ਖਰੜ ’ਚ ਸੁਖਬੀਰ ਸਿੰਘ ਬਾਦਲ ਨੇ ਤਿੰਨ ਦਿਨਾਂ ਵਿਚ ਤਿੰਨ ਹਿਰਾਸਤੀ ਮੌਕਾਂ ਬੇਨਕਾਬ ਕੀਤੀਆਂ, ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਚੁੱਪ ਕਰਵਾਉਣ ਲਈ ’ਹਰਾ ਪੈਨ’ ਵਰਤਣ ਦੀ ਕੀਤੀ ਜ਼ੋਰਦਾਰ ਨਿਖੇਧੀ
ਖਰੜ ’ਚ ਸੁਖਬੀਰ ਸਿੰਘ ਬਾਦਲ ਨੇ ਤਿੰਨ ਦਿਨਾਂ ਵਿਚ ਤਿੰਨ ਹਿਰਾਸਤੀ ਮੌਕਾਂ ਬੇਨਕਾਬ ਕੀਤੀਆਂ, ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਚੁੱਪ ਕਰਵਾਉਣ ਲਈ ’ਹਰਾ ਪੈਨ’ ਵਰਤਣ ਦੀ ਕੀਤੀ ਜ਼ੋਰਦਾਰ ਨਿਖੇਧੀ
ਕੇਜਰੀਵਾਲ ’ਤੇ ਚੁਟਕੀ ਲੈਂਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਉਸਨੇ ਭ੍ਰਿਸ਼ਟਾਚਾਰ ਤੇ ਵਿਵਾਦ (ਬਿਭਵ ਤੇ ਰਾਜਬੀਰ ਘੁੰਮਣ ਨੂੰ ਆਪ ਕੌਮੀ ਕਾਰਜਕਾਰੀ ਦਾ ਮੈਂਬਰ ਬਣਾ ਕੇ) ਨੂੰ ਇਨਾਮ ਦਿੱਤੇ
ਚੰਡੀਗੜ੍ਹ/ਖਰੜ 10 ਸਤੰਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਅਖੌਤੀ ’ਹਰੇ ਪੈਨ’ ਦੀ ਵਰਤੋਂ ਲੁੱਟ ਤੇ ਤਸ਼ੱਦਦ ਵਾਸਤੇ ਕਰ ਰਹੇ ਹਨ ਤੇ ਉਹਨਾਂ ਮੁੱਖ ਮੰਤਰੀ ਦੇ ਹਲਕੇ ਵਿਚ ਨੌਜਵਾਨ ਨੂੰ ਧੂਰੀ ਪੁਲਿਸ ਥਾਣੇ ਵਿਚ ਤਸ਼ੱਦਦ ਦਾ ਸ਼ਿਕਾਰ ਬਣਾਉਣ ਮਗਰੋਂ ਉਸ ਵੱਲੋਂ ਜ਼ਹਿਰ ਨਿਗਲਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਪੰਜਾਬ ਕਿਵੇਂ ਪੁਲਿਸ ਸਟੇਟ ਵਿਚ ਬਦਲ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਇਥੇ ਖਰੜ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਦੇ ਨਾਲ ਮਿਲ ਕੇ ਹਜ਼ਾਰਾਂ ਦੇ ਵਿਸ਼ਾਲ ਤੇ ਉਤਸ਼ਾਹੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਹਨਾਂ ਵਾਅਦਾ ਕੀਤਾ ਕਿ ਇਕ ਵਾਰ ਅਕਾਲੀ ਦਲ ਸੂਬੇ ਵਿਚ ਸੱਤਾ ਵਿਚ ਆ ਗਿਆ ਤਾਂ ਇਸ ਹਲਕੇ ਦਾ ਬਹੁ ਪੱਖੀ ਵਿਕਾਸ ਕੀਤਾ ਜਾਵੇਗਾ ਤੇ ਨਵਾਂ ਗਾਓਂ ਨੂੰ ਨਿਊ ਚੰਡੀਗੜ੍ਹ ਵਿਚ ਸ਼ਾਮਲ ਕੀਤਾ ਜਾਵੇਗਾ ਤੇ ਰੇਸ ਕੋਰਸ ਤੇ ਵਾਈਲਡ ਲਾਈਫ ਸਫਾਰੀ ਵਰਗੇ ਨਵੇਂ ਪ੍ਰਾਜੈਕਟ ਲਿਆਂਦੇ ਜਾਣਗੇ।
ਬਾਦਲ ਨੇ ਕਿਹਾ ਕਿ ਸ਼ੇਰੋਂ ਅਤੇ ਤੂਰ ਵਣਜਾਰਾ ਪਿੰਡਾਂ ਵਿਚ ਵਾਪਰੀਆਂ ਤਸ਼ੱਦਦ ਤੇ ਖੁਦਕੁਸ਼ੀ ਦੀਆਂ ਘਟਨਾਵਾਂ ਜਿਸ ਦੌਰਾਨ ਮੁੱਖ ਮੰਤਰੀ ਨੂੰ ਕਾਲਾ ਝੰਡਾ ਵਿਖਾਉਣ ਅਤੇ ਸੂਬੇ ਵਿਚ ਵਿਆਪਕ ਨਸ਼ੇ ਦੇ ਪਸਾਰ ਬਾਰੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਸਵਾਲ ਕਰਨ ’ਤੇ ਦੋ ਵਿਅਕਤੀਆਂ ’ਤੇ ਤਸ਼ੱਦਦ ਢਾਹਿਆ ਗਿਆ। ਉਹਨਾਂ ਕਿਹਾ ਕਿ ਇਹ ਬਦਲਾਅ ਆਪ ਨੇ ਪੰਜਾਬ ਦੀ ਰਾਜਨੀਤੀ ਵਿਚ ਲਿਆਂਦਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਵੱਲੋਂ ’ਹਰੇ ਪੈਨ’ ਦੀ ਗੱਲ ਕਰਦਿਆਂ ਇਸਦੀ ਵਰਤੋਂ ਨਾਲ ਜਨਤਾ ਦੀ ਭਲਾਈ ਵਾਸਤੇ ਕ੍ਰਾਂਤੀ ਲਿਆਉਣ ਦੇ ਝੂਠੇ ਦਾਅਵੇ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਹਰੇ ਪੈਨ ਨੇ ਵਿਰੋਧ ਦੀ ਆਵਾਜ਼ ਕੁਚਲ ਦਿੱਤੀ ਹੈ ਅਤੇ ਇਸ ਨਾਲ ਸੂਬੇ ਦੇ ਸਰੋਤਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਨੇ ਧੂਰੀ ਵਿਚ ਚਮਕੌਰ ਸਿੰਘ ਨਾਮ ਦੇ ਨੌਜਵਾਨ ’ਤੇ ਇੰਨਾ ਤਸ਼ੱਦਦ ਢਾਹਿਆ ਕਿ ਉਸਨੇ ਹੁਣ ਪੁਲਿਸ ਹਿਰਾਸਤ ਵਿਚ ਜ਼ਹਿਰੀਲੀ ਵਸਤੂ ਨਿਗਲ ਲਈ।
ਬਾਦਲ ਨੇ ਕਿਹਾ ਕਿ ਜਿਥੇ ਇਕ ਪਾਸੇ ਇਹ ਕੁਝ ਹੋ ਰਿਹਾ ਹੈ, ਉਥੇ ਹੀ ਭਗਵੰਤ ਮਾਨ ਫਰਜ਼ੀ ’ਲੋਕ ਮਿਲਣੀ’ ਪ੍ਰੋਗਰਾਮਾਂ ਵਿਚ ਝੂਠ ਬੋਲਣ ਅਤੇ ਮਖੌਲਾਂ ਉਡਾਉਣ ਤੇ ਸ਼ਰਾਬੀ ਹਾਲਤ ਵਿਚ ਸਟੇਜਾਂ ’ਤੇ ਝੂਮਦੇ ਫਿਰਦੇ ਹਨ ਜਿਵੇਂ ਕਿ ਹਾਲ ਹੀ ਵਿਚ ਘੁੱਦਾ ਪਿੰਡ ਵਿਚ ਹੋਇਆ। ਉਹਨਾਂ ਕਿਹਾ ਕਿ ਨਾਲ ਹੀ ਉਹ ਠੱਗਾਂ, ਨਸ਼ਾ ਤਸਕਰਾਂ ਤੇ ਜ਼ਬਰ ਜਨਾਹ ਦੇ ਮੁਲਜ਼ਮਾਂ ਨੂੰ ਕਲੀਨ ਚਿੱਟਾਂ ਵੀ ਦੇ ਰਹੇ ਹਨ ਜਿਵੇਂ ਕਿ ਹਾਲ ਹੀ ਵਿਚ ਖੁਲ੍ਹਾਸਾ ਹੋਇਆ ਕਿ ਉਹਨਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਇਕ ਜ਼ਬਰ ਜਨਾਹ ਦੇ ਮੁਲਜ਼ਮ ਨੂੰ ਪੁਲਿਸ ਹਿਰਾਸਤ ਵਿਚ ਛੁਡਵਾਉਣ ਲਈ 5 ਕਰੋੜ ਰੁਪਏ ਦੀ ਰਿਸ਼ਵਤ ਲਈ। ਉਹਨਾਂ ਕਿਹਾ ਕਿ ਜਿਸ ਤਰੀਕੇ ਮੁੱਖ ਮੰਤਰੀ ਨੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਆਪ ਵਿਚ ਸ਼ਾਮਲ ਕੀਤਾ ਅਤੇ ਉਹਨਾਂ ਨੂੰ ਜ਼ੀਰਾ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਹਾਲਾਂਕਿ ਉਸਦੇ ਖਿਲਾਫ 50 ਫੌਜਦਾਰੀ ਕੇਸ ਪੈਂਡਿੰਗ ਹਨ। ਇਸ ਤੋਂ ਪਤਾ ਚਲਦਾ ਹੈ ਕਿ ਉਹਨਾਂ ਦਾ ਗੈਂਗਸਟਰਾਂ ਨਾਲ ਨਜਿੱਠਣ ਦਾ ਅਸਲ ਸਟੈਂਡ ਕੀ ਹੈ।
