12 ਦਸੰਬਰ ਦੀ ਦੇਸ਼ ਪੱਧਰੀ ਦਿੱਲੀ ਰੈਲੀ ਇਤਹਾਸਿਕ ਹੋਵੇਗੀ : ਸੁਭਾਸ਼ ਲਾਂਬਾ
ਚੰਡੀਗੜ੍ਹ 24 ਅਗਸਤ ( ਰਣਜੀਤ ਧਾਲੀਵਾਲ ) : ਸੂਬੇ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੀ ਇੱਕ ਸੂਬਾ ਪੱਧਰੀ ਮੀਟਿੰਗ ਜੱਥੇਬੰਦੀ ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫੈਡਰਲ ਕੌਂਸਲ ਆਗੂਆਂ ਵਲੌਂ ਸ਼ਮੂਲੀਅਤ ਕੀਤੀ ਗਈ। ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀਂ ਪ੍ਰਧਾਨ ਸਾਥੀ ਸੁਭਾਸ਼ ਲਾਂਬਾ ਮੀਟਿੰਗ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਪ.ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਅਤੇ ਆਲ ਇੰਡੀਆ ਦੇ ਕੌਮੀਂ ਵਾਇਸ ਪ੍ਰਧਾਨ ਸਾਥੀ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਆਲ ਇੰਡੀਆ ਵਲੋਂ ਐਲਾਨੇ ਗਏ ਸੰਘਰਸ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਸੂਬਿਆਂ ਦੀਆਂ ਮੀਟਿੰਗਾਂ ਦਾ ਪ੍ਰੋਗਰਾਮ ਐਲਾਨਿਆ ਗਿਆ ਸੀ ਜਿਸਦੇ ਤਹਿਤ ਪ.ਸ.ਸ.ਫ. ਦੀ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੌਮੀਂ ਪ੍ਰਧਾਨ ਸਾਥੀ ਲਾਂਬਾ ਨੇ ਅਗਲੇ ਸੰਘਰਸ਼ਾਂ ਦੀ ਜਾਣਕਾਰੀ ਦੰਦਿਆਂ ਦੱਸਿਆ ਕਿ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਵਲੋਂ ਮਿਤੀ 12 ਦਸੰਬਰ ਨੂੰ ਦਿੱਲੀ ਵਿਖੇ ਇੱਕ ਵਿਸ਼ਾਲ ਦੇਸ਼ ਪੱਧਰੀ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਅਗਲੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ।
ਉਹਨਾਂ ਦੱਸਿਆਂ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬਿਆਂ ਦੀਆਂ ਸਰਕਾਰਾਂ ਵਲੋਂ ਮੁਲਾਜ਼ਮ ਅਤੇ ਪੈਨਸ਼ਨਰ ਵਿਰਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਸਰਕਾਰੀ ਅਦਾਰਿਆਂ ਨੂੰ ਖਤਮ ਕਰਕੇ ਕਾਰਪੋਰੇਟਾਂ ਨੂੰ ਦੇਸ਼ ਲੁੱਟਣ ਦੀ ਖੁੱਲ ਦਿੱਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਆਲ ਇੰਡੀਆ ਵਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰੀ ਵਿਭਾਗਾਂ ਦੀ ਅਕਾਰ-ਘਟਾਈ ਬੰਦ ਕੀਤੀ ਜਾਵੇ, ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਮੰਹਿਗਾਈ ਦੇ ਅਨੁਪਾਤ ਨਾਲ ਮਕਾਨ ਕਿਰਾਏ ਭੱਤੇ ਵਿੱਚ ਵਾਧਾ ਕੀਤਾ ਜਾਵੇ। ਕੈਸ਼ਲੈਸ ਹੈਲਥ ਸਕੀਮ ਲਾਗੂ ਕੀਤੀ ਜਾਵੇ, ਮੰਹਿਗਾਈ ਭੱਤੇ ਦੀਆਂ ਕਿਸ਼ਤਾਂ ਦੀ ਅਦਾਇਗੀ ਕੀਤੀ ਜਾਵੇ, ਖਾਲੀ ਅਸਾਮੀਆਂ ਨੂੰ ਭਰਿਆ ਜਾਵੇ, ਮਾਣ ਭੱਤਾ/ ਇੰਨਸੈਨਟਿਵ ਵਰਕਰਾਂ ਤੇ ਡੀ.ਸੀ. ਰੇਟ ਲਾਗੂ ਕੀਤੇ ਜਾਣ।
ਉਹਨਾਂ ਵਲੋਂ ਪੰਜਾਬ ਦੇ ਮੁਲਾਜ਼ਮਾਂ ਨੂੰ 12 ਦਸੰਬਰ ਦੀ ਦਿੱਲੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਨੇ ਧੰਨਵਾਦ ਕਰਦਿਆਂ ਯਕੀਨ ਦਵਾਇਆ ਕਿ ਪਿਛਲੇ ਸੰਘਰਸ਼ਾਂ ਦੀ ਤਰ੍ਹਾਂ ਹੀ 12 ਦਸੰਬਰ ਨੂੰ ਪ.ਸ.ਸ.ਫ. ਵਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਉਹਨਾਂ ਸੂਬੇ ਦੇ ਮੁਲਾਜ਼ਮ ਵਰਗ ਨੂੰ ਆਲ ਇੰਡੀਆ ਦੇ ਪ੍ਰੋਗਰਾਮਾਂ ਤਹਿਤ ਸਤੰਬਰ ਮਹੀਨੇ ਵਿੱਚ ਬਲਾਕ ਪੱਧਰੀ ਅਤੇ ਅਕਤੂਬਰ ਅਤੇ ਨਵੰਬਰ ਵਿੱਚ ਜ਼ਿਲ੍ਹਾ ਪੱਧਰੀ ਕਨਵੈਂਨਸ਼ਨਾ ਕਰਕੇ 12 ਦਸੰਬਰ ਦੀ ਤਿਆਰੀ ਕੀਤੀ ਜਾਵੇਗੀ।ਉਹਨਾਂ ਨੇ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਐਕਸ਼ਨਾਂ ਵਿੱਚ ਸ਼ਮੂਲੀਆ ਦੀ ਅਪੀਲ ਵੀ ਕੀਤੀ। ਇਸ ਮੀਟਿੰਗ ਵਿੱਚ ਸਾਥੀ ਕਰਮਜੀਤ ਸਿੰਘ ਬੀਹਲਾ, ਗੁਰਬਿੰਦਰ ਸਿੰਘ ਸਸਕੌਰ, ਇੰਦਰਜੀਤ ਵਿਰਦੀ, ਕੁਲਦੀਪ ਪੂਰੋਵਾਲ, ਗੁਰਦੇਵ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਮਕੀਮਪੁਰ, ਅਨਿਲ ਕੁਮਾਰ, ਸਰਸ਼ਣ ਚੀਮਾ, ਬਿਮਲਾ ਰਾਣੀ, ਕੁਲਦੀਪ ਦੌੜਕਾ, ਗੁਰਬਿੰਦਰ ਸਿੰਘ ਖਮਾਣੋਂ, ਸੁਰਕੀਤ ਮੁਹਾਲੀ, ਪੁਸ਼ਪਿੰਦਰ ਪਿੰਕੀ, ਮਨਜੀਤ ਬਾਜਵਾ, ਗੁਰਪ੍ਰੀਤ ਸਿੰਘ ਚੋਹਕਾ, ਹਜ਼ਾਰਾ ਸਿੰਘ ਚੀਮਾ, ਰਾਮ ਕ੍ਰਿਸ਼ਨ ਧੁਨਕੀਆ ਆਦਿ ਆਗੂ ਵੀ ਹਾਜਰ ਸਨ।

Comments
Post a Comment