HBCH&RC ਪੰਜਾਬ ਵਿੱਚ ਪਹਿਲਾ ਐਲੋਜੇਨਿਕ ਸਟੈਮ ਸੈੱਲ ਟਰਾਂਸਪਲਾਂਟ ਸਫਲ
17 ਸਾਲਾ ਭੈਣ ਨੇ ਕੈਂਸਰ ਨਾਲ ਜੂਝ ਰਹੇ 10 ਸਾਲਾ ਭਰਾ ਦੀ ਜਾਨ ਬਚਾਉਣ ਲਈ ਬੋਨ ਮੈਰੋ ਦਾਨ ਕੀਤਾ
ਨਵਾਂ ਚੰਡੀਗੜ੍ਹ 15 ਸਤੰਬਰ ( ਰਣਜੀਤ ਧਾਲੀਵਾਲ ) : ਇੱਕ 17 ਸਾਲਾ ਭੈਣ ਨੇ ਆਪਣੇ 10 ਸਾਲਾ ਭਰਾ ਨੂੰ, ਜੋ ਬਲੱਡ ਕੈਂਸਰ (ਲੂਕੇਮੀਆ) ਨਾਲ ਜੂਝ ਰਿਹਾ ਸੀ, ਆਪਣੇ ਸਟੈਮ ਸੈੱਲ ਦਾਨ ਕਰਕੇ ਉਸ ਨੂੰ ਨਵਾਂ ਜੀਵਨ ਦਿੱਤਾ, ਜਿਸ ਦੇ ਨਾਲ ਹੀ ਨਵਾਂ ਚੰਡੀਗੜ੍ਹ ਸਥਿਤ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ (HBCH&RC) ਵਿੱਚ ਪਹਿਲਾ ਸਫਲ ਐਲੋਜੇਨਿਕ ਬੋਨ ਮੈਰੋ ਟ੍ਰਾਂਸਪਲਾਂਟ (BMT) ਕੀਤਾ ਗਿਆ। ਪੱਛਮੀ ਬੰਗਾਲ ਦੇ ਦੁਰਗਾਪੁਰ ਦਾ ਰਹਿਣ ਵਾਲਾ 10 ਸਾਲਾ ਬੱਚਾ ਇਸ ਸਾਲ ਅਪ੍ਰੈਲ ਵਿੱਚ ਐਕਿਊਟ ਲਿਮਫੋਬਲਾਸਟਿਕ ਲੂਕੀਮਿਆ (ALL) ਦੇ ਦੂਜੇ ਰਿਲੈਪਸ (ਬਿਮਾਰੀ ਦੇ ਮੁੜ ਉਭਰਨ) ਤੋਂ ਪੀੜਤ ਪਾਇਆ ਗਿਆ ਸੀ। ਪਰਿਵਾਰ ਉਸਦਾ ਇਲਾਜ ਜਾਰੀ ਰੱਖਣ ਲਈ ਪੰਜਾਬ ਆਇਆ ਅਤੇ ਪਰਮਾਣੂ ਊਰਜਾ ਵਿਭਾਗ (ਭਾਰਤ ਸਰਕਾਰ) ਅਧੀਨ ਟਾਟਾ ਮੈਮੋਰੀਅਲ ਸੈਂਟਰ ਦੀ ਇਕਾਈ HBCH&RC ਵਿਖੇ ਦਾਖਲ ਹੋਇਆ। ਤੀਬਰ ਕੀਮੋਥੈਰੇਪੀ ਤੋਂ ਬਾਅਦ ਉਹ ਠੀਕ ਹੋ ਗਿਆ। ਹਾਲਾਂਕਿ, ਬਿਮਾਰੀ ਦੇ ਵਾਪਸ ਆਉਣ ਦੇ ਵੱਡੇ ਖਤਰੇ ਨੂੰ ਦੇਖਦਿਆਂ, ਸਭ ਤੋਂ ਵਧੀਆ ਇਲਾਜ ਵਜੋਂ ਇੱਕ ਐਲੋਜੇਨਿਕ ਸਟੈਮ ਸੈੱਲ ਟਰਾਂਸਪਲਾਂਟ ਦੀ ਸਿਫਾਰਸ਼ ਕੀਤੀ ਗਈ ਸੀ।