ਉਹਨਾਂ ਕਿਹਾ ਕਿ ਇਕ ਵਾਰ ਸੱਤਾ ਵਿਚ ਆਉਣ ’ਤੇ ਅਕਾਲੀ ਦਲ ਵਿਸ਼ੇਸ਼ ਕਾਨੂੰਨ ਬਣਾ ਕੇ ਗੈਂਗਸਟਰਾਂ ਤੇ ਨਸ਼ਿਆਂ ਦੇ ਪਸਾਰ ਨਾਲ ਨਜਿੱਠੇਗਾ ਅਤੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਤੇ ਉਹਨਾਂ ਨੂੰ 20 ਸਾਲ ਸਜ਼ਾ ਮਿਲਣੀ ਯਕੀਨੀ ਬਣਾਏਗਾ। ਬਾਦਲ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਹੀ ਵਾਰਿਸ ਪੰਜਾਬ ਦੇ ਨੂੰ ਹੋਂਦ ਵਿਚ ਲਿਆਉਣ ਵਾਲੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਇਸ ਸੰਗਠਨ ਨੂੰ ਪੈਸੇ ਦੇ ਰਹੇ ਹਨ। ਉਹਨਾਂ ਨੇ ਇਸ ਵਾਸਤੇ ਮੰਡੀ ਬੋਰਡ ਦੇ ਸੀਨੀਅਰ ਅਫਸਰਾਂ ਦੀ ਡਿਊਟੀ ਲਗਾ ਰੱਖੀ ਹੈ ਤੇ ਬੋਰਡ ਦੇ ਸਾਰੇ ਦਫਤਰਾਂ ਦੀ ਵਰਤੋਂ ਇਸ ਜਥੇਬੰਦੀ ਵੱਲੋਂ ਸਿਆਸੀ ਗਤੀਵਿਧੀਆਂ ਵਾਸਤੇ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸਦਾ ਮਕਸਦ ਆਪ ਦੀ ਮਦਦ ਵਾਸਤੇ ਪੰਥਕ ਵੋਟਾਂ ਵੰਡਣਾ ਹੈ। ਉਹਨਾਂ ਨੇ ਪੰਜਾਬੀਆਂ ਨੂੰ ਸਵਾਲ ਕੀਤਾ ਕਿ ਕੀ ਉਹ ਚਾਹੁੰਦੇ ਹਨ ਕਿ ਮੁੜ ਤੋਂ ਖੂਨਖਰਾਬੇ ਦਾ ਦੌਰ ਆਵੇਗਾ ਤੇ ਉਹਨਾਂ ਦੇ ਬੱਚਿਆਂ ਤੇ ਨੇੜਲਿਆਂ ਦੀਆਂ ਜਾਨਾਂ ਖ਼ਤਰੇ ਵਿਚ ਪੈਣ। ਉਹਨਾਂ ਕਿਹਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਜਥੇਬੰਦੀ ਅਸਲ ਵਿਚ ’ਵਾਰਿਸ ਪੰਜਾਬ ਦੇ’ ਨਹੀਂ ਬਲਕਿ ’ਵਾਇਰਸ ਪੰਜਾਬ ਦੇ’ ਹੈ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਦੇ ਓ ਐਸ ਡੀ ਰਾਜਬੀਰ ਘੁੰਮਣ ਤੇ ਸਲਾਹਕਾਰ ਬਿਭਵ ਕੁਮਾਰ ਨੂੰ ਪਾਰਟੀ ਦੀ ਸੰਸਦੀ ਮਾਮਲਿਆਂ ਬਾਰੇ ਕਮੇਟੀ ਵਿਚ ਸ਼ਾਮਲ ਕਰਨ ਬਾਰੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹਨਾਂ ਡਾਕੂਆਂ ਨੂੰ ਇਹ ਅਹੁਦੇ ਇਸ ਵਾਸਤੇ ਦਿੱਤੇ ਗਏ ਹਨ ਕਿਉਂਕਿ ਇਹ ਅਰਵਿੰਦ ਕੇਜਰੀਵਾਲ ਦੇ ਪੈਸੇ ਇਕੱਠੇ ਕਰਨ ਵਾਲੇ ਏਜੰਟ ਹਨ।