ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਅਤੇ ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਅਗਵਾਈ ਹੇਠ ਨਿਸ਼ਚੈ ਸਿਵਲ ਸੇਵਾਵਾਂ ਸਿਖਲਾਈ ਕੇਂਦਰ ਸ਼ੁਰੂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਅਤੇ ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਅਗਵਾਈ ਹੇਠ ਨਿਸ਼ਚੈ ਸਿਵਲ ਸੇਵਾਵਾਂ ਸਿਖਲਾਈ ਕੇਂਦਰ ਸ਼ੁਰੂ
ਚੰਡੀਗੜ੍ਹ 25 ਜੂਨ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਉਪਰਾਲੇ ਅਤੇ ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਅਗਵਾਈ ਹੇਠ ਨਿਸ਼ਚੈ ਸਿਵਲ ਸੇਵਾਵਾਂ ਸਿਖਲਾਈ ਕੇਂਦਰ, ਚੰਡੀਗੜ੍ਹ ਵੱਲੋਂ ਸਾਬਤ ਸੂਰਤ ਸਿੱਖ ਸਿਖਿਆਰਥੀਆਂ ਨੂੰ ਸਿਵਲ ਸੇਵਾਵਾਂ ਦੀ ਮੁਫ਼ਤ ਕੋਚਿੰਗ ਪ੍ਰਦਾਨ ਕਰਨ ਹਿਤ 24 ਅਤੇ 25 ਜੂਨ, 2026 ਨੂੰ ਇੰਟਰਵਿਊ ਪ੍ਰਕਿਰਿਆ ਸਫਲਤਾ ਪੂਰਵਕ ਮੁਕੰਮਲ ਹੋਈ। ਇਸ ਇੰਟਰਵਿਊ ਲਈ ਲਿਖਤੀ ਪ੍ਰੀਖਿਆ ਵਿਚੋਂ ਮੈਰਿਟ ਹਾਸਲ ਕਰਕੇ 60 ਦੇ ਕਰੀਬ ਵਿਦਿਆਰਥੀ ਹਾਜ਼ਰ ਹੋਏ।
ਨਿਸ਼ਚੈ ਸਿਵਲ ਸੇਵਾਵਾਂ ਸਿਖਲਾਈ ਕੇਂਦਰ, ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ ਡਾ. ਰਜਿੰਦਰ ਕੌਰ ਨੇ ਇਸ ਬਾਰੇ ਦੱਸਦਿਆਂ ਕਿਹਾ ਕਿ ਇੰਟਰਵਿਊ ਦੀ ਪ੍ਰਕਿਰਿਆ ਦੌਰਾਨ ਵਿਦਿਆਰਥੀਆਂ ਦਾ ਪਹਿਲਾਂ Essay ਦਾ ਲਿਖਤੀ ਟੈਸਟ ਲੈਣ ਉਪਰੰਤ ਵਿਸ਼ਾ ਮਾਹਿਰਾਂ ਦੇ ਪੈਨਲ ਰਾਹੀਂ ਇੰਟਰਵਿਊ ਦੇ ਕੇ ਬੋਰਡ ਮੈਂਬਰਜ਼ ਡਾ. ਕਾਹਨ ਸਿੰਘ ਪੰਨੂੰ, ਸਾਬਕਾ ਆਈ.ਏ.ਐੱਸ.; ਕੇਹਰ ਸਿੰਘ, ਸਾਬਕਾ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ; ਰਾਮ ਸਿੰਘ ਮੁੰਬਈ ਉਦਯੋਗਪਤੀ ; ਲਛਮਣ ਸਿੰਘ ਮਲੂਕਾ; ਸੁਖਮਿੰਦਰ ਸਿੰਘ, ਸਕੱਤਰ ਵਿੱਦਿਆ ਦੇ ਸਨਮੁੱਖ ਸਖ਼ਸ਼ੀਅਤ ਟੈਸਟ ਪਾਸ ਕੀਤਾ। ਇਸ ਦਾਖਲਾ ਪ੍ਰਕਿਰਿਆ ਦਾ ਨਤੀਜਾ ਲਿਖਤੀ ਟੈਸਟ ਅਤੇ ਦੋਵੇਂ ਪੈਨਲਾਂ ਦੇ ਨੰਬਰਾਂ ਦੇ ਜੋੜ ਦੇ ਅਧਾਰ ਤੇ 26 ਜੂਨ 2026 ਨੂੰ ਐਲਾਨਿਆ ਜਾਵੇਗਾ। ਜਿਸ ਦੇ ਅਧਾਰ ਤੇ ਚੁਣੇ ਗਏ ਉਮੀਦਵਾਰਾਂ ਨੂੰ ਅਕੈਡਮੀ ਵਿਚ ਦਾਖਲਾ ਦੇ ਕੇ ਸਿਵਲ ਸੇਵਾਵਾਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਉੱਚ ਪੱਧਰੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸੁਖਮਿੰਦਰ ਸਿੰਘ, ਸਕੱਤਰ ਵਿੱਦਿਆ ਵੱਲੋਂ ਕੀਤਾ ਗਿਆ ਇਹ ਉਪਰਾਲਾ ਸਿੱਖ ਨੌਜਵਾਨਾਂ ਨੂੰ ਉੱਚ ਸਿੱਖਿਆ ਅਤੇ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਵਿਚ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਤਹਿਤ ਕੀਤਾ ਗਿਆ ਹੈ ਤਾਂ ਜੋ ਸਿੱਖ ਵਿਦਿਆਰਥੀ ਮਿਆਰੀ ਅਤੇ ਗੁਣਵੱਤਾਪੂਰਨ ਸਿੱਖਿਆ ਪ੍ਰਾਪਤ ਕਰਕੇ ਸਿਵਲ ਸੇਵਾਵਾਂ ਵਿਚ ਯੋਗਦਾਨ ਪਾਉਣ ਦੇ ਸਮਰੱਥ ਹੋ ਸਕਣ। ਸ਼੍ਰੋਮਣੀ ਕਮੇਟੀ ਵੱਲੋਂ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ ਦੇ ਨਾਲ ਰਿਹਾਇਸ਼ ਅਤੇ ਭੋਜਨ ਦੀਆਂ ਸਾਰੀਆਂ ਸੁਵਿਧਾਵਾਂ ਵੀ ਬਗੈਰ ਕਿਸੇ ਅਦਾਇਗੀ ਤੋਂ ਉਪਲਬਧ ਕਰਵਾਈਆਂ ਜਾਣਗੀਆਂ।
ਪ੍ਰੀਖਿਆ ਮੌਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਹੋਈ ਗੱਲਬਾਤ ਵਿਚ ਉਨ੍ਹਾਂ ਵੱਲੋਂ ਵਿਲੱਖਣ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਖ਼ੁਸ਼ੀ ਪ੍ਰਗਟ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਦਾ ਹਿੱਸਾ ਬਣਨ। ਇਸ ਨਿਸ਼ੁਲਕ ਉੱਚ ਪੱਧਰੀ ਕੋਚਿੰਗ ਨੂੰ ਪ੍ਰਾਪਤ ਕਰਕੇ ਸਾਡੇ ਬੱਚੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣਗੇ ਅਤੇ ਆਉਣ ਵਾਲੇ ਸਮੇਂ ਵਿਚ ਸਮਾਜ ਦੀ ਸੇਵਾ ਕਰ ਸਕਣਗੇ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ।

Comments
Post a Comment