ਐਲੋਜੇਨਿਕ ਬੋਨ ਮੈਰੋ ਟਰਾਂਸਪਲਾਂਟ, ਜਿਸਨੂੰ ਸਟੈਮ ਸੈੱਲ ਟਰਾਂਸਪਲਾਂਟ ਵੀ ਕਿਹਾ ਜਾਂਦਾ ਹੈ, ਇੱਕ ਅਜਿਹਾ ਇਲਾਜ ਹੈ ਜਿਸ ਵਿੱਚ ਮਰੀਜ਼ ਦੀ ਬਿਮਾਰ ਖੂਨ-ਨਿਰਮਾਣ ਪ੍ਰਣਾਲੀ (ਬੋਨ ਮੈਰੋ) ਨੂੰ ਕਿਸੇ ਹੋਰ ਵਿਅਕਤੀ ਤੋਂ ਪ੍ਰਾਪਤ ਤੰਦਰੁਸਤ ਖੂਨ-ਨਿਰਮਾਣ ਸਟੈਮ ਸੈੱਲਾਂ ਨਾਲ ਬਦਲ ਦਿੱਤਾ ਜਾਂਦਾ ਹੈ। ਪੀਡੀਆਟ੍ਰਿਕ ਹੇਮਾਟੋਲੋਜਿਸਟ-ਆਨਕੋਲੋਜਿਸਟ ਅਤੇ BMT ਡਾਕਟਰ, ਡਾ. ਜਸਮੀਤ ਸਿੱਧੂ ਨੇ ਕਿਹਾ, "ਵਿਸਤ੍ਰਿਤ ਡੋਨਰ ਮੁਲਾਂਕਣ ਤੋਂ ਬਾਅਦ ਮਰੀਜ਼ ਦੀ ਵੱਡੀ ਭੈਣ ਨੂੰ ਸਭ ਤੋਂ ਢੁਕਵੇਂ ਡੋਨਰ ਵਜੋਂ ਪਛਾਣਿਆ ਗਿਆ। ਉਸਦੇ ਸਟੈਮ ਸੈੱਲ ਇਕੱਠੇ ਕੀਤੇ ਗਏ ਅਤੇ ਇੱਕ ਨਾੜੀ ਰਾਹੀਂ ਉਸਦੇ ਭਰਾ ਵਿੱਚ ਪਹੁੰਚਾਏ ਗਏ। ਟਰਾਂਸਪਲਾਂਟ ਕੀਤੇ ਸੈੱਲ ਸਫਲਤਾਪੂਰਵਕ ਸਥਾਪਤ ਹੋ ਗਏ ਅਤੇ, ਨੇੜਿਓਂ ਨਿਗਰਾਨੀ ਅਤੇ ਦੇਖਭਾਲ ਤੋਂ ਬਾਅਦ, ਬੱਚਾ ਹੁਣ ਤੰਦਰੁਸਤ ਹੈ ਅਤੇ ਮੰਗਲਵਾਰ ਨੂੰ ਚੰਗੀ ਸਿਹਤ ਵਿੱਚ ਹਸਪਤਾਲ ਤੋਂ ਛੁੱਟੀ ਪਾ ਚੁੱਕਾ ਹੈ। ਅਸੀਂ ਟਰਾਂਸਪਲਾਂਟ ਤੋਂ ਬਾਅਦ ਦੇ ਸਮੇਂ ਵਿੱਚ ਵੀ ਉਸਦੀ ਨੇੜਿਓਂ ਨਿਗਰਾਨੀ ਕਰਦੇ ਰਹਾਂਗੇ।"ਮੈਡੀਕਲ ਆਨਕੋਲੋਜੀ ਵਿਭਾਗ ਦੇ ਮੁਖੀ ਡਾ. ਸੀਮਾ ਗੁਲੀਆ ਨੇ ਕਿਹਾ, "ਟਰਾਂਸਪਲਾਂਟ ਲਈ ਪੂਰੀ ਯੋਜਨਾਬੰਦੀ, ਸਟੀਕ ਡੋਨਰ ਦੀ ਚੋਣ, ਇਨਫੈਕਸ਼ਨ ਤੋਂ ਬਚਾਅ ਅਤੇ ਤੀਬਰ ਸਹਾਇਕ ਦੇਖਭਾਲ ਦੀ ਲੋੜ ਹੁੰਦੀ ਹੈ। ਹਸਪਤਾਲ ਦਾ ਮੈਡੀਕਲ ਆਨਕੋਲੋਜੀ ਵਿਭਾਗ, ਜੋ ਕਿ ਇੱਕ ਸਮਰਪਿਤ ਪੀਡੀਆਟ੍ਰਿਕ ਆਨਕੋਲੋਜੀ ਯੂਨਿਟ ਨਾਲ ਲੈਸ ਹੈ, ਬਾਲਗ ਅਤੇ ਬਾਲ ਰੋਗੀਆਂ ਲਈ ਮੋਨੋਕਲੋਨਲ ਐਂਟੀਬਾਡੀਜ਼, ਕਾਇਮੈਰਿਕ ਐਂਟੀਜੇਨ ਰਿਸੇਪਟਰ ਟੀ-ਸੈੱਲ (CAR-T) ਥੈਰੇਪੀ, ਇਮਯੂਨੋਥੈਰੇਪੀ ਅਤੇ ਟਾਰਗੀਟੀਡ ਥੈਰੇਪੀ ਵਰਗੀਆਂ ਆਧੁਨਿਕ ਇਲਾਜ ਸੁਵਿਧਾਵਾਂ ਨਾਲ ਲੈਸ ਹੈ। ਇਹ ਦੱਸਣਾ ਲਾਜ਼ਮੀ ਹੈ ਕਿ ਇੱਥੇ ਇਲਾਜ ਬਹੁਤ ਜ਼ਿਆਦਾ ਸਬਸਿਡੀ ਵਾਲਾ ਹੈ।"
