ਆਮ ਆਦਮੀ ਪਾਰਟੀ ਸਰਕਾਰ ਨੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ 'ਚ ਨਾਕਾਮ ਰਹਿ ਕੇ ਵਿਸ਼ਵਾਸਘਾਤ ਕੀਤਾ : ਸੁਖਬੀਰ ਸਿੰਘ ਬਾਦਲ
ਆਮ ਆਦਮੀ ਪਾਰਟੀ ਸਰਕਾਰ ਨੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ 'ਚ ਨਾਕਾਮ ਰਹਿ ਕੇ ਵਿਸ਼ਵਾਸਘਾਤ ਕੀਤਾ : ਸੁਖਬੀਰ ਸਿੰਘ ਬਾਦਲ
ਮੁੱਖ ਮੰਤਰੀ ਸ੍ਰੀ ਅਕਾਲ ਤਖਤ ਸਾਹਿਬ ਦਾ ਸਾਹਮਣਾ ਕਰਨ ਦੀ ਬਜਾਏ ਜਨਤਕ ਸਮਾਗਮਾਂ ਲਈ ਕਿਰਾਏ ਦੀ ਭੀੜ ਇਕੱਠੀ ਕਰਨ ਵਿਚ ਵਿਆਸਤ ਹਨ, ਜਦਕਿ ਪੰਜਾਬੀ ਵੱਡੇ ਪੱਧਰ 'ਤੇ ਬਿਜਲੀ ਕੱਟਾਂ ਕਾਰਨ ਪਰੇਸ਼ਾਨ ਹਨ
ਕਿਹਾ ਕਿ ਅਸੀਂ ਰਾਜ ਦੇ ਪਿੰਡਾਂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿਚ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹਾਂ, ਨਾਲ ਹੀ ਟਿਊਬਵੈਲ ਕਨੈਕਸ਼ਨਾਂ ਲਈ 12 ਘੰਟਿਆਂ ਦੀ ਬਿਜਲੀ ਸਪਲਾਈ ਯਕੀਨੀ ਬਣਾਵਾਂਗੇ
ਚੰਡੀਗੜ੍ਹ 27 ਜੂਨ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਦੇ ਕਿਸਾਨਾਂ, ਉਦਯੋਗਾਂ ਅਤੇ ਆਮ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ, ਜਿਸ ਨਾਲ ਖੇਤੀਬਾੜੀ ਅਰਥਵਿਵਸਥਾ ਖਤਰੇ ਵਿੱਚ ਪੈ ਗਈ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨਾ ਸਿਰਫ਼ ਬਿਜਲੀ ਉਤਪਾਦਨ ਵਿੱਚ ਫੇਲ ਰਹੀ ਹੈ, ਸਗੋਂ ਮੌਜੂਦਾ ਉਤਪਾਦਨ ਅਤੇ ਵੰਡ ਪ੍ਰਣਾਲੀ ਨੂੰ ਕਾਇਮ ਰੱਖਣ ਵਿੱਚ ਵੀ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਦਸ ਵਿੱਚੋਂ ਛੇ ਥਰਮਲ ਪਲਾਂਟ ਇਕਾਈਆਂ ਤਕਨੀਕੀ ਖਰਾਬੀ ਕਾਰਨ ਬੰਦ ਪਈਆਂ ਹਨ। ਇਸੇ ਤਰ੍ਹਾਂ ਕਈ ਪਾਵਰ ਗ੍ਰਿਡ ਵੀ ਖਰਾਬ ਹੋ ਗਏ ਹਨ। ਇਸ ਦੇ ਨਤੀਜੇ ਵਜੋਂ ਵੱਡੇ ਪੱਧਰ 'ਤੇ ਬਿਜਲੀ ਗੁਲ ਹੋ ਰਹੀ ਹੈ, ਜਿਸ ਕਾਰਨ ਧਾਨ ਦੀ ਫਸਲ ਸੁੱਕ ਰਹੀ ਹੈ, ਜਦਕਿ ਬਿਜਲੀ ਨਾ ਹੋਣ ਕਰਕੇ ਲੋਕਾਂ ਦੀਆਂ ਰਾਤਾਂ ਦੀ ਨੀਂਦ ਹਰਾਮ ਹੋ ਰਹੀ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨ ਸੜਕਾਂ 'ਤੇ ਆਉਣ ਲਈ ਮਜਬੂਰ ਹੋ ਗਏ ਹਨ ਕਿਉਂਕਿ ਸਰਕਾਰ ਉਨ੍ਹਾਂ ਦੀ ਪੀੜਾ ਪ੍ਰਤੀ ਬੇਪਰਵਾਹ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਮੰਗ ਪੂਰੀ ਕਰਨ ਲਈ ਜ਼ਰੂਰੀ ਬਿਜਲੀ ਖਰੀਦਣ, ਖਰਾਬ ਟਰਾਂਸਫਾਰਮਰ ਬਦਲਣ ਜਾਂ ਪਾਵਰ ਗ੍ਰਿਡ ਦੀ ਤੁਰੰਤ ਮੁਰੰਮਤ ਕਰਨ ਵਾਸਤੇ ਕੋਈ ਯਤਨ ਨਹੀਂ ਕੀਤਾ ਜਾ ਰਿਹਾ। ਨਹਿਰਾਂ ਦਾ ਪਾਣੀ ਵੀ ਅੰਤਿਮ ਸਿਰੇ ਤੱਕ ਨਾ ਪਹੁੰਚਣਾ ਇਸ ਗੰਭੀਰ ਮੁੱਦੇ 'ਤੇ ਯੋਜਨਾ ਦੀ ਕਮੀ ਨੂੰ ਦਰਸਾਉਂਦਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਦਿੱਤਾ ਹੈ ਅਤੇ ਜਨਤਕ ਸਮਾਗਮਾਂ ਲਈ ਭੀੜ ਇਕੱਠੀ ਕਰਕੇ ਆਪਣਾ ਸਮਰਥਨ ਵਧਾਉਣ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਆਪਣੇ ਬੇਅਦਬੀ ਭਰੇ ਵਿਵਹਾਰ ਨੂੰ ਸਵਿਕਾਰ ਕਰਨ ਦੀ ਬਜਾਏ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਦੀ ਇਹ ਨਿਰਾਸ਼ਾਜਨਕ ਕੋਸ਼ਿਸ਼ ਪ੍ਰਸ਼ਾਸਨ ਨੂੰ ਪੰਗੂ ਬਣਾ ਰਹੀ ਹੈ, ਜਿਸ ਕਾਰਨ ਕਿਸਾਨ ਅਤੇ ਆਮ ਜਨਤਾ ਦੋਵੇਂ ਪਰੇਸ਼ਾਨ ਹਨ।
ਬਾਦਲ ਨੇ ਕਿਹਾ ਕਿ ਜੇ ਮੁੱਖ ਮੰਤਰੀ ਨੂੰ ਸੱਚਮੁੱਚ ਰਾਜ ਦੀ ਚਿੰਤਾ ਹੁੰਦੀ ਤਾਂ ਉਹ ਵਧਦੀ ਬਿਜਲੀ ਮੰਗ ਨੂੰ ਪੂਰਾ ਕਰਨ ਲਈ ਨਵੀਆਂ ਬਿਜਲੀ ਉਤਪਾਦਨ ਇਕਾਈਆਂ ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਵੀ ਆਪਣੇ ਕਾਰਜਕਾਲ ਦੌਰਾਨ ਇਕ ਵੀ ਮੈਗਾਵਾਟ ਬਿਜਲੀ ਸ਼ਾਮਲ ਕਰਨ ਵਿਚ ਅਸਫਲ ਰਹੀ ਸੀ। ਉਨ੍ਹਾਂ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ ਨੇ 2007 ਤੋਂ 2017 ਤੱਕ ਦੇ ਆਪਣੇ ਸ਼ਾਸਨ ਦੌਰਾਨ ਰਾਜ ਨੂੰ ਬਿਜਲੀ ਸਰਪਲੱਸ ਰਾਜ ਬਣਾ ਦਿੱਤਾ ਸੀ ਪਰ ਬਾਅਦ ਦੀਆਂ ਸਰਕਾਰਾਂ ਵਧਦੀ ਮੰਗ ਪੂਰੀ ਕਰਨ ਵਿੱਚ ਨਾਕਾਮ ਰਹੀਆਂ ਹਨ, ਜਿਸ ਕਰਕੇ ਮੌਜੂਦਾ ਸੰਕਟ ਪੈਦਾ ਹੋਇਆ ਹੈ।
ਪੰਜਾਬੀਆਂ ਨੂੰ ਇਹ ਦੱਸਦੇ ਹੋਏ ਕਿ ਬਿਜਲੀ ਉਤਪਾਦਨ ਅਤੇ ਵੰਡ ਅਗਲੀ ਅਕਾਲੀ ਦਲ ਸਰਕਾਰ ਦੀ ਸਭ ਤੋਂ ਉਚੀ ਤਰਜੀਹ ਹੋਵੇਗੀ। ਬਾਦਲ ਨੇ ਕਿਹਾ ਕਿ ਅਸੀਂ ਰਾਜ ਦੇ ਪਿੰਡਾਂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹਾਂ, ਨਾਲ ਹੀ ਟਿਊਬਵੈਲ ਕਨੈਕਸ਼ਨਾਂ ਲਈ ਦਿਨ ਵਿੱਚ 12 ਘੰਟਿਆਂ ਦੀ ਬਿਜਲੀ ਸਪਲਾਈ ਯਕੀਨੀ ਬਣਾਵਾਂਗੇ।

Comments
Post a Comment