ਪੰਜਾਬ ਵਿੱਚ 25 ਹਜ਼ਾਰ ਤੋਂ ਵੱਧ ਪੇਂਡੂ ਖਿਡਾਰੀ ਲੈਣਗੇ ਹਿੱਸਾ
ਰਾਊਂਡਗਲਾਸ ਫਾਊਂਡੇਸ਼ਨ ਦਾ ਵਿਲੇਜ ਸਪੋਰਟਸ ਫੈਸਟੀਵਲ 19 ਸਤੰਬਰ ਤੋਂ
2,000 ਤੋਂ ਵੱਧ ਟੀਮਾਂ 1,400 ਤੋਂ ਵੱਧ ਪਿੰਡਾਂ ਅਤੇ 70 ਤੋਂ ਵੱਧ ਥਾਵਾਂ ’ਤੇ ਹੋਣਗੀਆਂ ਸ਼ਾਮਲ; ਨਵੰਬਰ ਵਿੱਚ ਮੋਹਾਲੀ ’ਚ ਹੋਵੇਗਾ ਗ੍ਰੈਂਡ ਫਿਨਾਲੇ
ਚੰਡੀਗੜ੍ਹ 17 ਸਤੰਬਰ ( ਰਣਜੀਤ ਧਾਲੀਵਾਲ ) : ਪੰਜਾਬ ਦੇ ਪਿੰਡਾਂ ਤੋਂ 25 ਹਜ਼ਾਰ ਤੋਂ ਵੱਧ ਨੌਜਵਾਨ ਖਿਡਾਰੀ 19 ਸਤੰਬਰ ਤੋਂ ਸ਼ੁਰੂ ਹੋ ਰਹੇ ਵਿਲੇਜ ਸਪੋਰਟਸ ਫੈਸਟੀਵਲ 2026 ਵਿੱਚ ਫੁੱਟਬਾਲ ਅਤੇ ਵਾਲੀਬਾਲ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਰਾਊਂਡਗਲਾਸ ਫਾਊਂਡੇਸ਼ਨ ਵੱਲੋਂ ਕਰਵਾਏ ਜਾ ਰਹੇ ਇਸ ਤੀਜੇ ਐਡੀਸ਼ਨ ਦਾ ਮਕਸਦ ਪੇਂਡੂ ਬੱਚਿਆਂ ਨੂੰ ਖੇਡ ਮੁਕਾਬਲਿਆਂ ਨਾਲ ਜੋੜਨਾ, ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦੇਣਾ ਅਤੇ ਖੇਡਾਂ ਪ੍ਰਤੀ ਉਤਸ਼ਾਹ ਵਧਾਉਣਾ ਹੈ। ਇਸ ਫੈਸਟੀਵਲ ਵਿੱਚ 1,400 ਤੋਂ ਵੱਧ ਪਿੰਡਾਂ ਦੀਆਂ 2,000 ਤੋਂ ਜ਼ਿਆਦਾ ਟੀਮਾਂ 70 ਤੋਂ ਵੱਧ ਥਾਵਾਂ ’ਤੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੀਆਂ। ਮੁਕਾਬਲੇ ਕਲੱਸਟਰ, ਬਲਾਕ ਅਤੇ ਜ਼ੋਨਲ ਪੱਧਰ ਤੋਂ ਹੁੰਦੇ ਹੋਏ ਨਵੰਬਰ ਵਿੱਚ ਮੋਹਾਲੀ ਵਿਖੇ ਹੋਣ ਵਾਲੇ ਗ੍ਰੈਂਡ ਫਿਨਾਲੇ ਤੱਕ ਪਹੁੰਚਣਗੇ। ਫੁੱਟਬਾਲ ਵਿੱਚ ਅੰਡਰ-14 ਅਤੇ ਅੰਡਰ-17 ਵਰਗ, ਜਦਕਿ ਵਾਲੀਬਾਲ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-21 ਵਰਗ ਦੇ ਮੁਕਾਬਲੇ ਕਰਵਾਏ ਜਾਣਗੇ।
ਫੈਸਟੀਵਲ ਦਾ ਉਦਘਾਟਨ 19 ਸਤੰਬਰ ਨੂੰ ਸ਼ਾਮ 4 ਵਜੇ ਕਾਲੇਵਾਲ ਪੀਡੀਸੀ ਸਪੋਰਟਸ ਗਰਾਊਂਡ, ਮਾਜਰੀ, ਖਰੜ-ਕੁਰਾਲੀ ਬਾਈਪਾਸ ਵਿਖੇ ਹੋਵੇਗਾ। ਇਸ ਤੋਂ ਬਾਅਦ ਅੰਡਰ-14 ਫੁੱਟਬਾਲ ਦਾ ਮੁਕਾਬਲਾ ਖੇਡਿਆ ਜਾਵੇਗਾ। ਇਹ ਫੈਸਟੀਵਲ ਸਿਰਫ਼ ਮੁਕਾਬਲਿਆਂ ਤੱਕ ਸੀਮਿਤ ਨਹੀਂ ਹੈ, ਸਗੋਂ ਇਸ ਦਾ ਉਦੇਸ਼ ਪੇਂਡੂ ਪੰਜਾਬ ਦੇ ਬੱਚਿਆਂ ਤੱਕ ਖੇਡਾਂ ਦੀ ਪਹੁੰਚ ਵਧਾਉਣਾ ਵੀ ਹੈ। ਖੇਡਾਂ ਰਾਹੀਂ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਅਨੁਸ਼ਾਸਨ, ਟੀਮ ਭਾਵਨਾ ਅਤੇ ਲੀਡਰਸ਼ਿਪ ਦੇ ਗੁਣ ਵਿਕਸਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪਿੰਡ ਤੋਂ ਬਾਹਰ ਇੱਕ ਵਿਵਸਥਿਤ ਮੁਕਾਬਲੇ ਦੇ ਮਾਹੌਲ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਇਹ ਫੈਸਟੀਵਲ ਪੇਂਡੂ ਪੰਜਾਬ ਵਿੱਚ ਜ਼ਮੀਨੀ ਪੱਧਰ ’ਤੇ ਖੇਡਾਂ ਨੂੰ ਮਜ਼ਬੂਤ ਕਰਨ ਲਈ ਰਾਊਂਡਗਲਾਸ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਵੱਡੇ ਯਤਨਾਂ ਦਾ ਹਿੱਸਾ ਹੈ। ਫਾਊਂਡੇਸ਼ਨ ਦੇ ਸਪੋਰਟਸ ਸੈਂਟਰਜ਼ ਪ੍ਰੋਗਰਾਮ ਰਾਹੀਂ ਪਿੰਡਾਂ ਵਿੱਚ ਬੱਚਿਆਂ ਨੂੰ ਫੁੱਟਬਾਲ ਅਤੇ ਵਾਲੀਬਾਲ ਦੀ ਨਿਯਮਤ ਸਿਖਲਾਈ ਅਤੇ ਖੇਡਣ ਲਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸਥਾਨਕ ਕੋਚ ਅਤੇ ਵਲੰਟੀਅਰ ਬੱਚਿਆਂ ਨੂੰ ਸਿਖਲਾਈ ਦੇਣ ਅਤੇ ਉਨ੍ਹਾਂ ਨੂੰ ਖੇਡਾਂ ਨਾਲ ਜੋੜਨ ਵਿੱਚ ਸਹਿਯੋਗ ਕਰ ਰਹੇ ਹਨ।ਰਾਊਂਡਗਲਾਸ ਫਾਊਂਡੇਸ਼ਨ ਦੇ ਸੀਨੀਅਰ ਲੀਡ ਅਭੈ ਸ਼ਰਮਾ ਨੇ ਕਿਹਾ ਕਿ ਵਿਲੇਜ ਸਪੋਰਟਸ ਫੈਸਟੀਵਲ ਪੇਂਡੂ ਪੰਜਾਬ ਦੇ ਬੱਚਿਆਂ ਨੂੰ ਵਧੀਆ ਖੇਡ ਅਨੁਭਵ ਅਤੇ ਮੁਕਾਬਲੇ ਦਾ ਮੌਕਾ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਖੇਡਾਂ ਰਾਹੀਂ ਫਾਊਂਡੇਸ਼ਨ ਦਾ ਯਤਨ ਹੈ ਕਿ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਲੀਡਰਸ਼ਿਪ ਵਰਗੇ ਗੁਣ ਵਿਕਸਿਤ ਹੋਣ ਅਤੇ ਉਨ੍ਹਾਂ ਨੂੰ ਆਪਣੀ ਸਮਰੱਥਾ ਨੂੰ ਅੱਗੇ ਵਧਾਉਣ ਲਈ ਉਤਸ਼ਾਹ ਮਿਲੇ। ਸਪੋਰਟਸ ਸੈਂਟਰਜ਼ ਦੇ ਲੀਡ ਆਕਾਸ਼ ਸ਼ਰਮਾ ਨੇ ਕਿਹਾ ਕਿ ਵਿਲੇਜ ਸਪੋਰਟਸ ਫੈਸਟੀਵਲ ਹਰ ਐਡੀਸ਼ਨ ਦੇ ਨਾਲ ਵੱਡਾ ਹੋਇਆ ਹੈ। ਇਸ ਦੀ ਸ਼ੁਰੂਆਤ ਫੁੱਟਬਾਲ ਨਾਲ ਹੋਈ ਸੀ ਅਤੇ ਪਿਛਲੇ ਸਾਲ ਵਾਲੀਬਾਲ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਸਾਲ ਇਸ ਨੂੰ ਹੋਰ ਵੱਡੇ ਪੱਧਰ ’ਤੇ ਲਿਜਾਇਆ ਜਾ ਰਿਹਾ ਹੈ, ਜਿਸ ਤਹਿਤ ਇਹ ਹੋਰ ਪਿੰਡਾਂ ਅਤੇ ਵੱਧ ਬੱਚਿਆਂ ਤੱਕ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਦਾ ਉਦੇਸ਼ ਪੰਜਾਬ ਦੀ ਖੇਡ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਅਤੇ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੀ ਪਛਾਣ ਨੂੰ ਅੱਗੇ ਵਧਾਉਣਾ ਹੈ। ਫਾਊਂਡੇਸ਼ਨ ਅਜਿਹਾ ਮਾਹੌਲ ਤਿਆਰ ਕਰਨਾ ਚਾਹੁੰਦੀ ਹੈ, ਜਿੱਥੇ ਹਰ ਬੱਚੇ ਨੂੰ ਖੇਡਣ, ਮੁਕਾਬਲਾ ਕਰਨ ਅਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇ।
ਪੰਜਾਬ ਸਪੋਰਟਸ ਸੈਂਟਰਜ਼ ਵਿੱਚ ਟੂਰਨਾਮੈਂਟਸ ਦੇ ਲੀਡ ਅਨੁਪਮ ਦਾਸਗੁਪਤਾ ਨੇ ਕਿਹਾ ਕਿ ਰਾਊਂਡਗਲਾਸ ਵਿਲੇਜ ਸਪੋਰਟਸ ਫੈਸਟੀਵਲ ਦਾ ਤੀਜਾ ਐਡੀਸ਼ਨ ਪੰਜਾਬ ਵਿੱਚ ਜ਼ਮੀਨੀ ਪੱਧਰ ’ਤੇ ਖੇਡਾਂ ਨੂੰ ਮਜ਼ਬੂਤ ਕਰਨ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਪੜਾਅ ਹੈ। 1,400 ਤੋਂ ਵੱਧ ਪਿੰਡਾਂ ਦੇ 25 ਹਜ਼ਾਰ ਤੋਂ ਵੱਧ ਖਿਡਾਰੀਆਂ ਦੀ ਭਾਗੀਦਾਰੀ ਪੇਂਡੂ ਇਲਾਕਿਆਂ ਵਿੱਚ ਮੌਜੂਦ ਖੇਡ ਪ੍ਰਤਿਭਾ ਅਤੇ ਉਤਸ਼ਾਹ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਦਾ ਯਤਨ ਹੈ ਕਿ ਨੌਜਵਾਨ ਖਿਡਾਰੀਆਂ ਨੂੰ ਖੇਡਣ, ਮੁਕਾਬਲਿਆਂ ਵਿੱਚ ਹਿੱਸਾ ਲੈਣ ਅਤੇ ਆਪਣੀ ਪ੍ਰਤਿਭਾ ਸਾਹਮਣੇ ਲਿਆਉਣ ਦੇ ਵੱਧ ਤੋਂ ਵੱਧ ਮੌਕੇ ਮਿਲਣ।
ਰਾਊਂਡਗਲਾਸ ਫਾਊਂਡੇਸ਼ਨ ਬਾਰੇ : ਰਾਊਂਡਗਲਾਸ ਫਾਊਂਡੇਸ਼ਨ ਸਾਲ 2018 ਤੋਂ ਪੰਜਾਬ ਵਿੱਚ ਭਾਈਚਾਰਿਆਂ ਨਾਲ ਮਿਲ ਕੇ ਸਮੁੱਚੀ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਹੀ ਹੈ। ਇਸ ਦੇ ਮੁੱਖ ਖੇਤਰਾਂ ਵਿੱਚ ਵਾਤਾਵਰਣ ਅਤੇ ਸਥਿਰਤਾ, ਨੌਜਵਾਨਾਂ ਦਾ ਵਿਕਾਸ ਅਤੇ ਮਹਿਲਾਵਾਂ ਦੀ ਬਰਾਬਰੀ ਸ਼ਾਮਲ ਹਨ। ਫਾਊਂਡੇਸ਼ਨ ਦੇ ਪ੍ਰਮੁੱਖ ਪ੍ਰੋਗਰਾਮਾਂ ਵਿੱਚ ਦ ਬਿਲੀਅਨ ਟ੍ਰੀ ਪ੍ਰੋਜੈਕਟ, ਵੇਸਟ ਮੈਨੇਜਮੈਂਟ, ਰੀਜਨਰੇਟਿਵ ਐਗਰੀਕਲਚਰ, ਲਰਨ ਲੈਬਜ਼, ਸਪੋਰਟਸ ਸੈਂਟਰਜ਼, ਯੋਗਾ ਅਤੇ ਵੈੱਲਬੀਇੰਗ ਅਤੇ ਲਾਈਵਲੀਹੁੱਡਜ਼ ਸ਼ਾਮਲ ਹਨ।
ਸਪੋਰਟਸ ਸੈਂਟਰਜ਼
ਰਾਊਂਡਗਲਾਸ ਫਾਊਂਡੇਸ਼ਨ ਦੇ ਕਮਿਊਨਿਟੀ ਆਧਾਰਿਤ ਸਪੋਰਟਸ ਸੈਂਟਰਜ਼ ਫੁੱਟਬਾਲ ਅਤੇ ਵਾਲੀਬਾਲ ਰਾਹੀਂ ਪੇਂਡੂ ਨੌਜਵਾਨਾਂ ਵਿੱਚ ਆਤਮ-ਵਿਸ਼ਵਾਸ, ਅਨੁਸ਼ਾਸਨ, ਟੀਮ ਭਾਵਨਾ ਅਤੇ ਲੀਡਰਸ਼ਿਪ ਦੀ ਭਾਵਨਾ ਵਿਕਸਿਤ ਕਰਨ ਲਈ ਕੰਮ ਕਰਦੇ ਹਨ। ਪਿੰਡਾਂ ਵਿੱਚ ਸਿਖਲਾਈ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ 600 ਤੋਂ ਵੱਧ ਸਪੋਰਟਸ ਚੇਂਜਮੇਕਰਜ਼ ਸਹਿਯੋਗ ਕਰ ਰਹੇ ਹਨ, ਜਿਨ੍ਹਾਂ ਵਿੱਚ ਕਈ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਤੋਂ ਪ੍ਰਮਾਣਿਤ ਹਨ।
ਹੁਣ ਤੱਕ ਦਾ ਪ੍ਰਭਾਵ: 1,500 ਤੋਂ ਵੱਧ ਸਪੋਰਟਸ ਸੈਂਟਰਜ਼ ਵਿੱਚ 45,000 ਤੋਂ ਵੱਧ ਬੱਚੇ ਰਜਿਸਟਰ ਹੋ ਚੁੱਕੇ ਹਨ।
1 ਗਰਲ 1 ਫੁੱਟਬਾਲ
1 ਗਰਲ 1 ਫੁੱਟਬਾਲ ਪ੍ਰੋਗਰਾਮ ਤਹਿਤ ਪੇਂਡੂ ਲੜਕੀਆਂ ਨੂੰ ਆਪਣੀ ਫੁੱਟਬਾਲ, ਨਿਯਮਤ ਸਿਖਲਾਈ ਅਤੇ ਸਿਖਲਾਈ ਪ੍ਰਾਪਤ ਸਥਾਨਕ ਕੋਚਾਂ ਤੋਂ ਮਾਰਗਦਰਸ਼ਨ ਦਿੱਤਾ ਜਾਂਦਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਲੜਕੀਆਂ ਨੂੰ ਖੇਡਾਂ ਨਾਲ ਜੋੜਨਾ, ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਵਧਾਉਣਾ ਅਤੇ ਲੀਡਰਸ਼ਿਪ ਦੇ ਗੁਣ ਵਿਕਸਿਤ ਕਰਨ ਦੇ ਮੌਕੇ ਪੈਦਾ ਕਰਨਾ ਹੈ। ਹੁਣ ਤੱਕ ਦਾ ਪ੍ਰਭਾਵ: 4,000 ਤੋਂ ਵੱਧ ਲੜਕੀਆਂ ਸਰਗਰਮੀ ਨਾਲ ਸਿਖਲਾਈ ਲੈ ਰਹੀਆਂ ਹਨ।

Comments
Post a Comment