HBCH&RC ਪੰਜਾਬ ਦੇ ਡਾਇਰੈਕਟਰ, ਡਾ. ਆਸ਼ੀਸ਼ ਗੁਲੀਆ ਨੇ ਕਿਹਾ, " ਸਾਡੇ ਲਈ, ਇਹ ਸਿਰਫ਼ ਇੱਕ ਡਾਕਟਰੀ ਮੀਲ ਪੱਥਰ ਨਹੀਂ ਬਲਕਿ ਇੱਕ ਡੂੰਘਾ ਮਨੁੱਖੀ ਪਲ ਵੀ ਹੈ। ਭਰਾ ਅਤੇ ਭੈਣ ਦੀ ਇਹ ਕਹਾਣੀ ਉਸ ਉਮੀਦ ਨੂੰ ਦਰਸਾਉਂਦੀ ਹੈ ਜੋ ਉੱਨਤ ਕੈਂਸਰ ਦੇਖਭਾਲ ਉਹਨਾਂ ਪਰਿਵਾਰਾਂ ਨੂੰ ਦੇ ਸਕਦੀ ਹੈ ਜੋ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਪਲਾਂ ਦਾ ਸਾਹਮਣਾ ਕਰ ਰਹੇ ਹਨ। ਅਸੀਂ ਇਹ ਯਕੀਨੀ ਬਣਾਇਆ ਕਿ ਮਰੀਜ਼ ਦੇ ਪਰਿਵਾਰ ਨੂੰ ਡਾਕਟਰੀ, ਭਾਵਨਾਤਮਕ ਅਤੇ ਵਿੱਤੀ ਤੌਰ 'ਤੇ ਸਹਾਇਤਾ ਮਿਲੇ। ਹਸਪਤਾਲ ਦੀ ਮੈਡੀਕਲ ਸੋਸ਼ਲ ਵਰਕ ਟੀਮ ਨੇ ਸਰਕਾਰੀ ਸਕੀਮਾਂ ਅਤੇ ਸੀ.ਐਸ.ਆਰ. ਸਹਾਇਤਾ ਰਾਹੀਂ 14 ਲੱਖ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ, ਨਾਲ ਹੀ ਇਲਾਜ ਦੌਰਾਨ ਪਰਿਵਾਰ ਲਈ ਧਰਮਸ਼ਾਲਾ ਵਿੱਚ ਰਹਿਣ ਦਾ ਪ੍ਰਬੰਧ ਵੀ ਕੀਤਾ।"
ਡਾ. ਗੁਲੀਆ ਨੇ ਅੱਗੇ ਕਿਹਾ, "2024 ਵਿੱਚ BMT ਪ੍ਰੋਗਰਾਮ ਦੀ ਸ਼ੁਰੂਆਤ ਤੋਂ ਲੈ ਕੇ, ਹਸਪਤਾਲ ਨੇ 15 ਸਟੈਮ ਸੈੱਲ ਟਰਾਂਸਪਲਾਂਟ ਅਤੇ ਤਿੰਨ CAR-T ਸੈੱਲ ਥੈਰੇਪੀ ਇਨਫਿਊਜ਼ਨ ਕੀਤੇ ਹਨ, ਤਾਂ ਜੋ ਮੁਸ਼ਕਲ ਕੈਂਸਰਾਂ ਤੋਂ ਪੀੜਤ ਮਰੀਜ਼ਾਂ ਨੂੰ ਸੰਭਾਵੀ ਤੌਰ 'ਤੇ ਠੀਕ ਕਰਨ ਵਾਲਾ ਇਲਾਜ ਮਿਲ ਸਕੇ। ਅਸੀਂ ਪੂਰੇ ਉੱਤਰੀ ਭਾਰਤ ਵਿੱਚ ਕਿਫਾਇਤੀ ਲਾਗਤ 'ਤੇ ਵਿਸ਼ਵ ਪੱਧਰੀ ਕੈਂਸਰ ਇਲਾਜ ਪ੍ਰਦਾਨ ਕਰਨ ਲਈ ਵਚਨਬੱਧ ਹਾਂ।"

Comments
Post a Comment