ਬਲਬੀਰ ਸਿੰਘ ਸਿੱਧੂ ਨੇ ਬਠਲਾਣਾ ਪਹੁੰਚ ਕੇ ਦਿਖਾਈ ਪੰਜਾਬ ਸਰਕਾਰ ਦੇ ਵਿਕਾਸ ਮਾਡਲ ਦੀ ਜ਼ਮੀਨੀ ਹਕੀਕਤ
ਐਸ.ਏ.ਐਸ.ਨਗਰ 16 ਅਗਸਤ ( ਰਣਜੀਤ ਧਾਲੀਵਾਲ ) : ਅੱਜ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲਾਂਡਰਾ-ਬਨੂੰੜ ਰੋਡ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਸਥਿਤ ਪਿੰਡ ਬਠਲਾਣਾ ਦਾ ਦੌਰਾ ਕੀਤਾ। ਇਸ ਮੌਕੇ ਪਿੰਡ ਦੀ ਖਸਤਾ ਹਾਲਤ ਸੜਕ ਦਿਖਾਉਂਦਿਆਂ ਆਮ ਆਦਮੀ ਪਾਰਟੀ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਰੱਖੀ। ਸੜਕ ’ਤੇ ਪਏ ਥਾਂ-ਥਾਂ ਡੂੰਘੇ ਟੋਏ ਅਤੇ ਮੀਂਹ ਦਾ ਖੜ੍ਹਾ ਪਾਣੀ ਲੋਕਾਂ ਲਈ ਗੰਭੀਰ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ।ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਤੋਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਪਿੰਡਾਂ ਦੀਆਂ ਬੁਨਿਆਦੀ ਸਹੂਲਤਾਂ ਵੱਲ ਕੋਈ ਢੁੱਕਵਾਂ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਲੋਕ ਅੱਜ ਵੀ ਟੁੱਟੀਆਂ ਸੜਕਾਂ, ਗੰਦੇ ਪਾਣੀ ਅਤੇ ਖਰਾਬ ਬੁਨਿਆਦੀ ਢਾਂਚੇ ਨਾਲ ਜੂਝ ਰਹੇ ਹਨ।
ਬਲਬੀਰ ਸਿੰਘ ਸਿੱਧੂ ਨੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੂੰ ਸਿੱਧਾ ਸਵਾਲ ਕਰਦਿਆਂ ਕਿਹਾ ਕਿ ਸਾਢੇ ਚਾਰ ਸਾਲਾਂ ਵਿੱਚ ਜੇਕਰ ਆਪ ਸਰਕਾਰ ਨੇ ਸੱਚਮੁੱਚ ਵਿਕਾਸ ਕੀਤਾ ਹੈ ਤਾਂ ਉਹ ਲੋਕਾਂ ਨੂੰ ਆਪਣਾ ਕੋਈ ਇੱਕ ਅਜਿਹਾ ਕੰਮ ਗਿਣਾਉਣ, ਜੋ ਜ਼ਮੀਨ ’ਤੇ ਨਜ਼ਰ ਆਉਂਦਾ ਹੋਵੇ। ਉਨ੍ਹਾਂ ਕਿਹਾ ਕਿ ਬਠਲਾਣਾ ਦੀ ਟੁੱਟੀ ਸੜਕ, ਥਾਂ-ਥਾਂ ਪਏ ਡੂੰਘੇ ਟੋਏ ਅਤੇ ਖੜ੍ਹਾ ਗੰਦਾ ਪਾਣੀ ਸਰਕਾਰ ਦੇ ਵਿਕਾਸ ਮਾਡਲ ਦੀ ਪੂਰੀ ਪੋਲ ਖੋਲ੍ਹ ਰਹੇ ਹਨ। ਸਿੱਧੂ ਨੇ ਕਿਹਾ ਕਿ ਹੁਣ ਇਸ਼ਤਿਹਾਰਾਂ ਅਤੇ ਝੂਠੇ ਦਾਅਵਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦਾ ਸਮਾਂ ਲੰਘ ਗਿਆ ਹੈ। ਉਨ੍ਹਾਂ ਕਿਹਾ ਕਿ ਬਠਲਾਣਾ ਦੀ ਇਹ ਸੜਕ ਸਿਰਫ਼ ਇੱਕ ਪਿੰਡ ਦੀ ਸਮੱਸਿਆ ਨਹੀਂ, ਸਗੋਂ ਪੰਜਾਬ ਦੇ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੀ ਮਾੜੀ ਸਥਿਤੀ ਦੀ ਤਸਵੀਰ ਹੈ। ਸੜਕਾਂ ਦੀ ਮੁਰੰਮਤ ਨਾ ਹੋਣ ਕਾਰਨ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ, ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਿੱਧੂ ਨੇ ਕਿਹਾ ਕਿ ਆਪ ਸਰਕਾਰ ਨੂੰ ਸਿਰਫ਼ ਇਸ਼ਤਿਹਾਰਾਂ ਅਤੇ ਬਿਆਨਾਂ ਰਾਹੀਂ ਵਿਕਾਸ ਦਿਖਾਉਣ ਦੀ ਬਜਾਏ ਜ਼ਮੀਨੀ ਪੱਧਰ ’ਤੇ ਕੰਮ ਕਰਨਾ ਚਾਹੀਦਾ ਹੈ। ਜੇਕਰ ਸਰਕਾਰ ਸੱਚਮੁੱਚ ਪਿੰਡਾਂ ਦੇ ਵਿਕਾਸ ਲਈ ਗੰਭੀਰ ਹੈ ਤਾਂ ਬਠਲਾਣਾ ਸਮੇਤ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਖਸਤਾ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਰਕਾਰ ਦੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚਲਾ ਫ਼ਰਕ ਸਾਫ਼ ਦੇਖ ਰਹੇ ਹਨ। ਸਿੱਧੂ ਨੇ ਆਪ ਸਰਕਾਰ ਤੋਂ ਮੰਗ ਕੀਤੀ ਕਿ ਬਠਲਾਣਾ ਦੀ ਸੜਕ ਦੀ ਤੁਰੰਤ ਜਾਂਚ ਕਰਵਾ ਕੇ ਇਸ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਠਲਾਣਾ ਦੀ ਇਹ ਸੜਕ ਅੱਜ ‘ਵਿਕਾਸ ਮਾਡਲ’ ਦੀਆਂ ਹਕੀਕਤਾਂ ਖੁਦ ਬਿਆਨ ਕਰ ਰਹੀ ਹੈ ਅਤੇ ਆਪ ਸਰਕਾਰ ਨੂੰ ਲੋਕਾਂ ਦੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ।

Comments
Post a Comment