ਪੰਚਕੂਲਾ ਦੇ ਦੋ ਬਜ਼ੁਰਗ ਹਾਰਟ ਪੇਸ਼ੈਂਟਾਂ ਨੂੰ ਪ੍ਰੋਟੈਕਟਿਡ ਪੀਸੀਆਈ ਨਾਲ ਮਿਲਿਆ ਨਵਾਂ ਜੀਵਨ
ਪੰਚਕੂਲਾ 19 ਅਗਸਤ ( ਰਣਜੀਤ ਧਾਲੀਵਾਲ ) : ਜਾਨਲੇਵਾ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਪੰਚਕੂਲਾ ਦੇ ਦੋ ਬਜ਼ੁਰਗ ਮਰੀਜ਼ਾਂ ਨੂੰ ਲਿਵਾਸਾ ਹਸਪਤਾਲ, ਮੋਹਾਲੀ ਵਿੱਚ ਸਫਲਤਾਪੂਰਵਕ ਕੀਤੀ ਗਈ 'ਪ੍ਰੋਟੈਕਟਿਡ ਐਂਜੀਓਪਲਾਸਟੀ ਵਿਦ ਸਟੈਂਟਿੰਗ' ਤੋਂ ਬਾਅਦ ਨਵਾਂ ਜੀਵਨ ਮਿਲਿਆ। ਬੁੱਧਵਾਰ ਨੂੰ ਪੰਚਕੂਲਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਚੇਅਰਮੈਨ-ਕਾਰਡੀਅਕ ਸਾਇੰਸਜ਼, ਲਿਵਾਸਾ ਹਸਪਤਾਲ, ਡਾ. ਹਰਿੰਦਰ ਕੇ. ਬਾਲੀ ਨੇ ਦੱਸਿਆ ਕਿ ਇਹਨਾਂ ਜਟਿਲ ਪ੍ਰਕਿਰਿਆਵਾਂ ਦੌਰਾਨ ਅਸਥਾਈ ਬਲੱਡ ਸਰਕੁਲੇਟਰੀ ਸਹਾਇਤਾ ਪ੍ਰਦਾਨ ਕਰਨ ਲਈ ਦੁਨੀਆ ਦੇ ਸਭ ਤੋਂ ਛੋਟੇ ਮੈਕੇਨੀਕਲ ਹਾਰਟ ਪੰਪ 'ਇੰਪੈਲਾ' ਦੀ ਵਰਤੋਂ ਕੀਤੀ ਗਈ ਸੀ।
ਪਹਿਲੇ ਮਾਮਲੇ ਵਿੱਚ, ਇੱਕ 78 ਸਾਲਾ ਪੁਰਸ਼ ਮਰੀਜ਼ ਨੂੰ ਗੰਭੀਰ 'ਐਕਿਊਟ ਮਾਇਓਕਾਰਡੀਅਲ ਇਨਫਾਰਕਸ਼ਨ' (ਹਾਰਟ ਅਟੈਕ) ਦੀ ਸ਼ਿਕਾਇਤ ਤੋਂ ਬਾਅਦ ਭਰਤੀ ਕਰਵਾਇਆ ਗਿਆ ਸੀ। ਉਹਨਾਂ ਦੀਆਂ ਤਿੰਨੋਂ ਕੋਰੋਨਰੀ ਧਮਨੀਆਂ, ਜਿਹਨਾਂ ਵਿੱਚ ਮੁੱਖ ਖੱਬੀ ਧਮਨੀ ਵੀ ਸ਼ਾਮਲ ਸੀ, ਵਿੱਚ ਭਾਰੀ ਮਾਤਰਾ ਵਿੱਚ ਕੈਲਸ਼ੀਅਮ ਜੰਮਿਆ ਹੋਇਆ ਸੀ ਅਤੇ ਉਹ ਗੰਭੀਰ ਰੂਪ ਵਿੱਚ ਬਲਾਕ ਸਨ। ਡਾ. ਬਾਲੀ ਨੇ ਕਿਹਾ, "ਛੋਟੇ ਆਕਾਰ ਦੇ ਇਸ ਹਾਰਟ ਪੰਪ (ਇੰਪੈਲਾ) ਨੂੰ ਪੱਟ ਦੀ ਧਮਨੀ (ਫ਼ੇਮੋਰਲ ਆਰਟਰੀ) ਦੇ ਜ਼ਰੀਏ ਬਿਨਾਂ ਕਿਸੇ ਸਰਜਰੀ ਦੇ ਅੰਦਰ ਪਾਇਆ ਗਿਆ। ਪੂਰੀ ਐਂਜੀਓਪਲਾਸਟੀ ਅਤੇ ਸਟੈਂਟਿੰਗ ਪ੍ਰਕਿਰਿਆ ਇੱਕੋ ਵਾਰ ਵਿੱਚ ਪੂਰੀ ਕਰ ਲਈ ਗਈ। ਇਸ ਵਿੱਚ 'ਲੇਫਟ ਮੇਨ ਬਾਏਫਰਕੇਸ਼ਨ ਸਟੈਂਟਿੰਗ' ਅਤੇ 'ਰਾਈਟ ਕੋਰੋਨਰੀ ਆਰਟਰੀ ਸਟੈਂਟਿੰਗ' ਕੀਤੀ ਗਈ। ਧਮਨੀਆਂ ਵਿੱਚ ਬਹੁਤ ਜ਼ਿਆਦਾ ਕੈਲਸ਼ੀਅਮ ਹੋਣ ਕਾਰਨ ਇਸ ਪ੍ਰਕਿਰਿਆ ਨੂੰ 'ਓਪਟੀਕਲ ਕੋਹੇਰੈਂਸ ਟੋਮੋਗ੍ਰਾਫੀ' ਨਾਮਕ ਇੰਟ੍ਰਾਕੋਰੋਨਰੀ ਇਮੇਜਿੰਗ ਦੀ ਨਿਗਰਾਨੀ ਹੇਠ ਅੰਜਾਮ ਦਿੱਤਾ ਗਿਆ।" ਡਾ. ਬਾਲੀ ਨੇ ਦੱਸਿਆ ਕਿ ਮਰੀਜ਼ ਦੇ ਦਿਲ ਵਿੱਚ ਪੰਜ ਸਟੈਂਟ ਲਗਾਏ ਗਏ ਅਤੇ ਓਪਟੀਕਲ ਕੋਹੇਰੈਂਸ ਟੋਮੋਗ੍ਰਾਫੀ ਰਾਹੀਂ ਸਟੈਂਟ ਦੀ ਸਹੀ ਸਥਿਤੀ ਦੀ ਪੁਸ਼ਟੀ ਕੀਤੀ ਗਈ। ਦਿਲ ਦੇ ਸਥਿਰ ਹੋਣ ਤੋਂ ਬਾਅਦ ਐਂਜੀਓਪਲਾਸਟੀ ਦੇ ਅੰਤ ਵਿੱਚ ਪੰਪ ਨੂੰ ਕੱਢ ਦਿੱਤਾ ਗਿਆ। ਮਰੀਜ਼ ਨੂੰ ਦੋ ਦਿਨ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਅਤੇ ਇਲਾਜ ਦੇ ਦੋ ਸਾਲ ਬਾਅਦ ਵੀ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ।
ਦੂਜੀ ਮਰੀਜ਼ 80 ਸਾਲਾ ਔਰਤ ਸੀ, ਜਿਹਨਾਂ ਨੂੰ ਗੰਭੀਰ ਹਾਰਟ ਅਟੈਕ ਅਤੇ 'ਕਾਰਡੀਓਜੇਨਿਕ ਸ਼ੌਕ' ਦੇ ਖਤਰੇ ਕਾਰਨ ਭਰਤੀ ਕਰਵਾਇਆ ਗਿਆ ਸੀ। ਉਹਨਾਂ ਦੇ ਦਿਲ ਦਾ ਮੁੱਖ ਪੰਪਿੰਗ ਹਿੱਸਾ- ਲੇਫਟ ਵੈਂਟ੍ਰੀਕਲ - ਬਹੁਤ ਕਮਜ਼ੋਰ ਸੀ ਅਤੇ ਦਿਲ ਦਾ ਖੱਬਾ ਵਾਲਵ ਲੀਕ ਕਰ ਰਿਹਾ ਸੀ। ਡਾ. ਬਾਲੀ ਨੇ ਦੱਸਿਆ, "ਇੰਪੈਲਾ ਹਾਰਟ ਪੰਪ ਦੀ ਵਰਤੋਂ ਕਰਕੇ 'ਪ੍ਰੋਟੈਕਟਿਡ ਪੀਸੀਆਈ' ਰਾਹੀਂ ਖੱਬੀ ਮੁੱਖ ਧਮਨੀ ਦੀ ਐਂਜੀਓਪਲਾਸਟੀ ਅਤੇ ਸਟੈਂਟਿੰਗ ਸਫਲਤਾਪੂਰਵਕ ਕੀਤੀ ਗਈ। ਮਰੀਜ਼ ਨੂੰ ਤਿੰਨ ਦਿਨਾਂ ਤੱਕ ਇੰਪੈਲਾ ਸਪੋਰਟ ਦੀ ਲੋੜ ਪਈ, ਜਿਸ ਤੋਂ ਬਾਅਦ ਹੌਲੀ-ਹੌਲੀ ਪੰਪ ਨੂੰ ਹਟਾ ਲਿਆ ਗਿਆ।" ਡਾ. ਬਾਲੀ ਨੇ ਅੱਗੇ ਜਾਣਕਾਰੀ ਦਿੱਤੀ ਕਿ 'ਪ੍ਰੋਟੈਕਟਿਡ ਪੀਸੀਆਈ' ਕਮਜ਼ੋਰ ਦਿਲ, ਕਈ ਧਮਨੀਆਂ ਵਿੱਚ ਬਲਾਕੇਜ ਜਾਂ ਹੋਰ ਬਿਮਾਰੀਆਂ ਨਾਲ ਜੂਝ ਰਹੇ ਉੱਚ-ਜੋਖਮ ਵਾਲੇ ਮਰੀਜ਼ਾਂ ਦੀ ਐਂਜੀਓਪਲਾਸਟੀ ਦੌਰਾਨ ਸਰੀਰ ਵਿੱਚ ਖੂਨ ਦੇ ਸਰਕੁਲੇਸ਼ਨ ਅਤੇ ਕਾਰਡੀਅਕ ਆਊਟਪੁੱਟ ਨੂੰ ਆਮ ਬਣਾਏ ਰੱਖਦਾ ਹੈ।
ਉਹਨਾਂ ਕਿਹਾ ਕਿ ਸਹੀ ਮਰੀਜ਼ਾਂ ਦੀ ਚੋਣ ਕਰਕੇ ਇਹ ਤਕਨੀਕ ਉਦੋਂ ਵੀ ਜਟਿਲ ਕੋਰੋਨਰੀ ਇਲਾਜ ਨੂੰ ਸੰਭਵ ਬਣਾਉਂਦੀ ਹੈ ਜਦੋਂ ਬਾਈਪਾਸ ਸਰਜਰੀ ਦਾ ਵਿਕਲਪ ਮੌਜੂਦ ਨਾ ਹੋਵੇ। ਅਜਿਹੀਆਂ ਜਟਿਲ ਪ੍ਰਕਿਰਿਆਵਾਂ ਨੂੰ ਅੰਜਾਮ ਦੇਣ ਲਈ ਉੱਚ ਤਕਨੀਕੀ ਮੋਹਾਰਤ, 'ਹਾਰਟ ਟੀਮ' ਦ੍ਰਿਸ਼ਟੀਕੋਣ ਅਤੇ ਬਹੁ-ਮਾਹਰ ਤਾਲਮੇਲ ਦਾ ਹੋਣਾ ਬਹੁਤ ਜ਼ਰੂਰੀ ਹੈ। ਸੀਈਓ-ਲਿਵਾਸਾ ਹਸਪਤਾਲ, ਅਨੁਰਾਗ ਯਾਦਵ ਨੇ ਕਿਹਾ, "ਅਸੀਂ ਪੂਰੇ ਖੇਤਰ ਵਿੱਚ ਉੱਨਤ ਦਿਲ ਦੀ ਦੇਖਭਾਲ ਦੀਆਂ ਸਹੂਲਤਾਂ ਉਪਲਬਧ ਕਰਵਾਉਣ ਲਈ ਵਚਨਬੱਧ ਹਾਂ। ਤਜਰਬੇਕਾਰ ਮਾਹਰ ਟੀਮਾਂ, ਅਤਿ-ਆਧੁਨਿਕ ਤਕਨਾਲੋਜੀ ਅਤੇ ਮਜ਼ਬੂਤ ਬਹੁ-ਵਿਸ਼ੇਸ਼ ਦ੍ਰਿਸ਼ਟੀਕੋਣ ਨਾਲ ਲਿਵਾਸਾ ਹਸਪਤਾਲ ਜਟਿਲ ਅਤੇ ਉੱਚ-ਜੋਖਮ ਵਾਲੇ ਦਿਲ ਦੇ ਮਾਮਲਿਆਂ ਦਾ ਇਲਾਜ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ।"

Comments
Post a Comment