਸ਼ ਰਾਹੀਂ ਸਫ਼ਲਤਾ ਹਾਸਲ ਕਰਨ ਦੇ ਗੁਰ ਸਾਂਝੇ ਕੀਤੇ।ਪੰਜਾਬ ਇੰਜੀਨੀਅਰਿੰਗ ਕਾਲਜ (PEC): ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਨੇ ਵਿਦਿਆਰਥੀਆਂ ਨਾਲ ਗਲੋਬਲ ਪੱਧਰ ਦੇ ਮੁਕਾਬਲੇ, ਮਾਨਸਿਕ ਅਨੁਸ਼ਾਸਨ ਅਤੇ ਸਮਰਪਣ 'ਤੇ ਵਿਸਥਾਰ ਨਾਲ ਚਰਚਾ ਕੀਤੀ।
ਜੀਜੀਡੀਐੱਸਡੀ ਕਾਲਜ (GGDSD): ਸਟਾਰ ਹਾਕੀ ਖਿਡਾਰਨ ਗੁਰਜੀਤ ਕੌਰ, ਪੈਰਾ-ਅਥਲੀਟ ਬਬਨਪ੍ਰੀਤ ਕੌਰ ਅਤੇ ਰੋਇੰਗ ਚੈਂਪੀਅਨ ਭਗਵਾਨ ਸਿੰਘ ਨੇ ਟੀਮ ਵਰਕ, ਰਣਨੀਤਕ ਸੋਚ ਅਤੇ ਦ੍ਰਿੜ੍ਹ ਇਰਾਦੇ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ।
ਐੱਮਸੀਐੱਮ ਡੀਏਵੀ ਕਾਲਜ (MCM DAV): ਅੰਤਰਰਾਸ਼ਟਰੀ ਜੂਡੋਕਾ ਮਹਿਕ ਸਿੰਘ ਨੇ ਕੌਮਬੈਟ ਸਪੋਰਟਸ (ਦਵੰਦ ਖੇਡਾਂ) ਵਿੱਚ ਮਾਨਸਿਕ ਮਜ਼ਬੂਤੀ ਅਤੇ ਸਰੀਰਕ ਸਮਰੱਥਾ ਦੇ ਮਹੱਤਵ 'ਤੇ ਧਿਆਨ ਕੇਂਦਰਿਤ ਕੀਤਾ।
ਸੈਸ਼ਨ ਦੌਰਾਨ MY Bharat ਡਿਜੀਟਲ ਪਲੈਟਫਾਰਮ 'ਤੇ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੇ ਨਾਲ ਹੀ ਨੌਜਵਾਨਾਂ ਨੂੰ 'ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ' (VBYLD) 2027 ਕੁਇਜ਼ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਸਾਰੀਆਂ ਥਾਵਾਂ 'ਤੇ "ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ" ਦੇ ਸਮੂਹਿਕ ਪ੍ਰਣ ਨਾਲ ਹੋਈ। ਹਾਜ਼ਰ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਨਸ਼ਾ-ਮੁਕਤ ਬਣਾਉਣ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਣ ਦਾ ਸੰਕਲਪ ਲਿਆ।

Comments
Post a Comment