ਟ੍ਰਾਈਡੈਂਟ ਗਰੁੱਪ ਵੱਲੋਂ ਤਿਰੰਗਾ ਯਾਤਰਾਵਾਂ, ਦੇਸ਼ ਭਗਤੀ ਤੇ ਕੌਮੀ ਏਕਤਾ ਦਾ ਦਿੱਤਾ ਸੰਦੇਸ਼
ਪੰਜਾਬ/ਚੰਡੀਗੜ੍ਹ 16 ਅਗਸਤ ( ਰਣਜੀਤ ਧਾਲੀਵਾਲ ) : ਦੇਸ਼ ਭਰ ਵਿੱਚ ਚਲਾਏ ਜਾ ਰਹੇ ‘ਹਰ ਘਰ ਤਿਰੰਗਾ ਮੁਹਿੰਮ’ ਤਹਿਤ ਟ੍ਰਾਈਡੈਂਟ ਗਰੁੱਪ ਵੱਲੋਂ ਆਪਣੇ ਵੱਖ-ਵੱਖ ਨਿਰਮਾਣ ਸਥਾਨਾਂ ’ਤੇ ਤਿਰੰਗਾ ਯਾਤਰਾਵਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਯਾਤਰਾਵਾਂ ਵਿੱਚ ਕਰਮਚਾਰੀਆਂ, ਸਥਾਨਕ ਭਾਈਚਾਰੇ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਦੇਸ਼ ਭਗਤੀ, ਕੌਮੀ ਏਕਤਾ ਅਤੇ ਜਨ ਭਾਗੀਦਾਰੀ ਦੀ ਭਾਵਨਾ ਨੂੰ ਮਜ਼ਬੂਤ ਕੀਤਾ। ਪੰਜਾਬ ਵਿੱਚ ਟ੍ਰਾਈਡੈਂਟ ਗਰੁੱਪ ਦੇ ਸੰਘੇੜਾ ਅਤੇ ਧੌਲਾ ਸਥਿਤ ਨਿਰਮਾਣ ਸਥਾਨਾਂ ’ਤੇ ਕਰਮਚਾਰੀਆਂ ਨੇ ਤਿਰੰਗਾ ਯਾਤਰਾਵਾਂ ਵਿੱਚ ਉਤਸ਼ਾਹਪੂਰਵਕ ਸ਼ਮੂਲੀਅਤ ਕੀਤੀ। ਇਸ ਮੌਕੇ ਕਰਮਚਾਰੀ ਕੌਮੀ ਝੰਡੇ ਦੇ ਸਨਮਾਨ ਲਈ ਇਕਜੁੱਟ ਹੋਏ ਅਤੇ ਏਕਤਾ, ਅਖੰਡਤਾ ਤੇ ਰਾਸ਼ਟਰ ਨਿਰਮਾਣ ਦੇ ਮੁੱਲਾਂ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ। ਬਰਨਾਲਾ ਵਿਖੇ 1,000 ਤੋਂ ਵੱਧ ਕਰਮਚਾਰੀਆਂ ਅਤੇ ਸਥਾਨਕ ਭਾਈਚਾਰੇ ਦੇ ਮੈਂਬਰਾਂ ਨੇ ਮੋਟਰਸਾਈਕਲ ਰੈਲੀ ਵਿੱਚ ਹਿੱਸਾ ਲਿਆ। ਭਾਗੀਦਾਰਾਂ ਨੇ ਹੱਥਾਂ ਵਿੱਚ ਤਿਰੰਗਾ ਲੈ ਕੇ ਦੇਸ਼ ਭਗਤੀ ਅਤੇ ਕੌਮੀ ਏਕਤਾ ਦਾ ਸੰਦੇਸ਼ ਦਿੱਤਾ। ਪੰਜਾਬ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਬੁਧਨੀ ਵਿਖੇ ਵੀ ਵਿਸ਼ਾਲ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਟ੍ਰਾਈਡੈਂਟ ਗਰੁੱਪ ਵੱਲੋਂ ਬੁਧਨੀ ਨਗਰ ਕੌਂਸਲ, ਸਥਾਨਕ ਪ੍ਰਸ਼ਾਸਨ ਤੇ ਪੁਲਿਸ, ਵਿੱਦਿਅਕ ਸੰਸਥਾਵਾਂ ਅਤੇ ਸਥਾਨਕ ਵਸਨੀਕਾਂ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਯਾਤਰਾ ਵਿੱਚ 7,000 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਨੇ ਦੇਸ਼ ਭਗਤੀ, ਭਾਈਚਾਰਕ ਏਕਤਾ ਅਤੇ ਕੌਮੀ ਮਾਣ-ਸਨਮਾਨ ਦੀ ਭਾਵਨਾ ਦਾ ਪ੍ਰਭਾਵਸ਼ਾਲੀ ਪ੍ਰਗਟਾਵਾ ਕੀਤਾ।
ਇਸ ਮੌਕੇ ਪਦਮਸ੍ਰੀ ਰਾਜਿੰਦਰ ਗੁਪਤਾ, ਰਾਜ ਸਭਾ ਮੈਂਬਰ ਅਤੇ ਚੇਅਰਮੈਨ ਐਮੇਰਿਟਸ, ਟ੍ਰਾਈਡੈਂਟ ਗਰੁੱਪ ਨੇ ਕਿਹਾ, “ਦੇਸ਼ ਭਗਤੀ ਅਤੇ ਕੌਮੀ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਅਗਵਾਈ ਪ੍ਰਦਾਨ ਕਰਨ ਵਾਸਤੇ ਅਸੀਂ ਆਪਣੇ ਦੂਰਅੰਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਲੋਂ ਧੰਨਵਾਦ ਕਰਦੇ ਹਾਂ। ਦੇਸ਼ ਭਗਤੀ ਸਿਰਫ਼ ਇੱਕ ਭਾਵਨਾ ਨਹੀਂ, ਸਗੋਂ ਰਾਸ਼ਟਰ ਨਿਰਮਾਣ ਪ੍ਰਤੀ ਸਾਡੀ ਵਚਨਬੱਧਤਾ ਹੈ। ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਦੇ ਇਤਿਹਾਸਕ ਮੌਕੇ ’ਤੇ ਤਿਰੰਗਾ ਯਾਤਰਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਆਤਮਨਿਰਭਰ ਭਾਰਤ ਦੀ ਤਰੱਕੀ ਸਮੂਹਿਕ ਜ਼ਿੰਮੇਵਾਰੀ, ਉਦੇਸ਼ਪੂਰਨ ਕਾਰਜ ਅਤੇ ਨਿਰੰਤਰ ਯਤਨਾਂ ਰਾਹੀਂ ਹੀ ਸੰਭਵ ਹੈ।” ਤਿਰੰਗਾ ਯਾਤਰਾਵਾਂ ਨੇ ਏਕਤਾ, ਦੇਸ਼ ਭਗਤੀ ਅਤੇ ਜਨ ਭਾਗੀਦਾਰੀ ਦਾ ਸੰਦੇਸ਼ ਹੋਰ ਮਜ਼ਬੂਤ ਕੀਤਾ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਤਿਰੰਗੇ ਹੇਠ ਇਕਜੁੱਟ ਕੀਤਾ। ਇਨ੍ਹਾਂ ਸਮਾਗਮਾਂ ਨੇ ਭਾਰਤ ਦੀ ਕੌਮੀ ਪਛਾਣ, ਵਿਰਾਸਤ ਅਤੇ ਦੇਸ਼ ਦੀ ਆਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਨੂੰ ਸਨਮਾਨ ਦੇਣ ਵਾਲੀਆਂ ਪਹਿਲਕਦਮੀਆਂ ਵਿੱਚ ਵਧ ਰਹੀ ਲੋਕ ਸ਼ਮੂਲੀਅਤ ਨੂੰ ਵੀ ਦਰਸਾਇਆ।

Comments
Post a Comment