ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸੈਕਟਰ 40-ਸੀ, ਚੰਡੀਗੜ੍ਹ ਵਿਖੇ 80ਵਾਂ ਆਜ਼ਾਦੀ ਦਿਵਸ ਮਨਾਇਆ ਗਿਆ`
ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸੈਕਟਰ 40-ਸੀ, ਚੰਡੀਗੜ੍ਹ ਵਿਖੇ 80ਵਾਂ ਆਜ਼ਾਦੀ ਦਿਵਸ ਮਨਾਇਆ ਗਿਆ
ਚੰਡੀਗੜ੍ਹ 15 ਅਗਸਤ ( ਰਣਜੀਤ ਧਾਲੀਵਾਲ ) : ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸੈਕਟਰ 40-ਸੀ, ਚੰਡੀਗੜ੍ਹ ਵਿਖੇ ਭਾਰਤ ਦਾ 80ਵਾਂ ਆਜ਼ਾਦੀ ਦਿਵਸ ਦੇਸ਼-ਭਗਤੀ, ਉਤਸ਼ਾਹ ਅਤੇ ਸਨਮਾਨ ਦੀ ਭਾਵਨਾ ਨਾਲ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ, ਉਪਰੰਤ ਰਾਸ਼ਟਰੀ ਗੀਤ ਦੇ ਸਮੂਹ ਗਾਇਨ ਨੇ ਸਮੁੱਚੇ ਸਕੂਲ ਕੈਂਪਸ ਨੂੰ ਦੇਸ਼-ਪ੍ਰੇਮ ਅਤੇ ਰਾਸ਼ਟਰੀ ਮਾਣ ਦੀ ਭਾਵਨਾ ਨਾਲ ਭਰ ਦਿੱਤਾ। ਇਸ ਮੌਕੇ ਲੋਕਲ ਮੈਨੇਜਮੈਂਟ ਕਮੇਟੀ ਦੇ ਸਨਮਾਨਯੋਗ ਪ੍ਰਧਾਨ ਡਾ. ਪਰਮਜੀਤ ਸਿੰਘ ਜੀ, ਉਪ-ਪ੍ਰਧਾਨ ਇੰਦਰਜੀਤ ਸਿੰਘ, ਮੈਂਬਰ ਹਰਦੀਪ ਸਿੰਘ ਅਤੇ ਮੈਂਬਰ ਰਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਤੋਂ ਬਾਅਦ ਰਾਸ਼ਟਰੀ ਗਾਣ ਦੀ ਪੇਸ਼ਕਾਰੀ ਨਾਲ ਹੋਈ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਦੇਸ਼-ਭਗਤੀ ਨਾਲ ਭਰਪੂਰ ਭਾਸ਼ਣ, ਦੇਸ਼-ਭਗਤੀ ਦੇ ਗੀਤ, ਸਮੂਹ ਗਾਇਨ, ਸੰਗੀਤਕ ਪੇਸ਼ਕਾਰੀਆਂ ਅਤੇ ਨ੍ਰਿਤ ਪ੍ਰੋਗਰਾਮ ਪੇਸ਼ ਕੀਤੇ ਗਏ। ਇਨ੍ਹਾਂ ਪੇਸ਼ਕਾਰੀਆਂ ਨੇ ਸਮੁੱਚੇ ਮਾਹੌਲ ਨੂੰ ਦੇਸ਼-ਪ੍ਰੇਮ, ਜੋਸ਼ ਅਤੇ ਉਤਸ਼ਾਹ ਨਾਲ ਸਰਸ਼ਾਰ ਕਰ ਦਿੱਤਾ। ਸਮਾਗਮ ਦੀ ਵਿਸ਼ੇਸ਼ ਖਿੱਚ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਪ੍ਰਭਾਵਸ਼ਾਲੀ ਨਾਟਕ “ਜੇ ਅਜ਼ਾਦੀ ਬੋਲ ਸਕਦੀ” ਰਿਹਾ। ਇਸ ਨਾਟਕ ਰਾਹੀਂ ਆਜ਼ਾਦੀ ਦੇ ਅਸਲ ਅਰਥਾਂ ਨੂੰ ਬੜੇ ਭਾਵਪੂਰਨ ਢੰਗ ਨਾਲ ਪੇਸ਼ ਕੀਤਾ ਗਿਆ ਅਤੇ ਦਰਸ਼ਕਾਂ ਨੂੰ ਉਨ੍ਹਾਂ ਅਣਗਿਣਤ ਕੁਰਬਾਨੀਆਂ, ਸੰਘਰਸ਼ਾਂ ਅਤੇ ਤਿਆਗਾਂ ਦੀ ਯਾਦ ਦਿਵਾਈ ਗਈ, ਜਿਨ੍ਹਾਂ ਸਦਕਾ ਅਸੀਂ ਅੱਜ ਅਜ਼ਾਦੀ ਦੀ ਖੁੱਲ੍ਹੀ ਹਵਾ ਵਿੱਚ ਸਾਹ ਲੈ ਰਹੇ ਹਾਂ। ਇਸ ਸ਼ਾਨਦਾਰ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ ਅਤੇ ਉਨ੍ਹਾਂ ਦੇ ਮਨਾਂ ’ਤੇ ਡੂੰਘੀ ਛਾਪ ਛੱਡੀ।ਇਸ ਮੌਕੇ ਸੰਬੋਧਨ ਕਰਦਿਆਂ ਲੋਕਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਨੇ ਵਿਦਿਆਰਥੀਆਂ ਅਤੇ ਸਮੁੱਚੇ ਸਟਾਫ਼ ਨੂੰ ਸ਼ਾਨਦਾਰ ਅਤੇ ਅਰਥਪੂਰਨ ਪ੍ਰੋਗਰਾਮ ਪੇਸ਼ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਸਕੂਲ ਪਰਿਵਾਰ ਦੀ ਮਿਹਨਤ, ਰਚਨਾਤਮਕਤਾ ਅਤੇ ਸਮਰਪਣ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਮਹਾਨ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਦਿਆਂ ਆਜ਼ਾਦੀ ਦੀ ਕਦਰ ਕਰਨੀ ਚਾਹੀਦੀ ਹੈ। ਸਕੂਲ ਦੀ ਪ੍ਰਿੰਸੀਪਲ ਸ਼ਮਾ ਕੂਕਲ ਜੀ ਨੇ ਵੀ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮੁੱਚੇ ਸਟਾਫ਼ ਨੂੰ ਅਜ਼ਾਦੀ ਦਿਵਸ ਦੀਆਂ ਦਿਲੋਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸ਼ਾਨਦਾਰ ਪ੍ਰੋਗਰਾਮ, ਉਨ੍ਹਾਂ ਦੀ ਰਚਨਾਤਮਕਤਾ ਅਤੇ ਸਮੂਹਿਕ ਮਿਹਨਤ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਦੇਸ -ਭਗਤੀ ਦੀ ਭਾਵਨਾ ਹਰ ਨੌਜਵਾਨ ਮਨ ਵਿੱਚ ਮਜ਼ਬੂਤ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਸਾਨੂੰ ਅਜ਼ਾਦੀ ਦੇ ਮਹੱਤਵ ਨੂੰ ਸਮਝਦਿਆਂ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਸਮੁੱਚੇ ਤੌਰ ’ਤੇ ਆਜ਼ਾਦੀ ਦਿਵਸ ਦਾ ਇਹ ਸਮਾਗਮ ਦੇਸ਼-ਪ੍ਰੇਮ, ਕੁਰਬਾਨੀ, ਜ਼ਿੰਮੇਵਾਰੀ ਅਤੇ ਰਾਸ਼ਟਰੀ ਏਕਤਾ ਦਾ ਸੁਨੇਹਾ ਦਿੰਦਿਆਂ ਬੜਾ ਯਾਦਗਾਰ ਹੋ ਨਿਬੜਿਆ।

Comments
Post a Comment