ਆਪ ਸਾਂਸਦ ਮਲਵਿੰਦਰ ਕੰਗ ਵੱਲੋਂ ਪੁੱਡਾ ਗਮਾਡਾ ਤੇ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੇ ਐਸ ਸੀ ਬੀਸੀ ਮੋਰਚਾ ਪ੍ਰਧਾਨ ਨੇ ਧੰਨਵਾਦ ਕੀਤਾ ਪਰ ਅੱਜ ਧਰਨੇ ਤੋਂ ਮੁੱਕਰਨ ਤੇ ਹੈਰਾਨੀ ਜਤਾਈ
ਆਪ ਸਾਂਸਦ ਮਲਵਿੰਦਰ ਕੰਗ ਵੱਲੋਂ ਪੁੱਡਾ ਗਮਾਡਾ ਤੇ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੇ ਐਸ ਸੀ ਬੀਸੀ ਮੋਰਚਾ ਪ੍ਰਧਾਨ ਨੇ ਧੰਨਵਾਦ ਕੀਤਾ ਪਰ ਅੱਜ ਧਰਨੇ ਤੋਂ ਮੁੱਕਰਨ ਤੇ ਹੈਰਾਨੀ ਜਤਾਈ
ਉਨ੍ਹਾਂ ਕਿਹਾ ਦੋਸ਼ ਲੱਗਣ ਤੋਂ ਬਾਦ ਸਾਬਿਤ ਹੋ ਗਿਆ ਜਾਂ ਤਾਂ ਉਹ ਡਰ ਗਏ ਜਾਂ ਦਬਾਅ ਨਾਲ ਚੁੱਪ ਕਰਵਾਇਆ ਗਿਆ
ਐਸ.ਏ.ਐਸ.ਨਗਰ 27 ਅਗਸਤ ( ਰਣਜੀਤ ਧਾਲੀਵਾਲ ) : ਐਸ ਸੀ ਬੀ ਸੀ ਮਹਾਂ ਪੰਚਾਇਤ ਪੰਜਾਬ ਦੇ ਪ੍ਰਧਾਨ ਤੇ ਵਾਤਾਵਰਣ ਪ੍ਰੇਮੀ ਬਲਵਿੰਦਰ ਸਿੰਘ ਕੁੰਭੜਾ ਨੇ ਇੱਕ ਪ੍ਰੈਸ ਮਿਲਣੀ ਵਿੱਚ ਕੱਲ ਆਮ ਆਦਮੀ ਪਾਰਟੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਵੱਲੋਂ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੀ ਕਾਰਗੁਜ਼ਾਰੀ ਨੂੰ ਲੈ ਕੇ ਉਠਾਏ ਗਏ ਸਵਾਲਾਂ ਅਤੇ ਜੋ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ, ਉਹ ਬਿਲਕੁੱਲ ਸੱਚੇ ਹਨ ਤੇ ਅਸੀਂ ਧੰਨਵਾਦੀ ਹਾਂ ਸ. ਕੰਗ ਦੇ ਜਿਨ੍ਹਾਂ ਨੇ ਆਪਣੀ ਹੀ ਪਾਰਟੀ ਦੀ ਸਰਕਾਰ ਤੇ ਹੀ ਸਵਾਲ ਚੁੱਕਣ ਦੀ ਹਿੰਮਤ ਕੀਤੀ।
ਜਦਕਿ ਸਾਢੇ ਚਾਰ ਸਾਲਾਂ ਵਿੱਚ ਵਿਧਾਇਕ ਕੰਵਰ ਵਿਜੈ ਪ੍ਰਤਾਪ ਸਿੰਘ ਤੋਂ ਬਿਨਾਂ ਹੋਰ ਕਿਸੇ ਵੀ ਵਿਧਾਇਕ ਨੇ ਹਿੰਮਤ ਨਹੀਂ ਕੀਤੀ ਤੇ ਨਾ ਉਨ੍ਹਾਂ ਦੀ ਮਰੀ ਹੋਈ ਜਮੀਰ ਜਾਗੀ, ਬਸ ਜਿੰਦਾ ਲਾਸ਼ਾਂ ਬਣਕੇ ਅਪਣੇ ਆਕਾਵਾਂ ਦੀ ਜੀ ਹਜੂਰੀ ਹੀ ਕੀਤੀ ਹੈ, ਪਰ ਕੰਗ ਨੇ ਜਦੋਂ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਤਾਂ ਇੱਕ ਆਸ ਦੀ ਕਿਰਨ ਜਾਗੀ ਕਿ ਕਿਸੇ ਦੀ ਜਮੀਰ ਤਾਂ ਜਿਉਂਦੀ ਹੈ, ਪਰ ਜਦੋਂ ਅੱਜ ਉਹ ਵੀ ਅਪਣੇ ਕੀਤੇ ਐਲਾਨ ਤੋਂ ਭੱਜ ਗਏ ਤਾਂ ਸਾਰਾ ਪੰਜਾਬ ਹੈਰਾਨ ਹੋ ਗਿਆ ਕਿ ਇਹ ਕੀ ਹੈ, ਮੈਨੂੰ ਪੂਰੀ ਆਸ ਹੈ ਕਿ ਜਾਂ ਤਾਂ ਮਾਲਵਿੰਦਰ ਸਿੰਘ ਕੰਗ ਡਰ ਗਏ ਹਨ ਜਾਂ ਉਨ੍ਹਾਂ ਦੇ ਆਕਾਵਾਂ ਨੇ ਦਬਾਅ ਪਾਕੇ ਚੁੱਪ ਕਰਵਾ ਦਿੱਤਾ ਹੈ। ਕੁੰਭੜਾ ਨੇ ਕਿਹਾ ਕਿ ਸ. ਕੰਗ ਵੱਲੋਂ ਸੈਣੀ ਮਾਜਰਾ ਵਿੱਚ ਗਮਾਡਾ ਦੀ ਕਾਰਵਾਈ ਤੇ ਜੋ ਸਵਾਲ ਚੁੱਕੇ ਹਨ, ਜਿਸ ਤਰ੍ਹਾਂ ਭ੍ਰਿਸ਼ਟਾਚਾਰ ਦਾ ਕੇਂਦਰ ਦੱਸਿਆ ਹੈ। ਸਰਕਾਰ ਨੂੰ ਇਨ੍ਹਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੂਰੇ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਸਬੰਧਤ ਮੰਤਰੀ ਤੋਂ ਅਸਤੀਫੇ ਲੈਣਾ ਚਾਹੀਦਾ ਹੈ।
ਪ੍ਰਧਾਨ ਕੁੰਭੜਾ ਨੇ ਕਿਹਾ ਕਿ ਗਮਾਡਾ ਵਿੱਚ ਲੰਮੇ ਸਮੇਂ ਤੋਂ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ ਅਤੇ ਕਥਿਤ ਬੇਨਿਯਮੀਆਂ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗਮਾਡਾ ਨਾਲ ਸਬੰਧਤ ਮੰਤਰੀ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਅਤੇ ਜੇਕਰ ਸਰਕਾਰ ਦੋਸ਼ਾਂ ਨੂੰ ਗਲਤ ਮੰਨਦੀ ਹੈ ਤਾਂ ਤੱਥ ਜਨਤਕ ਕਰਕੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਦੇ ਆਪਣੇ ਹੀ ਸਾਂਸਦ ਵੱਲੋਂ ਚੁੱਕੇ ਸਵਾਲਾਂ ਤੇ ਕਾਰਵਾਈ ਨਹੀਂ ਕਰਦੀ ਤਾਂ ਇਸ ਦਾ ਮਤਲਬ ਹੈ ਸਰਕਾਰ ਦੀ ਨੀਅਤ ਵਿੱਚ ਹੀ ਖੋਟ ਹੈ। ਇਸ ਮੌਕੇ ਮੋਰਚਾ ਆਗੂ ਕਰਮ ਸਿੰਘ ਕੁਰੜੀ, ਹਰਨੇਕ ਸਿੰਘ ਮਲੋਆ, ਸ਼ਰਨਜੀਤ ਸਿੰਘ, ਗੁਰਵਿੰਦਰ ਸਿੰਘ, ਬੱਬਲ ਚੋਪੜਾ, ਦਰਸ਼ਨ ਸਿੰਘ ਰਾਠੀ ਆਦਿ ਹਾਜ਼ਰ ਹੋਏ।

Comments
Post a Comment