ਸੰਯੁਕਤ ਕਿਸਾਨ ਮੋਰਚੇ ਦੇ ਨਿਰਦੇਸ਼ਾਂ ਅਨੁਸਾਰ ਸਮੁੱਚੇ ਪੰਜਾਬ ਵਿੱਚ ਐੱਸ.ਸੀ. ਤੇ ਐਕਸੀਅਨ ਦਫ਼ਤਰਾਂ ਅੱਗੇ ਰੋਸ ਧਰਨੇ—ਬਿਜਲੀ ਸਪਲਾਈ ਦੇ ਮਾੜੇ ਹਾਲ ਕਾਰਨ ਕਿਸਾਨ ਤੇ ਆਮ ਲੋਕ ਹੋ ਰਹੇ ਖੱਜਲ-ਖੁਆਰ : ਲੱਖੋਵਾਲ
ਸੰਯੁਕਤ ਕਿਸਾਨ ਮੋਰਚੇ ਦੇ ਨਿਰਦੇਸ਼ਾਂ ਅਨੁਸਾਰ ਸਮੁੱਚੇ ਪੰਜਾਬ ਵਿੱਚ ਐੱਸ.ਸੀ. ਤੇ ਐਕਸੀਅਨ ਦਫ਼ਤਰਾਂ ਅੱਗੇ ਰੋਸ ਧਰਨੇ—ਬਿਜਲੀ ਸਪਲਾਈ ਦੇ ਮਾੜੇ ਹਾਲ ਕਾਰਨ ਕਿਸਾਨ ਤੇ ਆਮ ਲੋਕ ਹੋ ਰਹੇ ਖੱਜਲ-ਖੁਆਰ : ਲੱਖੋਵਾਲ
ਘਰੇਲੂ ਬਿਜਲੀ ਦੇ ਕਈ ਮਹੀਨਿਆਂ ਦੇ ਇਕੱਠੇ ਆਏ ਬਿੱਲਾਂ ਦੀਆਂ ਕਿਸਤਾਂ ਕਰੇ ਪੰਜਾਬ ਸਰਕਾਰ
ਚੰਡੀਗੜ੍ਹ 14 ਸਤੰਬਰ ( ਰਣਜੀਤ ਧਾਲੀਵਾਲ ) : ਸੰਯੁਕਤ ਕਿਸਾਨ ਮੋਰਚਾ ਦੇ ਨਿਰਦੇਸ਼ਾਂ ਅਨੁਸਾਰ ਅੱਜ ਸਮੁੱਚੇ ਪੰਜਾਬ ਵਿੱਚ ਬਿਜਲੀ ਬੋਰਡ ਦੇ ਐੱਸ.ਸੀ. ਅਤੇ ਐਕਸੀਅਨ ਦਫ਼ਤਰਾਂ ਅੱਗੇ ਰੋਸ ਧਰਨੇ ਲਗਾ ਕੇ ਪੰਜਾਬ ਵਿੱਚ ਬਿਜਲੀ ਸਪਲਾਈ ਦੀ ਮਾੜੀ ਸਥਿਤੀ ਅਤੇ ਕਿਸਾਨਾਂ ਤੇ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਪੰਜਾਬ ਅੰਦਰ ਬਿਜਲੀ ਸਪਲਾਈ ਦਾ ਹਾਲ ਬਹੁਤ ਮਾੜਾ ਹੋ ਚੁੱਕਾ ਹੈ। ਝੋਨੇ ਦੀ ਫ਼ਸਲ ਇਸ ਸਮੇਂ ਮੁੰਜਰਾਂ ’ਤੇ ਹੈ ਅਤੇ ਇਸ ਨੂੰ ਪਾਣੀ ਦੀ ਸਖ਼ਤ ਲੋੜ ਹੈ, ਪਰ ਬਿਜਲੀ ਦੀਆਂ ਲੰਬੀਆਂ ਕਟੌਤੀਆਂ ਕਾਰਨ ਕਿਸਾਨ ਆਪਣੀਆਂ ਫ਼ਸਲਾਂ ਨੂੰ ਲੋੜ ਅਨੁਸਾਰ ਪਾਣੀ ਨਹੀਂ ਲਗਾ ਪਾ ਰਹੇ। ਇਸ ਕਾਰਨ ਕਿਸਾਨਾਂ ਨੂੰ ਫ਼ਸਲ ਦਾ ਝਾੜ ਘਟਣ ਅਤੇ ਵੱਡਾ ਆਰਥਿਕ ਨੁਕਸਾਨ ਹੋਣ ਦਾ ਖ਼ਦਸ਼ਾ ਸਤਾ ਰਿਹਾ ਹੈ।
ਲੱਖੋਵਾਲ ਨੇ ਕਿਹਾ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਅਤੇ ਬਿਜਲੀ ਦੀ ਮਾੜੀ ਸਪਲਾਈ ਕਿਸਾਨ ਨੂੰ ਆਰਥਿਕ ਪੱਖੋਂ ਹੋਰ ਕਮਜ਼ੋਰ ਕਰਨ ਵੱਲ ਲੈ ਜਾ ਰਹੀ ਹੈ। ਝੋਨੇ ਦੀ ਫ਼ਸਲ ਦੇ ਆਖਰੀ ਪਾਣੀਆਂ ਦੇ ਸਮੇਂ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਆਮ ਲੋਕ ਵੀ ਬਿਜਲੀ ਵਿਭਾਗ ਦੀ ਕਾਰਗੁਜ਼ਾਰੀ ਤੋਂ ਪ੍ਰੇਸ਼ਾਨ ਹਨ। ਕਈ ਘਰਾਂ ਦੇ ਕਈ ਮਹੀਨਿਆਂ ਤੋਂ ਬਿਜਲੀ ਦੇ ਬਿੱਲ ਨਹੀਂ ਆਏ ਅਤੇ ਹੁਣ ਕਈ ਮਹੀਨਿਆਂ ਦੇ ਬਿੱਲ ਇਕੱਠੇ ਭੇਜੇ ਜਾ ਰਹੇ ਹਨ। ਇਕੱਠਾ ਵੱਡੀ ਰਕਮ ਦਾ ਬਿੱਲ ਅਦਾ ਕਰਨਾ ਹਰ ਪਰਿਵਾਰ ਦੀ ਸਮਰੱਥਾ ਵਿੱਚ ਨਹੀਂ ਹੈ, ਜਿਸ ਕਾਰਨ ਲੋਕਾਂ ’ਤੇ ਅਚਾਨਕ ਵਿੱਤੀ ਬੋਝ ਪੈ ਗਿਆ ਹੈ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਖਪਤਕਾਰਾਂ ਦੇ ਕਈ ਮਹੀਨਿਆਂ ਦੇ ਬਿਜਲੀ ਬਿੱਲ ਇਕੱਠੇ ਆਏ ਹਨ, ਉਨ੍ਹਾਂ ਬਿੱਲਾਂ ਦੀ ਅਦਾਇਗੀ ਲਈ ਸਰਕਾਰ ਵੱਲੋਂ ਆਸਾਨ ਕਿਸ਼ਤਾਂ ਦੀ ਸਹੂਲਤ ਦਿੱਤੀ ਜਾਵੇ, ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਸੂਬਾ ਪ੍ਰਧਾਨ ਲੱਖੋਵਾਲ ਨੇ ਕਿਹਾ ਕਿ ਅੱਜ ਦੇ ਇਹ ਰੋਸ ਧਰਨੇ ਸੰਯੁਕਤ ਕਿਸਾਨ ਮੋਰਚੇ ਦੇ ਨਿਰਦੇਸ਼ਾਂ ਤਹਿਤ ਪੰਜਾਬ ਭਰ ਵਿੱਚ ਲਗਾਏ ਗਏ ਹਨ। ਸਰਕਾਰ ਨੇ ਜੇਕਰ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਇਨ੍ਹਾਂ ਜਾਇਜ਼ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

Comments
Post a Comment