ਉਹਨਾਂ ਨੇ ਇਸ ਗੱਲ ਦੀ ਵੀ ਨਿਖੇਧੀ ਕੀਤੀ ਕਿ ਗੁਲਜ਼ਾਰ ਸਿੰਘ ਜਿਸਨੇ ਮੰਤਰੀ ਹਰਪਾਲ ਚੀਮਾ ਨੂੰ ਨਸ਼ਿਆਂ ਦੇ ਬਾਰੇ ਸਵਾਲ ਕੀਤਾ, ਨੂੰ ਖੁਦਕੁਸ਼ੀ ਕਰਨ ਵਾਸਤੇ ਮਜਬੂਰ ਕੀਤਾ ਗਿਆ ਜਿਸ ਉਪਰੰਤ ਉਸਦੇ ਪਰਿਵਾਰ ਨੂੰ ਅੰਤਿਮ ਸਸਕਾਰ ਕਰਨ ਵਾਸਤੇ ਮਜਬੂਰ ਕੀਤਾ ਗਿਆ। ਉਹਨਾਂ ਕਿਹਾ ਕਿ ਪਰਿਵਾਰ ਹੁਣ ਖੁੱਲ੍ਹ ਕੇ ਆਪ ਸਰਕਾਰ ਦੇ ਖਿਲਾਫ ਆ ਗਿਆ ਹੈ ਤੇ ਗੁਲਜ਼ਾਰ ਸਿੰਘ ਵਾਸਤੇ ਨਿਆਂ ਚਾਹੁੰਦਾ ਹੈ। ਉਹਨਾਂ ਕਿਹਾ ਕਿ ਪੀੜਤ ਨੇ ਹਰਪਾਲ ਚੀਮਾ ਦੇ ਖਿਲਾਫ ਮਰਦੇ ਵਕਤ ਬਿਆਨ ਦਿੱਤਾ ਸੀ, ਇਸ ਵਾਸਤੇ ਉਹਨਾਂ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ। ਉਹਨਾਂ ਨੇ ਐਸ ਆਈ ਟੀ ਵੱਲੋਂ ਹਾਲ ਹੀ ਵਿਚ ਉਹਨਾਂ ਨੂੰ ਸੰਮਨ ਜਾਰੀ ਕਰਨ ਬਾਰੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਬੇਅਦਬੀ ਦਾ ਸਿਆਸੀਕਰਨ ਕਰਨ ਅਤੇ ਲੋਕਾਂ ਦਾ ਧਿਆਨ ਭਟਕਾਉਣ ਦਾ ਇਕ ਹੋਰ ਯਤਨ ਹੈ।
ਇਸ ਤੋਂ ਪਹਿਲਾਂ ਰੈਲੀ ਵਿਚ ਬਾਦਲ ਨੇ ਐਲਾਨ ਕੀਤਾ ਕਿ ਸਾਰੇ ਕਿਸਾਨਾਂ ਜਿਹਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਅਕਾਲੀ ਸਰਕਾਰ ਬਣਨ ’ਤੇ ਉਹਨਾਂ ਨੂੰ ਕੁਨੈਕਸ਼ਨ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਆਟਾ ਦਾਲ ਸਕੀਮ ਤਹਿਤ ਲਾਭਪਾਤਰੀਆਂ ਨੂੰ 4 ਰੁਪਏ ਕਿਲੋ ਦੀ ਦਰ ’ਤੇ 50 ਕਿਲੋ ਕਣਕ ਦਿੱਤੀ ਜਾਵੇਗੀ ਅਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ ਇਕ ਲੱਖ ਰੁਪਏ ਕੀਤੀ ਜਾਵੇਗੀ ਅਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪਿੰਡਾਂ ਵਿਚ ਲਾਲ ਡੋਰੇ ਅੰਦਰਲੇ ਸਾਰੇ ਘਰਾਂ ਦੇ ਮਾਲਕਾਨਾਂ ਹੱਕ ਪੰਜਾਬੀਆਂ ਨੂੰ ਦਿੱਤੇ ਜਾਣਗੇ। ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਐਨ ਕੇ ਸ਼ਰਮਾ, ਪਰਵਿੰਦਰ ਸਿੰਘ ਸੋਹਾਣਾ ਅਤੇ ਅਜਮੇਰ ਸਿੰਘ ਖੇੜਾ ਨੇ ਵੀ ਸੰਬੋਧਨ ਕੀਤਾ।

Comments
Post a Comment